ਪਲੇਸਮੈਂਟ ਕੈਂਪ ਦੌਰਾਨ 2 ਨੌਜਵਾਨ ਦੀ ਨੌਕਰੀ ਲਈ ਕੀਤੀ ਚੋਣ, 17 ਸ਼ਾਰਟਲਿਸਟ

District Employment Officer, S. Harpreet Singh Sidhu
ਪਲੇਸਮੈਂਟ ਕੈਂਪ ਦੌਰਾਨ 2 ਨੌਜਵਾਨ ਦੀ ਨੌਕਰੀ ਲਈ ਕੀਤੀ ਚੋਣ, 17 ਸ਼ਾਰਟਲਿਸਟ
ਰੂਪਨਗਰ, 30 ਜਨਵਰੀ 2024
ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਵਿਚ ਲਗਾਏ ਜਾਂਦੇ ਹਫਤਾਰਵਰੀ ਪਲੇਸਮੈਂਟ ਕੈਂਪਾਂ ਦੀ ਲੜੀ ਤਹਿਤ ਅੱਜ ਲਗਾਏ ਇੱਕ ਪਲੇਸਮੈਂਟ ਕੈਂਪ ਵਿੱਚ 2 ਨੌਜਵਾਨਾਂ ਦੀ ਨੌਕਰੀ ਲਈ ਕੀਤੀ ਚੋਣ ਗਈ ਅਤੇ 17 ਨੂੰ ਸ਼ਾਰਟਲਿਸਟ ਕੀਤਾ ਗਿਆ।
ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ. ਹਰਪ੍ਰੀਤ ਸਿੰਘ ਸਿੱਧੂ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਐਕਸਿਸ ਬੈਂਕ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਰੂਪਨਗਰ ਦੇ ਨਿਯੋਜਕਾਂ ਵੱਲੋਂ ਬਿਜਨਜ਼ ਡਿਵੈਲਪਮੈਂਟ ਐਗਜ਼ੀਕਿਊਟਿਵ ਅਤੇ ਅਸਿਸਟੈਂਟ ਮੈਨੇਜਰ ਦੀ ਅਸਾਮੀ ਲਈ ਗ੍ਰੇਜੂਏਟ ਜਾਂ ਪੋਸਟ ਗ੍ਰੇਜੂਏਟ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ।
ਉਨ੍ਹਾਂ ਦੱਸਿਆ ਕਿ ਬਿਜਨਜ਼ ਡਿਵੈਲਪਮੈਂਟ ਐਗਜ਼ੀਕਿਊਟਿਵ ਦੀ ਅਸਾਮੀ ਲਈ ਜਿਨ੍ਹਾਂ ਉਮੀਦਵਾਰਾਂ ਨੇ ਰੈਗੂਲਰ ਦਸਵੀਂ, ਬਾਰਵੀਂ ਅਤੇ ਗਰੇਜੂਏਸ਼ਨ 45 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ, ਇਹ ਇਸ ਕੈਂਪ ਵਿੱਚ ਭਾਗ ਲੈ ਸਕਦੇ ਸਨ। ਇਸੇ ਤਰ੍ਹਾਂ ਅਸਿਸਟੈਂਟ ਮੈਨੇਜਰ ਦੀ ਅਸਾਮੀ ਲਈ ਜਿਨ੍ਹਾਂ ਉਮੀਦਵਾਰਾਂ ਨੇ ਦਸਵੀਂ, ਬਾਰਵੀਂ ਅਤੇ ਗਰੇਜੂਏਸ਼ਨ 50 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ ਅਤੇ ਘੱਟੋ-ਘੱਟ 2 ਤੋਂ 4 ਸਾਲ ਦਾ ਸੇਲਜ਼ ਵਿੱਚ ਤਜਰਬਾ ਅਤੇ ਚੰਗੇ ਕਮਿਊਨਿਕੇਸ਼ਨ ਸਕਿੱਲ ਰੱਖਦੇ ਹੋਣ, ਉਹ ਇਸ ਕੈਂਪ ਵਿੱਚ ਭਾਗ ਲੈ ਸਕਦੇ ਸਨ।
ਸ. ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਬਿਜਨਜ਼ ਡਿਵੈਲਪਮੈਂਟ ਐਗਜ਼ੀਕਿਊਟਿਵ ਦੀ ਅਸਾਮੀ ਲਈ ਚੁਣੇ ਗਏ ਉਮੀਦਵਾਰਾਂ ਦੀ ਤਨਖਾਹ 2.24 ਤੋਂ 4.40 ਲੱਖ ਪ੍ਰਤੀ ਸਾਲ ਅਤੇ ਇੰਨਸੈਂਟਿਵ ਵੀ ਮਿਲਣਯੋਗ ਹੋਣਗੇ। ਇਸੇ ਤਰ੍ਹਾਂ ਅਸਿਸਟੈਂਟ ਮੈਨੇਜਰ ਦੀ ਅਸਾਮੀ ਲਈ ਚੁਣੇ ਗਏ ਉਮੀਦਵਾਰਾਂ ਦੀ ਤਨਖਾਹ 7 ਤੋਂ 9 ਲੱਖ ਪ੍ਰਤੀ ਸਾਲ ਹੋਵੇਗੀ। ਉਨ੍ਹਾਂ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਦੇ ਕੰਮ ਕਰਨ ਦਾ ਸਥਾਨ ਰੂਪਨਗਰ, ਮੋਹਾਲੀ ਅਤੇ ਚੰਡੀਗੜ੍ਹ ਹੋਵੇਗਾ। ਇਸ ਕੈਂਪ ਵਿੱਚ 20 ਸਾਲ ਤੋਂ 33 ਸਾਲ ਤੱਕ ਦੋਵੇਂ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਕੈਂਪ ਵਿੱਚ 33 ਉਮੀਦਵਾਰਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋ 2 ਉਮੀਦਵਾਰਾਂ ਦੀ ਮੌਕੇ ਤੇ ਹੀ ਚੋਣ ਕੀਤੀ ਗਈ ਅਤੇ 13 ਉਮੀਦਵਾਰਾਂ ਨੂੰ ਬਿਜਨਜ਼ ਡਿਵੈਲਪਮੈਂਟ ਐਗਜ਼ੀਕਿਊਟਿਵ ਦੀ ਅਸਾਮੀ ਲਈ ਸ਼ਾਰਟਲਿਸਟ ਕੀਤਾ ਗਿਆ ਅਤੇ 4 ਉਮੀਦਵਾਰਾਂ ਨੂੰ ਅਸਿਸਟੈਂਟ ਮੈਨੇਜਰ ਦੀ ਅਸਾਮੀ ਲਈ ਸ਼ਾਰਟਲਿਸਟ ਕੀਤਾ ਗਿਆ ।
ਮੀਨਾਕਸ਼ੀ ਬੇਦੀ ਪਲੇਸਮੈਂਟ ਅਫਸਰ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਆਯੋਜਿਤ ਕੀਤੇ ਜਾਂਦੇ ਇਨ੍ਹਾਂ ਪਲੇਸਮੈਂਟ ਕੈਂਪਾਂ ਵਿੱਚ ਜ਼ਰੂਰ ਭਾਗ ਲੈਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 8557010066 ਤੇ ਸੰਪਰਕ ਕੀਤਾ ਜਾ ਸਕਦਾ ਹੈ।
Spread the love