ਪਸ਼ੂ ਪਾਲਣ ਮਾਹਰ ਡਾ. ਸਤਬੀਰ ਸਿੰਘ ਨੇ ਜਾਨਵਰਾਂ ਨੂੰ ਸ਼ੀਤ ਲਹਿਰ ਤੋਂ ਬਚਾਉਣ ਲਈ ਨੁਕਤੇ ਸਾਂਝੇ ਕੀਤੇ 

ਰੂਪਨਗਰ, 15 ਜਨਵਰੀ 
ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕੜਾਂਕਰ ਦੀ ਠੰਡ ਅਤੇ ਸੀਤ ਲਹਰ ਨੇ ਜਿੱਥੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਹੀ ਪਸ਼ੂਆਂ ਨੂੰ ਠੰਡ ਦੇ ਕਹਿਰ ਸਹਿਣਾ ਪੈ ਰਿਹਾ ਹੈ। ਇਸ ਮੌਸਮ ਨੂੰ ਦੇਖਦਿਆਂ ਕ੍ਰਿਸ਼ੀ ਵਿਗਆਨ ਕੇਂਦਰ, ਰੋਪੜ ਦੇ ਡਿਪਟੀ ਡਾਇਰੈਕਟਰ ਤੇ ਪਸ਼ੂ ਪਾਲਣ ਮਾਹਰ ਡਾ. ਸਤਬੀਰ ਸਿੰਘ ਨੇ ਪਸ਼ੂਆਂ ਨੂੰ ਠੰਢ ਤੋਂ ਬਚਾਅ ਲਈ ਨੁਕਤੇ ਸਾਂਝੇ ਕੀਤੇ।
ਉਨ੍ਹਾਂ ਦੱਸਿਆ ਕਿ ਅੱਜ ਕੱਲ੍ਹ ਵੱਧ ਤੋਂ ਵੱਧ ਤਾਪਮਾਨ 10.9 ਡਿਗਰੀ ਤੇ ਘੱਟ ਤੋਂ ਘੱਟ ਤਾਪਮਾਨ 2.4 ਡੀਗਰੀ ਮਾਪਿਆ ਗਿਆ ਹੈ, ਪਸ਼ੂਆਂ ਨੂੰ ਠੰਡ ਦੇ ਪ੍ਰਕੋਪ ਤੋਂ ਬਚਾਊਣ ਲਈ ਆਪਣੇ ਪਸ਼ੂਆਂ ਨੂੰ ਸੁੱਕੀ ਥਾਂ ਤੇ ਬੰਨ੍ਹੋ। ਉਨ੍ਹਾਂ ਥੱਲੇ ਵਿਛਾਈ ਸੁੱਕ ਗਿੱਲੀ ਹੋ ਜਾਵੇ ਤਾਂ ਬਦਲ ਦਿਓ।
ਉਨ੍ਹਾਂ ਦੱਸਿਆ ਕਿ ਨਵਜੰਮੇ ਕੱਟੜੂ-ਵੱਛੜੂ ਠੰਡ ਵਿੱਚ ਜਲਦੀ ਨਮੂਨੀਏ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜ਼ਿਆਦਾ ਮੌਤਾਂ ਇਸ ਕਾਰਨ ਹੀ ਹੁੰਦੀਆਂ ਹਨ। ਨਵ ਜਨਮੇ ਕੱਟੜੂ/ਵੱਛੜੂ ਨੂੰ 4 ਦਿਨ ਤੋਂ 3 ਮਹੀਨੇ ਦੀ ਉਮਰ ਤੱਕ ਟ੍ਰਾਂਜ਼ਿਸ਼ਨ ਫੀਡ ਦੀ ਵਰਤੋਂ ਕਰੋ ਅਤੇ ਹਰਾ ਚਾਰਾ ਨਾ ਪਾਓ। ਉਨ੍ਹਾਂ ਨੂੰ ਸਾਫ਼-ਸੁਥਰੀ ਸੁੱਕੀ ਜਗ੍ਹਾ ਉਤੇ ਰੱਖੋ, ਰਾਤ ਨੂੰ ਪਸ਼ੂਆਂ ਨੂੰ ਅੰਦਰ ਰੱਖੋ ਅਤੇ ਦਿਨੇ ਧੁੱਪ ਵਿੱਚ ਬੰਨ੍ਹੋ ਜੇ ਲੋੜ ਪਵੇ ਤਾਂ ਸ਼ੈੱਡ ਦੇ ਪਾਸਿਆਂ ਉਤੇ ਪੱਲੀ ਵੀ ਲਾਈ ਜਾ ਸਕਦੀ ਹੈ। ਜ਼ਿਆਦਾ ਠੰਡ ਵਿੱਚ ਪਸ਼ੂਆਂ ਉਪਰ ਝੁੱਲ ਵੀ ਪਾਏ ਜਾ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਪਸ਼ੂਆਂ ਨੂੰ ਸਵੇਰੇ-ਸ਼ਾਮ ਦੁੱਧ ਚੋਣ ਵੇਲੇ ਦੇਖਣਾ ਚਾਹੀਦਾ ਹੈ ਜੇ ਪਸ਼ੂ ਤਾਰਾਂ ਕਰਦਾ ਹੋਵੇ ਤਾਂ ਉਸ ਨੂੰ ਗਰਭਦਾਨ ਦਾ ਟੀਕਾ ਲਗਵਾਉਣਾ ਚਾਹੀਦਾ ਹੈ। ਪਸ਼ੂਆਂ ਦਾ ਦੁੱਧ ਚੋਣ ਤੋਂ ਬਾਅਦ ਥਣਾਂ ਉਪਰ ਦੁੱਧ ਨਾ ਲਗਾਓ। ਫਟੇ ਹੋਏ ਜਾਂ ਜਖਮੀ ਥਣਾਂ ਨੂੰ ਗਲਿਸਰੀਨ ਅਤੇ ਬੀਟਾਡੀਨ  (1:4) ਦੇ ਘੋਲ ਵਿੱਚ ਡੋਬਾ ਦੇ ਕੇ ਠੀਕ ਕੀਤਾ ਜਾ ਸਕਦਾ ਹੈ।
ਡਾ. ਸਤਬੀਰ ਨੇ ਦੱਸਿਆ ਪਸ਼ੂਆਂ ਨੂੰ ਅਫ਼ਾਰੇ ਤੋਂ ਬਚਾਉਣ ਲਈ ਕੁਤਰੀ ਹੋਈ ਬਰਸੀਮ ਵਿੱਚ ਤੂੜੀ ਰਲਾ ਕੇ ਖੁਆਉਣੀ ਚਾਹੀਦੀ ਹੈ ਅਤੇ ਗਿਲ੍ਹੇ ਚਾਰੇ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਸਰਦੀਆਂ ਵਿੱਚ ਪਸ਼ੂ ਖੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ ਘਟਾਈ ਜਾ ਸਕਦੀ ਹੈ ਕਿਉਂਕਿ ਬਰਸੀਮ, ਲੂਸਣ, ਰਾਈ ਘਾਹ ਆਦਿ ਚਾਰਿਆਂ ਵਿੱਚ 19-21% ਪ੍ਰੋਟੀਨ ਕੁਦਰਤੀ ਹੁੰਦੀ ਹੈ। ਪਸ਼ੂਆਂ ਨੂੰ ਇਕੱਲੀ ਪਰਾਲੀ ਨਾ ਪਾਓ ਕਿਉਂਕਿ ਪਰਾਲੀ ਵਿੱਚ ਮਿੱਟੀ ਹੋਣ ਕਰਕੇ ਪਸੂਆਂ ਨੂੰ ਮੋਕ ਵੀ ਲੱਗ ਸਕਦੀ ਹੈ ਅਤੇ ਦੇਗਨਾਲਾ ਬਿਮਾਰੀ ਵੀ ਹੋ ਸਕਦੀ ਹੈ। ਵੱਡੇ ਪਸ਼ੂਆਂ ਅਤੇ ਇੱਕ ਮਹੀਨੇ ਤੋਂ ਉੱਪਰ ਦੇ ਬੱਚਿਆਂ ਨੂੰ ਮੂੰਹ-ਖ਼ੁਰ ਦੇ ਟੀਕੇ ਲਗਵਾਓ, 15 ਦਿਨ ਦੇ ਛੋਟੇ ਕਟੜੂ/ਵਛੜੂ ਮਲੱਪ ਰਹਿਤ ਕਰੋ।
ਪਸ਼ੂ ਪਾਲਣ ਵਿਗਆਨ ਦੇ ਸਹਯੋਗੀ ਪ੍ਰੋਫੈਸਰ ਡਾ. ਅਪਰਨਾ ਨੇ ਕਿਹਾ ਕਿ ਸੂਣ ਦੇ ਨੇੜੇ ਗੱਭਣ ਪਸ਼ੂ ਦੀ ਖੁਰਾਕ ਵਿੱਚ 812 ਗ੍ਰਾਮ ਨਾਇਆਸਿਨ, 15-30 ਗ੍ਰਾਮ ਕੋਲੀਨ ਕਲੋਰਾਈਡ ਅਤੇ 500 ਯੂਨਿਟ ਵਿਟਾਮਿਨ ਈ ਪਾਓ, ਗਰਭ ਕਾਲ ਦੇ ਅਖੀਰਲੇ 21 ਦਿਨਾਂ ਦੌਰਾਨ ਨਮਕ, ਮਿੱਠਾ ਸੋਡਾ, ਧਾਤਾਂ ਦਾ ਚੂਰਾ ਜਾਂ ਕੈਲਸ਼ੀਅਮ ਕਿਸੇ ਵੀ ਰੂਪ ਵਿੱਚ ਨਾ ਦਿਓ। ਸੁਤਕੀ ਬੁਖਾਰ ਤੋਂ ਬਚਾਅ ਲਈ ਇਕੱਲੇ ਫਲੀਦਾਰ ਚਾਰੇ ਨਾ ਪਾਓ ਅਤੇ ਵਿੱਚ ਕੋਈ ਹੋਰ ਚਾਰਾ ਜਾਂ ਸਾਈਲੇਜ ਮਿਕਸ ਕਰ ਕੇ ਪਾਓ।
ਉਨ੍ਹਾਂ ਦੱਸਿਆ ਕਿ ਮੁਰਗੀ ਫਾਰਮ ਦੇ ਸ਼ੈੱਡ ਦੇ ਛਾਂ ਵਾਲੇ ਪਾਸੇ ਤੇ ਪਰਦੇ ਲਗਾਓ ਅਤੇ ਧੁੱਪ ਵਾਲਾ ਪਾਸਾ ਖੁੱਲਾ ਰੱਖੋ ਤਾਂ ਜੋ ਅਮੋਨੀਆ ਗੈਸ ਦਾ ਨਿਕਾਸ ਹੁੰਦਾ ਰਹੇ। ਸ਼ੈੱਡ ਅੰਦਰ ਤਾਪਮਾਨ 75 ਡਿਗਰੀ ਫਾਰਨਹੀਟ ਤੋਂ ਥੱਲੇ ਨਹੀਂ ਜਾਣਾ ਚਾਹੀਦਾ। ਨਮੀ ਵਧਾਉਣ ਲਈ ਬੁਖਾਰੀ ਆਦਿ ਕੋਲ ਪਾਣੀ ਦੀ ਬਾਲਟੀ ਵਗੈਰਾ ਰੱਖੋ ਜਿਸ ਵਿੱਚੋ ਪਾਣੀ ਵਾਸ਼ਪੀਕਰਨ ਹੋ ਕੇ ਨਮੀ ਵਧਾ ਦਿੰਦਾ ਹੈ। ਨਮੀ ਦੀ ਮਾਤਰਾ 65% ਦੇ ਕਰੀਬ ਰੱਖੋ। ਜੇ ਠੰਡ ਜ਼ਿਆਦਾ ਹੋਵੇ ਤਾਂ ਪਰਦੇ ਦੋਹਰੇ ਕਰ ਦੇਣੇ ਚਾਹੀਦੇ ਹਨ। ਚੂਚਿਆਂ ਨੂੰ ਉਮਰ ਮੁਤਾਬਕ ਨਿੱਘ ਦੇਣਾ ਚਾਹੀਦਾ ਹੈ। ਪਹਿਲੇ ਹਫ਼ਤੇ ਬਰੂਡਰ ਥੱਲੇ ਤਾਪਮਾਨ 90-95 ਡਿਗਰੀ ਫਾਰਨਹੀਟ ਹੋਣਾ ਚਾਹੀਦਾ ਹੈ ਅਤੇ ਹਰ ਹਫ਼ਤੇ 5 ਡਿਗਰੀ ਘਟਾਉਂਦੇ ਜਾਣਾ ਚਾਹੀਦਾ ਹੈ ਜਾਂ ਤਾਪਮਾਨ ਅੰਦਾਜ਼ੇ ਅਨੁਸਾਰ ਵੀ ਘਟਾ ਸਕਦੇ ਹੋ।
ਮੁਰਗੀਆਂ ਦੀ ਖੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ ਵਧਾਉਣ ਲਈ ਸੋਇਆਬੀਨ ਆਦਿ ਪਾਓ ਅਤੇ ਦਾਣੇ ਵਿੱਚ ਕੌਕਸੀਡਿਉਸਟੇਟ ਪਾਉ ਤਾਂ ਜੋ ਖੂਨੀ ਦਸਤ ਤੋਂ ਮੁਰਗੀਆਂ ਨੂੰ ਬਚਾਇਆ ਜਾ ਸਕੇ। ਜੇ ਮੁਰਗੀਆਂ ਡੂੰਘੀ ਸੁੱਕ ਵਿਧੀ ਰਾਹੀਂ ਪਾਲੀਆਂ ਜਾ ਰਹੀਆਂ ਹਨ ਤਾਂ ਸੁੱਕ ਨੂੰ ਹਫ਼ਤੇ ਵਿੱਚ 2-3 ਵਾਰੀ ਫ਼ੋਲੋ ਤਾਂ ਜੋ ਸੁੱਕ ਨੂੰ ਖੁਸ਼ਕ ਰੱਖਿਆ ਜਾ ਸਕੇ। ਆਂਡੇ ਦੇ ਰਹੀਆਂ ਮੁਰਗੀਆਂ ਨੂੰ 16 ਘੰਟੇ ਰੌਸ਼ਨੀ ਅਤੇ ਵੱਧ ਰਹੇ ਚੂਚਿਆਂ ਨੂੰ 20-24 ਘੰਟੇ ਰੌਸ਼ਨੀ ਦਿਓ।