ਜਲਾਲਾਬਾਦ, ਫਾਜ਼ਿਲਕਾ, 4 ਜੂਨ 2021
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾ `ਤੇ ਝੋਨੇ ਦੀ ਸਿਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲੜੀ ਤਹਿਤ ਅੱਜ ਐਸ.ਡੀ.ਐਮ. ਸ. ਸੂਬਾ ਸਿੰਘ ਵੱਲੋਂ ਕਿਸਾਨ ਜ਼ਸਬੀਰ ਸਿੰਘ ਪਿੰਡ ਚੱਕ ਮੰਨੇ ਵਾਲਾ ਦੇ ਖੇਤ ਵਿਚ ਝੋਨੇ ਦੀ ਸਿਧੀ ਬਿਜਾਈ ਕਰਵਾਈ ਗਈ।
ਇਸ ਦੌਰਾਨ ਐਸ.ਡੀ.ਐਮ. ਨੇ ਦੱਸਿਆ ਕਿ ਝੋਨੇ ਦੀ ਸਿਧੀ ਬਿਜਾਈ ਕਰਨ ਨਾਲ 20 ਤੋਂ 25 ਫੀਸਦੀ ਪਾਣੀ ਦੀ ਬਚਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਬੀਜੇ ਝੋਨੇ ਨੂੰ ਕੀੜੇ-ਮਕੋੜੇ ਅਤੇ ਬਿਮਾਰੀਆਂ ਦਾ ਖਤਰਾ ਵੀ ਘੱਟ ਹੁੰਦਾ ਹੈ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਤਕਨੀਕ ਨੂੰ ਅਪਣਾ ਕੇ ਝੋਨੇ ਦੀ ਸਿਧੀ ਬਿਜਾਈ ਕੀਤੀ ਜਾਵੇ ਜਿਸ ਨਾਲ ਫਸਲ ਦਾ ਝਾੜ ਵੀ ਵੱਧ ਪ੍ਰਾਪਤ ਹੋਵੇ ਅਤੇ ਫਾਲਤੂ ਦੇ ਖਰਚਿਆਂ ਤੋਂ ਵੀ ਬਚਤ ਹੋਵੇ।
ਇਸ ਦੌਰਾਨ ਬਲਾਕ ਖੇਤੀਬਾੜੀ ਅਫਸਰ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਕਿਸਾਨਾਂ ਲਈ ਖੇਤੀ ਖਰਚੇ ਘਟਾਉਣੇ ਸਮੇਂ ਦੀ ਮੁੱਖ ਲੋੜ ਹੈ ਅਤੇ ਇਹ ਤਕਨੀਕ ਇਸ ਦਿਸ਼ਾ ਵਿਚ ਸਹਾਇਕ ਸਿੱਧ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿਧੀ ਬਿਜਾਈ ਭਾਰੀਆਂ ਅਤੇ ਦਰਮਿਆਣੀਆਂ ਜਮੀਨਾਂ ਵਿਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੇ ਚਲਦਿਆਂ ਅਸੀਂ ਅਗੇ ਹੀ ਮਹਾਂਮਾਰੀ ਨਾਲ ਜੂਝ ਰਹੇ ਹਾਂ ਸੋ ਸਾਨੂੰ ਝੋਨੇ ਦੀ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ ਫਾਲਤੂ ਦੇ ਖਰਚਿਆਂ ਤੋਂ ਵੀ ਬਚਣਾ ਚਾਹੀਦਾ ਹੈ।
ਇਸ ਮੌਕੇ ਤਹਿਸੀਲਦਾਰ ਸ੍ਰੀ ਸ਼ੀਸ਼ਪਾਲ ਤੋਂ ਇਲਾਵਾ ਹੋਰ ਵਿਭਾਗੀ ਅਧਿਕਾਰੀ ਮੌਜੂਦ ਸਨ।