ਪਾਰਲੀ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕਰਨ ਲਈ ਪ੍ਰਚਾਰ ਵੈਨਾਂ ਨੂੰ ਚੇਅਰਮੈਨ ਰਮਨ ਬਹਿਲ ਨੇ ਕੀਤਾ ਰਵਾਨਾ
ਗੁਰਦਾਸਪੁਰ, 22 ਸਤੰਬਰ-
ਖੇਤਾਂ ਵਿਚ ਰਹਿੰਦ-ਖੂੰਹਦ ਨੂੰ ਲਗਾਈ ਜਾਣ ਵਾਲੀ ਅੱਗ ਨੂੰ ਰੋਕਣ ਲਈ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਵੈਨਾਂ ਸ਼਼ੁਰੂ ਕਰ ਦਿੱਤੀਆਂ ਹਨ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਅੱਜ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਦੇ ਦਫ਼ਤਰ ਤੋਂ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਕੰਵਲਪ੍ਰੀਤ ਸਿੰਘ, ਖੇਤੀਬਾੜੀ ਅਧਿਕਾਰੀ ਡਾ. ਰਣਧੀਰ ਸਿੰਘ ਠਾਕੁਰ ਸਮੇਤ ਹੋਰ ਖੇਤੀ ਅਧਿਕਾਰੀ ਮੌਜੂਦ ਸਨ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਵੈਨਾਂ ਰਵਾਨਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖੇਤਾਂ ਵਿਚ ਲਗਾਈ ਅੱਗ ਕਿਸੇ ਵੀ ਪੱਖ ਤੋਂ ਫਾਇਦੇਮੰਦ ਨਹੀਂ ਹੈ ਕਿਉਂਕਿ ਇਸ ਅੱਗ ਨਾਲ ਜਿੱਥੇ ਮਿੱਟੀ, ਹਵਾ ਤੇ ਪਾਣੀ ਵਰਗੀਆਂ ਕੁਦਰਤੀ ਦਾਤਾਂ ਦੂਸ਼ਿਤ ਹੁੰਦੀਆਂ ਹਨ ਉਥੇ ਕਿਸਾਨਾਂ ਦੀ ਆਪਣੀ ਸਿਹਤ ਸਮੇਤ ਸਮੁੱਚੇ ਸਮਾਜ ਦੀ ਸਿਹਤ `ਤੇ ਵੀ ਮਾਰੂ ਅਸਰ ਪੈਂਦਾ ਹੈ। ਸ੍ਰੀ ਬਹਿਲ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣਾ ਵੀ ਇਕ ਸੱਚੀ ਭਗਤੀ ਹੈ ਇਸ ਲਈ ਅੱਜ ਹਰੇਕ ਕਿਸਾਨ ਨੂੰ ਚਾਹੀਦਾ ਹੈ ਕਿ ਉਹ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਸਮਝੇ ਅਤੇ ਕਿਸੇ ਵੀ ਕੀਮਤ `ਤੇ ਖੇਤਾਂ ਵਿਚ ਅੱਗ ਨਾ ਲਗਾਏ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਸਬਸਿਡੀ `ਤੇ ਮਸ਼ੀਨਰੀ ਮੁਹੱਈਆ ਕਰਵਾਈ ਗਈ ਹੈ ਤਾਂ ਜੋ ਕਿਸਾਨ ਇਸ ਮਸ਼ੀਨਰੀ ਦੀ ਵਰਤੋਂ ਕਰਕੇ ਰਹਿੰਦ-ਖੂੰਹਦ ਨੂੰ ਅੱਗ ਲਗਾਏ ਬਗੈਰ ਹੀ ਅਸਾਨੀ ਨਾਲ ਇਸ ਦਾ ਨਿਪਟਾਰਾ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਦੀ ਖੁਸ਼ਹਾਲੀ ਲਈ ਵਚਨਬੱਧ ਹੈ ਜਿਸ ਤਹਿਤ ਸਰਕਾਰ ਨੇ ਕਣਕ ਦੀ ਖਰੀਦ ਮੌਕੇ ਵੀ ਕਿਸੇ ਕਿਸਾਨ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਸੀ ਅਤੇ ਹੁਣ ਝੋਨੇ ਦੀ ਖਰੀਦ ਵੀ ਪੂਰੇ ਪਾਰਦਰਸ਼ੀ ਢੰਗ ਨਾਲ ਸਹੀ ਸਮੇਂ `ਤੇ ਅਤੇ ਪੂਰੇ ਰੇਟ `ਤੇ ਹੋਵੇਗੀ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਕੰਵਲਪ੍ਰੀਤ ਸਿੰਘ ਨੇ ਕਿਹਾ ਕਿ ਵਿਭਾਗ ਦੀਆਂ ਟੀਮਾਂ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਤਹਿਤ ਪਿੰਡਾਂ ਵਿਚ ਕੈਂਪ ਲਗਾਉਣ ਸਮੇਤ ਹਰੇਕ ਸੰਭਵ ਢੰਗ ਵਰਤਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਵਿਭਾਗ ਦਾ ਹਰੇਕ ਅਧਿਕਾਰੀ ਤੇ ਕਰਮਚਾਰੀ ਕੋਈ ਵੀ ਛੁੱਟੀ ਕੀਤੇ ਬਗੈਰ ਕੰਮ ਕਰ ਰਿਹਾ ਹੈ ਤਾਂ ਜੋ ਇਸ ਅਹਿਮ ਮੁਹਿੰਮ ਨੂੰ ਸਫਲ ਬਣਾਇਆ ਜਾ ਸਕੇ। ਇਸ ਮੌਕੇ ਸੁੱਚਾ ਸਿੰਘ ਮੁਲਤਾਨੀ, ਭਾਰਤ ਭੂਸ਼ਣ ਸ਼ਰਮਾ, ਕੇਸ਼ਵ ਬਹਿਲ ਸਮੇਤ ਹੋਰ ਮੋਹਤਬਰ ਅਤੇ ਵਿਭਾਗ ਦੇ ਅਧਿਕਾਰੀ ਕਰਮਚਾਰੀ ਮੌਜੂਦ ਸਨ।