ਕਰੋਨਾ ਮੁਕਤ ਪਿੰਡ ਅਭਿਆਨ
ਜ਼ਿਲੇ ਦੇ 9 ਬਲਾਕਾਂ ਦੇ 9 ਪਿੰਡਾਂ ਵਿੱਚ ਰੋਜ਼ਾਨਾ ਲਗਾਏ ਜਾਣਗੇ ਟੈਸਟਿੰਗ ਕੈਂਪ
#ਬਠਿੰਡਾ, 19 ਮਈ , 2021 – ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪਿੰਡਾਂ ’ਚ ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਸ਼ੁਰੂ ਕੀਤੀ ਗਈ ਕਰੋਨਾ ਮੁਕਤ ਪਿੰਡ ਅਭਿਆਨ ਤਹਿਤ ਜ਼ਿਲੇ ਦੇ ਪਿੰਡਾਂ ਵਿੱਚ ਰੋਜ਼ਾਨਾ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਸਿਹਤ ਵਿਭਾਗ ਵੱਲੋਂ ਲਗਾਏ ਜਾ ਰਹੇ ਇਨਾਂ ਕੈਂਪਾਂ ਦੌਰਾਨ ਜ਼ਿਲੇ ਦੇ 9 ਬਲਾਕਾਂ ’ਚ ਪੈਂਦੇ ਵੱਖ-ਵੱਖ 9 ਪਿੰਡਾਂ ਵਿੱਚ ਰੋਜ਼ਾਨਾ ਕੈਂਪ ਲਗਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲੇ ਅਧੀਨ ਪੈਂਦੇ ਕੁੱਲ 318 ਪਿੰਡਾਂ ’ਚ ਕਰੋਨਾ ਟੈਸਟਿੰਗ ਦਾ ਕੰਮ 16 ਜੂਨ ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨਾਂ ਇਹ ਵੀ ਦੱਸਿਆ ਕਿ ਸਭ ਤੋਂ ਪਹਿਲਾਂ ਜ਼ਿਆਦਾ ਕਰੋਨਾ ਪ੍ਰਭਾਵਿਤ ਪਿੰਡਾਂ ਵਿੱਚ ਕੈਂਪ ਲਗਾਏ ਜਾਣਗੇ, ਤਾਂ ਜੋ ਇਸ ਮਹਾਂਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।
ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ ਨੇ ਰੋਜ਼ਾਨਾ ਲਗਾਏ ਜਾ ਰਹੇ ਇਨਾਂ ਕੈਂਪਾਂ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁੱਧਵਾਰ ਨੂੰ ਸੰਗਤ ਬਲਾਕ ਦੇ ਪਿੰਡ ਸੇਂਖੂ, ਬਲਾਕ ਗੋਨਿਆਣਾ ਦੇ ਪਿੰਡ ਬਰਕੰਦੀ, ਬਲਾਕ ਬਠਿੰਡਾ ਦੇ ਪਿੰਡ ਭਾਗੂ, ਬਲਾਕ ਭਗਤਾ ਭਾਈਕਾ ਦੇ ਪਿੰਡ ਆਦਮਪੁਰਾ, ਬਲਾਕ ਫੂਲ ਦੇ ਪਿੰਡ ਭਾਈਰੂਪਾ ਖੁਰਦ, ਬਲਾਕ ਮੌੜ ਦੇ ਪਿੰਡ ਮਾਣਕਖਾਨਾ, ਬਲਾਕ ਤਲਵੰਡੀ ਸਾਬੋ ਦੇ ਪਿੰਡ ਬੰਗੀ ਨਿਹਾਲ ਸਿੰਘ, ਬਲਾਕ ਨਥਾਣਾ ਦੇ ਪਿੰਡ ਭੁੱਚੋ ਕਲਾਂ ਅਤੇ ਬਲਾਕ ਰਾਮਪੁਰਾ ਦੇ ਪਿੰਡ ਗਿੱਲਕਲਾਂ ਵਿਖੇ ਵਿਸ਼ੇਸ਼ ਕੈਂਪ ਲਗਾਏ ਗਏ।
ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਨੇ ਹੋਰ ਦੱਸਿਆ ਕਿ ਇਨਾਂ ਕੈਂਪਾਂ ਦੌਰਾਨ ਆਮ ਲੋਕਾਂ ਨੰੂ ਕਰੋਨਾ ਮਹਾਂਮਾਰੀ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ ਗਿਆ। ਇਸ ਦੌਰਾਨ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਕਰੋਨਾ ਟੈਸਟਿੰਗ ਲਈ ਭਰਵਾਂ ਹੰੁਗਾਰਾ ਦਿੱਤਾ ਜਾ ਰਿਹਾ ਹੈ।