ਪਿੰਡਾਂ ਵਿੱਚ ਕਰੋਨਾ ਪ੍ਰਤੀ ਜਾਗਰੂਕਤਾ, ਟੈਸਟਿੰਗ ਤੇ ਟੀਕਾਕਰਨ ਤੇਜ਼ ਕੀਤਾ ਜਾਵੇ-ਸੇਤੀਆ

ਇਕਾਂਤਵਾਸ ਵਿੱਚ ਲੋਕਾਂ ਦੇ ਇਲਾਜ,ਟਰੈਕਿੰਗ, ਕਰੋਨਾ ਕਿੱਟ ਦਾ ਰੱਖਿਆ ਜਾਵੇ ਵਿਸੇਸ ਖਿਆਲ
ਜਿਲ੍ਹਾ ਕੋਵਿਡ ਮੈਨੇਜਮੈਂਟ ਕਮੇਟੀ ਦੀ ਜਿਲ੍ਹਾ ਪੱਧਰੀ ਮੀਟਿੰਗ ਵਿੱਚ ਕਰੋਨਾ ਦੀ ਰੋਕਥਾਮ ਲਈ ਹੋਈ ਵਿਚਾਰ ਚਰਚਾ
ਫਰੀਦਕੋਟ 20 ਮਈ , 2021 – ਡਿਪਟੀ ਕਮਿਸਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਸਿਹਤ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਮਾਲ ਵਿਭਾਗ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ ਦਿੱਤੇ ਕਿ ਸਹਿਰਾਂ ਵਾਂਗ ਪੇਂਡੂ ਖੇਤਰਾਂ ਵਿੱਚ ਵੀ ਕਰੋਨਾ ਮਹਾਂਮਾਰੀ ਦੀ ਰੋਕਥਾਮ ਅਤੇ ਇਸ ਦੇ ਟਾਕਰੇ ਲਈ ਲੋਕਾਂ ਨੂੰ ਜਾਗਰੂਕ ਕਰਨ, ਵੱਧ ਤੋਂ ਵੱਧ ਟੈਸਟਿੰਗ ਕਰਨ ਤੋਂ ਇਲਾਵਾ ਟੀਕਾਕਰਨ ਮੁਹਿੰਮ ਨੂੰ ਵੀ ਹੋਰ ਤੇਜ ਕੀਤਾ ਜਾਵੇ। ਇਸ ਸਬੰਧੀ ਡਿਪਟੀ ਕਮਿਸਨਰ ਨੇ ਅੱਜ ਜਿਲ੍ਹਾ ਕੋਵਿਡ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਕੀਤੀ ਤੇ ਅਧਿਕਾਰੀਆਂ ਨੂੰ ਪੇਂਡੂ ਖੇਤਰਾਂ ਵਿੱਚ ਵੀ ਕਰੋਨਾ ਦੀ ਰੋਕਥਾਮ ਲਈ ਸਖਤ ਕਦਮ ਚੁੱਕਣ ਦੇ ਆਦੇਸ ਦਿੱਤੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜਿੱਥੇ ਲੋਕਾਂ ਨੂੰ ਵੱਖ ਵੱਖ ਪ੍ਰਚਾਰ ਸਾਧਨਾਂ, ਸੋਸ਼ਲ ਮੀਡੀਆ,ਪ੍ਰੈਸ, ਜਨਤਕ ਮੁਨਿਆਦੀ ਆਦਿ ਰਾਹੀਂ ਕਰੋਨਾ ਤੋਂ ਬਚਾਓ ਸਬੰਧੀ ਸਾਵਧਾਨੀਆਂ ਵਰਤਣ, ਟੈਸਟਿੰਗ ਅਤੇ ਟੀਕਾਕਰਨ ਕਰਵਾਉਣ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਦੇ ਸਰਪੰਚਾਂ ਅਤੇ ਪੰਚਾਇਤਾਂ ਨੂੰ ਵੀਡੀਓ ਕਾਨਫਰਸਿੰਗ ਰਾਹੀਂ ਸੰਬੋਧਨ ਕਰਕੇ ਪਿੰਡਾਂ ਵਿੱਚ ਕਰੋਨਾ ਦੀ ਰੋਕਥਾਮ ਲਈ ਪੰਚਾਇਤਾਂ ਤੇ ਆਮ ਲੋਕਾਂ ਤੋਂ ਜਿੱਥੇ ਸਹਿਯੋਗ ਮੰਗਿਆਂ, ਉੱਥੇ ਹੀ ਉਨ੍ਹਾਂ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਜਿਹੜੀ ਪੰਚਾਇਤ ਆਪਣੇ ਪਿੰਡ ਦਾ 100 ਪ੍ਰਤੀਸ਼ਤ ਟੀਕਾਕਰਨ ਕਰਵਾਏਗੀ ਉਸ ਨੂੰ 10 ਲੱਖ ਰੁਪਏ ਗਰਾਂਟ ਵਿਕਾਸ ਕਾਰਜਾਂ ਲਈ ਦਿੱਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਪਿੰਡਾਂ ਵਿੱਚ ਟੈਸਟਿੰਗ, ਟੀਕਾਕਰਨ ਲੋਕਾਂ ਨੂੰ ਜਾਗਰੂਕ ਕਰਨ ਇਕਾਂਤਵਾਸ ਹੋਏ ਲੋਕਾਂ, ਟਰੈਕਿੰਗ ਤੇ ਉਨ੍ਹਾਂ ਦੇ ਇਲਾਜ ਆਦਿ ਲਈ ਪੰਚਾਇਤਾਂ ਤੋਂ ਇਲਾਵਾ ਯੂਥ ਕਲੱਬਾਂ ਤੇ ਪਿੰਡ ਵਾਸੀਆਂ ਦਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਇਸ ਕੰਮ ਵਿੱਚ ਸਿਹਤ ਵਿਭਾਗ ਦੇ ਨਾਲ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੁਲਿਸ ਵਿਭਾਗ ਆਦਿ ਨੂੰ ਵਿਸ਼ੇਸ਼ ਭੂਮਿਕਾ ਨਿਭਾਉਣ ਦੇ ਆਦੇਸ਼ ਵੀ ਦਿੱਤੇ।
Spread the love