ਮਾਜਰੀ, 12 ਅਗਸਤ 2021
ਮੁੱਖ ਖੇਤੀਬਾੜੀ ਅਫ਼ਸਰ ਐਸ.ਏ.ਐਸ. ਨਗਰ ਡਾ. ਰਾਜੇਸ਼ ਕੁਮਾਰ ਰਹੇਜਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਫ਼ਸਰ ਮਾਜਰੀ ਡਾ. ਗੁਰਬਚਨ ਸਿੰਘ ਦੀ ਅਗਵਾਈ ਹੇਠ ਪਿੰਡ ਹਰਨਾਮਪੁਰ ਅਤੇ ਖੇੜਾ ਬਲਾਕ ਮਾਜਰੀ ਵਿਖੇ ਮੱਛੀ ਪਾਲਣ ਵਿਭਾਗ ਦੇ ਸਹਿਯੋਗ ਨਾਲ ਆਤਮਾ ਸਕੀਮ ਅਧੀਨ ਮੱਛੀ ਦੇ ਪੂੰਗ ਦਾ ਪ੍ਰਦਰਸ਼ਨੀ ਪਲਾਂਟ ਲਾਇਆ ਗਿਆ। ਇਸ ਦੌਰਾਨ ਪਾਲਣਯੋਗ ਮੱਛੀਆਂ ਦਾ ਪੂੰਗ ਮੌਕੇ ਉਤੇ ਤਲਾਬ ਵਿੱਚ ਛੱਡਿਆ ਗਿਆ।
ਇਸ ਮੌਕੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਐਸ.ਏ.ਐਸ. ਨਗਰ ਕੇ. ਸੰਜੀਵ ਨੰਗਲ ਨੇ ਦੱਸਿਆ ਕਿ ਆਤਮਾ ਸਕੀਮ ਅਧੀਨ ਇਸ ਧੰਦੇ ਦੀ ਮਦਦ ਨਾਲ ਬਲਾਕ ਮਾਜਰੀ ਦੇ 2 ਪਿੰਡਾਂ (ਹਰਨਾਮਪੁਰ ਅਤੇ ਖੇੜਾ) ਦੇ ਕਿਸਾਨਾਂ ਦੀ ਚੋਣ ਕੀਤੀ ਗਈ ਅਤੇ ਮੌਕੇ ਉਤੇ 40,000 ਪ੍ਰਤੀ ਪੌਂਡ ਦੀ ਸਟਾਕਿੰਗ ਕਰਦੇ ਹੋਏ ਡੈਸੋਟਰੇਸ਼ਨ ਕੀਤੀ ਗਈ ਅਤੇ ਦੱਸਿਆ ਕਿ ਪ੍ਰਧਾਨ ਮੰਤਰੀ ਮੱਤਸਯਾ ਸੰਪਦਾ ਯੋਜਨਾ ਅਧੀਨ ਉੱਘੇ ਕਿਸਾਨਾਂ ਤੋਂ ਲੈ ਕੇ ਲੇਬਰ ਕੈਟਾਗਰੀ ਵਾਸਤੇ ਵੱਖ-ਵੱਖ ਸਕੀਮਾਂ ਅਧੀਨ ਸਬਸਿਡੀ/ਲੋਨ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜਿਸ ਵਿੱਚ ਮੁੱਖ ਤੌਰ ਉਤੇ ਔਰਤਾਂ/ਐਸ.ਸੀ./ਐਸ.ਟੀ. ਨੂੰ 60 ਫੀਸਦੀ ਸਬਸਿਡੀ ਅਤੇ ਜਨਰਲ (ਆਦਮੀ) ਨੂੰ 40 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜੇ ਕੋਈ ਵੀ ਵਿਅਕਤੀ ਪੰਚਾਇਤੀ ਜ਼ਮੀਨ ਘੱਟੋ-ਘੱਟ 7 ਸਾਲ ਲਈ ਲੀਜ਼ ਉਤੇ ਲੈਂਦਾ ਹੈ ਤਾਂ ਉਸ ਨੂੰ ਵੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਸੀਨੀਅਰ ਮੱਛੀ ਪਾਲਣ ਅਫ਼ਸਰ ਜਤਿੰਦਰ ਸਿੰਘ ਨੇ ਵੱਖ-ਵੱਖ ਮੱਛੀ ਦੇ ਬੀਜ (ਪੂੰਗ) ਬਾਰੇ ਅਤੇ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਡਾ. ਅਨੁਰਾਧਾ ਸ਼ਰਮਾ ਨੇ ਕਿਸਾਨਾਂ ਨੂੰ ਸਹਾਇਕ ਧੰਦਿਆਂ ਨੂੰ ਅਪਨਾਉਣ ਵਾਸਤੇ ਪ੍ਰੇਰਿਤ ਕੀਤਾ। ਮੱਛੀ ਅਫ਼ਸਰ ਮਿਸ ਜਗਦੀਪ ਕੌਰ ਨੇ ਉਨ੍ਹਾਂ ਦੇ ਵਿਭਾਗ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਦੱਸਿਆ। ਇਸ ਮੌਕੇ ਏ.ਟੀ.ਐਮ. ਜਸਵੰਤ ਸਿੰੰਘ, ਏ.ਟੀ.ਐਮ. ਸਿਮਰਨਜੀਤ ਕੌਰ ਅਤੇ ਕਿਸਾਨ ਆਦੀਪ ਸਿੰਘ ਆਦਿ ਹਾਜ਼ਰ ਸਨ।