ਪੀਲੀ ਕੁੰਗੀ ਬਿਮਾਰੀ ਦੇ ਸੰਕਰਮਣ, ਵਿਕਾਸ ਅਤੇ ਫੈਲਣ ਲਈ ਮੌਸਮ ਦੀਆਂ ਸਥਿਤੀਆ ਅਨੁਕੂਲ – ਡਾ. ਗੁਰਬਚਨ ਸਿੰਘ

Dr. Gurbachan Singh
ਪੀਲੀ ਕੁੰਗੀ ਬਿਮਾਰੀ ਦੇ ਸੰਕਰਮਣ, ਵਿਕਾਸ ਅਤੇ ਫੈਲਣ ਲਈ ਮੌਸਮ ਦੀਆਂ ਸਥਿਤੀਆ ਅਨੁਕੂਲ - ਡਾ. ਗੁਰਬਚਨ ਸਿੰਘ
ਰੂਪਨਗਰ, 4 ਫਰਵਰੀ 2024
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਬਚਨ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਪੀਲੀ ਕੁੰਗੀ ਬਿਮਾਰੀ ਅਤੇ ਚੇਪੇ ਦੇ ਹਮਲੇ ਦਾ ਕਣਕ ਦੀ ਫਸਲ ਤੇ ਧਿਆਨ ਰੱਖਿਆ ਜਾਵੇ।
ਪਿੰਡ ਅਬਿਆਣਾ ਬਲਾਕ ਨੂਰਪੁਰਬੇਦੀ ਵਿਖੇ ਕਿਸਾਨ ਸ. ਕੁਲਵੰਤ ਸਿੰਘ ਦੀ ਕਣਕ ਦੀ ਫਸਲ ਕਿਸਮ ਪੀ ਬੀ ਡਬਲਿਊ 303 ਦਾ ਨਿਰੀਖਣ ਕਰਦੇ ਹੋਏ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਹੁਣ ਬਾਰਿਸ਼ ਤੋਂ ਬਾਅਦ ਧੁੱਪ ਨਿਕਲਣ ਤੇ ਕਣਕ ਦੀ ਫ਼ਸਲ ਤੇ ਪੀਲੀ ਕੁੰਗੀ ਦੀ ਬਿਮਾਰੀ ਦੇ ਸੰਕਰਮਣ, ਵਿਕਾਸ ਅਤੇ ਫੈਲਣ ਲਈ ਮੌਸਮ ਦੀਆਂ ਸਥਿਤੀਆ ਅਨੁਕੂਲ ਹਨ।
ਉਨ੍ਹਾਂ ਦੱਸਿਆ ਕਿ ਤਾਪਮਾਨ ਦੇ ਵੱਧਣ ਨਾਲ ਚੇਪੇ ਦਾ ਹਮਲਾ ਵੀ ਹੋ ਸਕਦਾ ਹੈ। ਇਸ ਲਈ ਕਿਸਾਨ ਸੁਚੇਤ ਰਹਿਕੇ ਫਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ ਅਤੇ ਕੀੜੇ, ਬਿਮਾਰੀ ਦੀ ਪਛਾਣ ਕਰਕੇ ਤਰੁੰਤ ਖੇਤੀ ਮਾਹਿਰ ਦੀ ਸਲਾਹ ਨਾਲ ਸਪਰੇਅ ਕੀਤਾ ਜਾਵੇ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਇਸ ਤੋਂ ਇਲਾਵਾ ਹੁਣ ਕਣਕ ਦੀ ਫ਼ਸਲ ਨੂੰ ਦਾਣੇ ਭਰਨ ਸਮੇਂ ਵੱਧ ਤਾਪਮਾਨ ਤੋਂ ਬਚਾਉਣ ਅਤੇ ਝਾੜ ਵਧਾਉਣ ਲਈ 2% ਪੋਟਾਸ਼ੀਅਮ ਨਾਈਟ੍ਰੇਟ (13:0:45)  (4 ਕਿਲੋਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ) ਜਾਂ 15 ਗ੍ਰਾਮ ਸੈਲੀਸਾਈਲਿਕ ਈਥਾਈਲ ਨੂੰ 450 ਮਿਲੀਲਿਟਰ ਈਥਾਈਲ ਅਲਕੋਹਲ ਵਿੱਚ ਘੋਲਣ ਉਪਰੰਤ 200 ਲਿਟਰ ਪਾਣੀ ਵਿੱਚ ਘੋਲਕੇ ਪ੍ਰਤੀ ਏਕੜ ਪਹਿਲਾ ਛਿੜਕਾਅ ਗੋਭ ਵਾਲਾ ਪੱਤਾ ਨਿਕਲਣ ਜਾਂ ਬੂਰ ਪੈਣ ਸਮੇਂ ਕਰੋ ਅਤੇ ਦੂਸਰਾ ਸਿੱਟੇ ਵਿੱਚ ਦੁੱਧ ਪੈਣ ਸਮੇਂ ਕਰੋ।
ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਅਗਰ ਕਿਸੇ ਵੀ ਫਸਲ ਤੇ ਕੀੜੇ, ਬਿਮਾਰੀਆਂ ਦੇ ਹਮਲੇ ਸਬੰਧੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਖੇਤੀਬਾੜੀ ਵਿਭਾਗ ਦੇ ਕਰਮਚਾਰੀ , ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ ਅਤੇ ਜੋ ਵੀ ਕੀਟ, ਉਲੀ ਨਾਸ਼ਕ ਦਵਾਈ ਦੀ ਸਪਰੇਅ ਕਰਨੀ ਹੈ ਉਸ ਦਾ ਬਿੱਲ ਦੁਕਾਨਦਾਰ ਤੋਂ ਜਰੂਰ ਲਿਆ ਜਾਵੇ।
ਇਸ ਮੌਕੇ ਵਿਭਾਗ ਦੇ ਸਮਸ਼ੇਰ ਸਿੰਘ ਏ.ਐਸ ਆਈ ਨੂਰਪੁਰਬੇਦੀ ਅਤੇ ਹੋਰ ਕਿਸਾਨ ਹਾਜ਼ਰ ਸਨ।
Spread the love