ਪੁਲਿਸ ਅਧਿਕਾਰੀਆਂ ਤੇ ਜਵਾਨਾਂ ਦੀ ਸ਼ਹਾਦਤ ਸਾਡੇ ਲਈ ਪ੍ਰੇਰਨਾ ਸਰੋਤ-ਐਸ. ਐਸ. ਪੀ ਅਲਕਾ ਮੀਨਾ

nawanshahr police

*ਜ਼ਿਲਾ ਪੁਲਿਸ ਨੇ ਪੁਲਿਸ ਯਾਦਗਾਰੀ ਦਿਵਸ ਮੌਕੇ ਸ਼ਹੀਦਾਂ ਨੂੰ ਕੀਤਾ ਯਾਦ
*ਪੁਲਿਸ ਹੈੱਡਕੁਆਰਟਰ ਵਿਖੇ ਜ਼ਿਲਾ ਪੱਧਰੀ ਸਮਾਗਮ ਦੌਰਾਨ ਸੋਗ ਪਰੇਡ ਵੱਲੋਂ ਦਿੱਤੀ ਗਈ ਸਲਾਮੀ
ਨਵਾਂਸ਼ਹਿਰ, 21 ਅਕਤੂਬਰ :
ਜ਼ਿਲਾ ਪੁਲਿਸ ਵੱਲੋਂ ਅੱਜ ਐਸ. ਐਸ. ਪੀ ਅਲਕਾ ਮੀਨਾ ਦੀ ਅਗਵਾਈ ਵਿਚ ਪੁਲਿਸ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਜ਼ਿਲਾ ਪੁਲਿਸ ਹੈੱਡਕੁਆਰਟਰ ਵਿਖੇ ਪੁਲਿਸ ਯਾਦਗਾਰੀ ਦਿਵਸ ਮੌਕੇ ਜ਼ਿਲਾ ਪੱਧਰੀ ਸਮਾਗਮ ਦੌਰਾਨ ‘ਸੋਗ ਪਰੇਡ’ ਕੀਤੀ ਗਈ। ਐਸ. ਐਸ. ਪੀ ਅਲਕਾ ਮੀਨਾ ਨੇ ਇਸ ਮੌਕੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਪੁਲਿਸ ਜਵਾਨਾਂ ਅਤੇ ਅਰਧ ਸੈਨਿਕ ਬਲਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬ ਵਿਚੋਂ ਕਾਲੇ ਦੌਰ ਦਾ ਖ਼ਾਤਮਾ ਕਰ ਕੇ ਸ਼ਾਂਤੀ ਦੀ ਬਹਾਲੀ ਕਰਨ ਵਿਚ ਪੁਲਿਸ ਅਧਿਕਾਰੀਆਂ ਤੇ ਜਵਾਨਾਂ ਦੀ ਬਹਾਦਰੀ ਭਰੀ ਗਾਥਾ ਲਾਮਿਸਾਲ ਅਤੇ ਅਭੁੱਲ ਹੈ। ਉਨਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਤੇ ਜਵਾਨਾਂ ਦੀ ਸ਼ਹਾਦਤ ਸਾਡੇ ਲਈ ਪ੍ਰੇਰਨਾ ਸਰੋਤ ਹੈ ਅਤੇ ਸਾਨੂੰ ਹਰ ਪਲ ਇਹ ਯਾਦ ਕਰਵਾਉਂਦੀ ਹੈ ਕਿ ਦੇਸ਼ ਨੂੰ ਜੇਕਰ ਸਾਡੀ ਵੀ ਕੁਰਬਾਨੀ ਦੀ ਲੋੜ ਪਵੇ ਤਾਂ ਕਦੇ ਵੀ ਪਿੱਛੇ ਨਹੀਂ ਹਟਾਂਗੇ। ਉਨਾਂ ਦੱਸਿਆ ਕਿ 21 ਅਕਤੂਬਰ 1959 ਨੂੰ ਲੱਦਾਖ ਨੇੜੇ ਹਾਟ ਸਪਰਿੰਗਜ਼ ਵਿਖੇ ਦੇਸ਼ ਦੀ ਰਾਖੀ ਲਈ ਸ਼ਹੀਦ ਹੋਏ ਪੁਲਿਸ ਜਵਾਨਾਂ ਦੀ ਯਾਦ ਵਿਚ 1960 ਤੋਂ ਅੱਜ ਦੇ ਦਿਨ ਨੂੰ ਪੁਲਿਸ ਸ਼ਹੀਦੀ ਯਾਦਗਾਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨਾਂ ਦੱਸਿਆ ਕਿ ਜ਼ਿਲਾ ਪੁਲਿਸ ਵੱਲੋਂ ਇਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ 15 ਅਕਤੂਬਰ ਤੋਂ 21 ਅਕਤੂਬਰ ਤੱਕ ਮਨਾਏ ਗਏ ਪੁਲਿਸ ਸ਼ਹੀਦੀ ਦਿਵਸ ਹਫ਼ਤੇ ਦੌਰਾਨ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ, ਜਿਨਾਂ ਵਿਚ ਸ਼ਹੀਦਾਂ ਦੇ ਪਰਿਵਾਰਾਂ ਦੇ ਸਨਮਾਨ, ਪੁਲਿਸ ਬੈਂਡ, ਮਿੰਨੀ ਮੈਰਾਥਨ ਅਤੇ ਪੌਦੇ ਲਗਾਉਣਾ ਆਦਿ ਸ਼ਾਮਿਲ ਸੀ।
ਐਸ. ਪੀ (ਹੈੱਡਕੁਆਰਟਰ) ਮਨਵਿੰਦਰ ਬੀਰ ਸਿੰਘ ਨੇ ਇਸ ਮੌਕੇ ਪਿਛਲੇ ਇਕ ਸਾਲ ਦੌਰਾਨ ਸ਼ਹੀਦ ਹੋਏ ਦੇਸ਼ ਦੇ 264 ਪੁਲਿਸ ਅਤੇ ਅਰਧ ਸੈਨਿਕ ਬਲਾਂ ਅਤੇ ਅੱਤਵਾਦ ਦੌਰਾਨ ਸ਼ਹੀਦ ਹੋਏ ਜ਼ਿਲੇ ਦੇ 27 ਪੁਲਿਸ ਤੇ ਹੋਮਗਾਰਡ ਜਵਾਨਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬ ਵਿਚ ਕਾਲੇ ਦੌਰ ਦੌਰਾਨ 1785 ਪੁਲਿਸ ਤੇ ਹੋਮ ਗਾਰਡ ਜਵਾਨਾਂ ਅਤੇ 262 ਪਰਿਵਾਰਕ ਮੈਂਬਰਾਂ ਨੂੰ ਏਕਤਾ ਤੇ ਅਖੰਡਤਾ ਦੀ ਲੜਾਈ ਦੌਰਾਨ ਆਪਣੀਆਂ ਜਾਨਾਂ ਦੀ ਕੁਰਬਾਨੀ ਦੇਣੀ ਪਈ। ਉਨਾਂ ਦੱਸਿਆ ਕਿ ਪੰਜਾਬ ਦੇ ਕਾਲੇ ਦਿਨਾਂ ਦੌਰਾਨ ਸ਼ਹੀਦ ਹੋਏ ਜ਼ਿਲੇ ਦੇ ਪੁਲਿਸ ਅਤੇ ਹੋਮ ਗਾਰਡ ਜਵਾਨਾਂ ਵਿਚ ਇੰਸਪੈਕਟਰ ਹਰਜੀਤ ਸਿੰਘ, ਐਸ. ਆਈ ਪ੍ਰੇਮ ਚੰਦ, ਹਰਦਿਆਲ ਸਿੰਘ ਤੇ ਗਿਆਨ ਚੰਦ, ਏ. ਐਸ. ਆਈ ਪ੍ਰਕਾਸ਼ ਚੰਦ ਰਾਮ ਸਰੂਪ ਤੇ ਅਵਤਾਰ ਸਿੰਘ, ਮੁੱਖ ਸਿਪਾਹੀ ਪ੍ਰਵੀਨ ਕੁਮਾਰ, ਬਲਦੇਵ ਸਿੰਘ, ਰਾਮਜੀ ਦਾਸ, ਜਸਪਾਲ ਸਿੰਘ ਤੇ ਕਰਮ ਚੰਦ, ਸੀ-2 ਹੁਸਨ ਲਾਲ, ਸਿਪਾਹੀ ਰੋਸ਼ਨ ਲਾਲ, ਪਰਮਜੀਤ ਸਿੰਘ, ਜਸਵੀਰ ਰਾਮ, ਕੇਵਲ ਿਸ਼ਨ, ਸਦਾ ਰਾਮ, ਕੇਵਲ ਸਿੰਘ, ਗੁਰਦਾਵਰ ਰਾਮ, ਤੇ ਜਗਦੀਸ਼ ਸਿੰਘ, ਪੀ. ਐਚ. ਜੀ ਅਜੀਤ ਸਿੰਘ, ਸੁਸ਼ੀਲ ਕੁਮਾਰ, ਅਵਤਾਰ ਸਿੰਘ ਤੇ ਸੋਮ ਨਾਥ, ਐਸ. ਪੀ. ਓ ਅਮਰਜੀਤ ਸਿੰਘ ਤੇ ਦਿਲਬਾਗ ਸਿੰਘ ਸ਼ਾਮਿਲ ਸਨ।
ਇਸ ਮੌਕੇ ਡੀ. ਐਸ. ਪੀ (ਹੈੱਡਕੁਆਰਟਰ) ਨਵਨੀਤ ਕੌਰ ਗਿੱਲ ਦੀ ਅਗਵਾਈ ਵਿਚ ਸੋਗ ਪਰੇਡ ਦੌਰਾਨ ਪੁਲਿਸ ਜਵਾਨਾਂ ਵੱਲੋਂ ਹਥਿਆਰ ਉਲਟੇ ਕਰ ਕੇ ਸੋਗ ਸਲਾਮੀ ਦਿੱਤੀ ਗਈ ਅਤੇ ਸਮਾਗਮ ਵਿਚ ਮੌਜੂਦ ਸਾਰੇ ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਵੱਲੋਂ ਮੌਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਐਸ. ਐਸ. ਪੀ ਅਲਕਾ ਮੀਨਾ ਵੱਲੋਂ ਜ਼ਿਲਾ ਹੈੱਡਕੁਆਰਟਰ ਵਿਖੇ ਸ਼ਹੀਦਾਂ ਦੀ ਯਾਦ ਵਿਚ ਪੌਦਾ ਵੀ ਲਗਾਇਆ ਗਿਆ। ਇਸ ਮੌਕੇ ਐਸ. ਪੀ (ਡੀ) ਵਜ਼ੀਰ ਸਿੰਘ ਖਹਿਰਾ, ਐਸ. ਪੀ (ਆਪ੍ਰੇਸ਼ਨ) ਅਨਿਲ ਕੁਮਾਰ ਤੋਂ ਇਲਾਵਾ ਸਮੂਹ ਡੀ. ਐਸ. ਪੀਜ਼ ਅਤੇ ਐਸ. ਐਚ. ਓਜ਼ ਹਾਜ਼ਰ ਸਨ।
ਕੈਪਸ਼ਨਾਂ :
-ਸ਼ਹੀਦ ਪੁਲਿਸ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਐਸ. ਐਸ. ਪੀ ਅਲਕਾ ਮੀਨਾ।
-ਡੀ. ਐਸ. ਪੀ ਨਵਨੀਤ ਕੌਰ ਗਿੱਲ ਦੀ ਅਗਵਾਈ ਵਿਚ ਪੁਲਿਸ ਟੁਕੜੀ ਸੋਗ ਸਲਾਮੀ ਦਿੰਦੀ ਹੋਈ।
-ਸਮਾਗਮ ਮੌਕੇ ਸੰਬੋਧਨ ਕਰਦੇ ਹੋਏ ਐਸ. ਐਸ. ਪੀ ਅਲਕਾ ਮੀਨਾ।
-ਸ਼ਹੀਦ ਜਵਾਨਾਂ ਦੀ ਯਾਦ ਵਿਚ ਪੁਲਿਸ ਹੈੱਡਕੁਆਰਟਰ ਵਿਖੇ ਪੌਦਾ ਲਗਾਉਂਦੇ ਹੋਏ ਐਸ. ਐਸ. ਪੀ ਅਲਕਾ ਮੀਨਾ।

Spread the love