ਫਿਰੋਜ਼ਪੁਰ, 24 ਫਰਵਰੀ 2025
ਸ਼੍ਰੀ ਕ੍ਰਿਸ਼ਨ ਲਾਲ ਲੋਟਾ ਮੈਮੋਰੀਅਲ ਲਾਇਬਰੇਰੀ ਅਤੇ ਬੁੱਕ ਬੈਂਕ ਗੁਰੂਹਰਸਾਏ ਵੱਲੋਂ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ‘ਪੇਂਡੂ ਲਾਇਬਰੇਰੀਆਂ: ਸਥਿਤੀ ਅਤੇ ਸੰਭਾਵਨਾਵਾਂ’ ਵਿਸ਼ੇ ਉੱਤੇ ਵਿਚਾਰ ਚਰਚਾ ਕੀਤੀ ਗਈ । ਇਸ ਵਿਚਾਰ ਚਰਚਾ ਵਿੱਚ ਲਾਇਬਰੇਰੀ ਦੇ ਮੁੱਖ ਸੰਚਾਲਕ ਵਿਪਨ ਲੋਟਾ ਅਤੇ ਲਾਇਬਰੇਰੀ ਦੇ ਮੈਂਬਰ ਜਸਪਾਲ ਸਿੰਘ, ਵਿਨੇਸ਼ ਗਿਲਹੋਤਰਾ, ਜਗਸੀਰ ਕੁਮਾਰ ਹਰਪ੍ਰੀਤ ਸਿੰਘ, ਦੀਪਕ ਬਿੰਦਰਾ, ਗੁਰਮੀਤ ਰਾਜ ਥਿੰਦ, ਲਖਵਿੰਦਰ ਸ਼ਰਮਾ ਤੋਂ ਇਲਾਵਾ ਸਹਿਤ ਸਭਾ ਗੁਰੂਹਰਸਹਾਏ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੀੜ ਅਤੇ ਅਧਿਆਪਕ ਕੋਮਲ ਸ਼ਰਮਾ ਹਾਜ਼ਰ ਸਨ।
ਇਸ ਸਬੰਧੀ ਵਿਚਾਰ ਚਰਚਾ ਕਰਦਿਆਂ ਵਿਪਨ ਲੋਟਾ ਅਤੇ ਉਹਨਾਂ ਦੇ ਸਾਥੀਆਂ ਨੇ ਕਿਹਾ ਕਿ ਉਹ ਨੌਜਵਾਨ ਪੀੜ੍ਹੀ ਅਤੇ ਵਿਦਿਆਰਥੀਆਂ ਨੂੰ ਸਹੀ ਸੇਧ ਦੇਣ ਲਈ ਨਿਰੰਤਰ ਅਜਿਹੇ ਉਪਰਾਲੇ ਕਰ ਰਹੇ ਹਨ ਅਤੇ ਉਹਨਾਂ ਨੂੰ ਭਾਸ਼ਾ ਵਿਭਾਗ, ਪੰਜਾਬ ਤੋਂ ਵੀ ਸਹਿਯੋਗ ਚਾਹੀਦਾ ਹੈ। ਵਿਨੇਸ਼ ਗਿਲਹੋਤਰਾ ਨੇ ਕਿਹਾ ਕਿ ਉਹ ਲਾਇਬਰੇਰੀ ਲਈ ਚੰਗੀਆਂ ਕਿਤਾਬਾਂ ਖਰੀਦਣੀਆਂ ਚਾਹੁੰਦੇ ਹਨ ਪ੍ਰੰਤੂ ਉਹਨਾਂ ਕੋਲ ਕੋਈ ਵੀ ਅਜਿਹਾ ਸਾਧਨ ਨਹੀਂ ਜਿਸ ਤੋਂ ਪਤਾ ਲੱਗ ਜਾਵੇ ਕਿ ਕਿਹੜੀਆਂ ਕਿਤਾਬਾਂ ਦੀ ਚੋਣ ਕੀਤੀ ਜਾਵੇ। ਇਸ ਸੰਬੰਧੀ ਸਾਰੇ ਹੀ ਮੈਂਬਰਾਂ ਨੇ ਇੱਕ ਮੱਤ ਹੋ ਕੇ ਕਿਹਾ ਕਿ ਚੰਗੀਆਂ ਕਿਤਾਬਾਂ ਦੀ ਚੋਣ ਕਰਨੀ ਇੱਕ ਮਹੱਤਵਪੂਰਨ ਵਿਸ਼ਾ ਹੈ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਲੈਕਚਰਾਰ ਦਵਿੰਦਰ ਨਾਥ ਨੇ ਕਿਹਾ ਕਿ ਵਰਤਮਾਨ ਵਿਗਿਆਨਿਕ ਯੁੱਗ ਵਿੱਚ ਵਿਦਿਆਰਥੀਆਂ ਨੂੰ ਨਵੀਂ ਤਕਨੀਕ ਅਤੇ ਵਿਗਿਆਨ ਦੇ ਹਾਣੀ ਬਣਾਉਣ ਲਈ ਵੀ ਲਾਇਬ੍ਰੇਰੀਆਂ ਵਿੱਚ ਕਿਤਾਬਾਂ ਅਤੇ ਹੋਰ ਸਾਧਨ ਹੋਣੇ ਬਹੁਤ ਜ਼ਰੂਰੀ ਹਨ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਕਿਹਾ ਕਿ ਭਾਸ਼ਾ ਵਿਭਾਗ, ਪੰਜਾਬ ਵੱਲੋਂ ਬਹੁਤ ਹੀ ਮੁੱਲਵਾਨ ਕਿਤਾਬਾਂ ਵਾਜ਼ਬ ਦਰਾਂ ਤੇ ਉਪਲਬਧ ਹਨ। ਇਸ ਦੀ ਸੂਚੀ ਲਾਇਬਰੇਰੀ ਨੂੰ ਦੇ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਹੋਰ ਵੀ ਵੱਖ-ਵੱਖ ਪ੍ਰਕਾਸ਼ਕਾਂ ਦੀਆਂ ਕਿਤਾਬਾਂ ਦੀ ਸੂਚੀ ਵੀ ਲਾਇਬਰੇਰੀ ਨੂੰ ਜਲਦ ਹੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਉਹ ਮੁੱਲਵਾਨ ਕਿਤਾਬਾਂ ਖਰੀਦ ਕਿ ਆਪਣੀ ਲਾਇਬਰੇਰੀ ਨੂੰ ਹੋਰ ਵੀ ਅਮੀਰ ਬਣਾ ਸਕਣ। ਇਸ ਮੌਕੇ ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਇਹ ਵੀ ਧਿਆਨ ਵਿੱਚ ਲਿਆਂਦਾ ਗਿਆ ਕਿ ਇਸ ਸਮੇਂ ਪੰਜਾਬ ਵਿੱਚ ਤਿੰਨ ਤਰ੍ਹਾਂ ਦੀਆਂ ਪੇਂਡੂ ਲਾਇਬਰੇਰੀਆਂ ਕਾਰਜਸ਼ੀਲ ਹਨ। ਕੁਝ ਲਾਇਬ੍ਰੇਰੀਆਂ ਨਿੱਜੀ ਯਤਨਾਂ ਨਾਲ ਚੱਲ ਰਹੀਆਂ ਹਨ, ਕੁਝ ਲਾਇਬ੍ਰੇਰੀਆਂ ਪੰਜਾਬੀ ਸਾਹਿਤ ਸਭਾ ਦਿੱਲੀ ਦੇ ਸਹਿਯੋਗ ਨਾਲ ਚੱਲ ਰਹੀਆਂ ਹਨ ਅਤੇ ਕੁਝ ਲਾਇਬ੍ਰੇਰੀਆਂ ਪੰਜਾਬ ਸਰਕਾਰ ਦੁਆਰਾ ਪਿੰਡਾਂ ਵਿੱਚ ਵੀ ਖੋਲੀਆਂ ਜਾ ਰਹੀਆਂ ਹਨ। ਇਹ ਤਿੰਨੇ ਲਾਇਬ੍ਰੇਰੀਆਂ ਹੀ ਬੜੇ ਸੁਹਿਰਦ ਯਤਨਾਂ ਨਾਲ ਚੱਲ ਰਹੀਆਂ ਹਨ। ਸਾਨੂੰ ਸਾਰਿਆਂ ਨੂੰ ਹੀ ਚਾਹੀਦਾ ਹੈ ਕਿ ਇਹਨਾਂ ਲਾਇਬਰੇਰੀਆਂ ਨੂੰ ਭਰਪੂਰ ਸਹਿਯੋਗ ਦੇ ਕੇ ਵੱਧ ਤੋਂ ਵੱਧ ਪਾਠਕਾਂ ਨੂੰ ਇਹਨਾਂ ਲਾਇਬਰੇਰੀ ਨਾਲ ਜੋੜਿਆ ਜਾਵੇ ਤਾਂ ਜੋ ਅਸੀਂ ਆਪਣੇ ਵਿਦਿਆਰਥੀਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਪੁਸਤਕਾਂ ਨਾਲ ਜੋੜ ਕੇ ਇੱਕ ਪੁਸਤਕ ਸੱਭਿਆਚਾਰ ਪੈਦਾ ਕਰ ਸਕੀਏ। ਪੁਸਤਕ ਸੱਭਿਆਚਾਰ ਪੈਦਾ ਹੋਣ ਨਾਲ ਹੀ ਸਮਾਜ ਨੂੰ ਚੰਗੇ ਨਾਗਰਿਕ ਮਿਲਦੇ ਹਨ।
ਇਸ ਮੌਕੇ ਤੇ ਸਵ. ਸ੍ਰੀ ਕ੍ਰਿਸ਼ਨ ਲਾਲ ਲੋਟਾ ਲਾਇਬਰੇਰੀ ਦੇ ਸਮੂਹ ਅਹੁਦੇਦਾਰਾਂ ਨੇ ਕਿਹਾ ਕਿ ਉਹ ਇਸ ਲਾਇਬਰੇਰੀ ਨੂੰ ਹੋਰ ਵਿਕਸਿਤ ਕਰਕੇ ਪਾਠਕਾਂ ਲਈ ਸਹੂਲਤਾਂ ਪ੍ਰਦਾਨ ਕਰਨਗੇ। ਲੋੜ ਹੈ ਪੰਜਾਬ ਵਿੱਚ ਵੱਧ ਤੋਂ ਵੱਧ ਪੇਂਡੂ ਲਾਇਬ੍ਰੇਰੀਆਂ ਖੋਲ ਕੇ ਉਹਨਾਂ ਨੂੰ ਸੁਚੱਜੇ ਢੰਗ ਨਾਲ ਚਲਾਇਆ ਜਾਵੇ। ਵਰਤਮਾਨ ਸਮੇਂ ਦੀ ਲੋੜ ਅਨੁਸਾਰ ਇਸ ਵਿਸ਼ੇ ‘ਤੇ ਹੋਈ ਵਿਚਾਰ ਚਰਚਾ ਬੇਹੱਦ ਮੁੱਲਵਾਨ ਅਤੇ ਸਾਰਥਕ ਰਹੀ।