ਸਿੱਖਿਆ ਅਧਿਕਾਰੀਆਂ ਤੋਂ ਲੈਕੇ ਬੱਚਿਆਂ ਦੇ ਮਾਪਿਆਂ ਤੱਕ ਨੇ ਵੇਖਿਆ ਵਿਸ਼ੇਸ ਪ੍ਰਸਾਰਣ
ਜ਼ਿਲ੍ਹਾ ਤਰਨਤਾਰਨ ਦੇ ਵਸਨੀਕਾਂ ਨੂੰ ਸਰਕਾਰੀ ਸਕੂਲਾਂ ਨਾਲ ਜੋੜਨ ਲਈ ਹੋਵੇਗਾ ਮਦਦਗਾਰ
ਤਰਨ ਤਾਰਨ 15 ਮਈ 2021
ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੀ ਨੁਹਾਰ ਤਬਦੀਲੀ ਦੀਆਂ ਕੋਸ਼ਿਸ਼ਾਂ ਦੇ ਨਾਲ ਨਾਲ ਇਹਨਾਂ ਤਬਦੀਲੀਆਂ ਦਾ ਸੁਨੇਹਾ ਸਮਾਜ ਤੱਕ ਪਹੁੰਚਾਉਣ ਲਈ ਲਗਾਤਾਰ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਉਪਰਾਲਿਆਂ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਹਰ ਸ਼ਨੀਵਾਰ ਸਰਕਾਰੀ ਸਕੂਲਾਂ ਵਿੱਚ ਪਿਛਲੇ ਕੁਝ ਸਮੇਂ ਵਿੱਚ ਆਏ ਕ੍ਰਾਂਤੀਕਾਰੀ ਬਦਲਾਅ ਨੂੰ ਦਰਸਾਉਂਦਾ ਪ੍ਰੋਗਰਾਮ “ਨਵੀਆਂ ਪੈੜਾਂ” ਦੂਰਦਰਸ਼ਨ ਦੇ ਖੇਤਰੀ ਚੈਨਲ ਡੀਡੀ ਪੰਜਾਬੀ ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ।
ਸ਼੍ਰੀ ਰਾਜੇਸ਼ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਤਰਨਤਾਰਨ ਅਤੇ ਸ਼੍ਰੀ ਸਤਿਨਾਮ ਸਿੰਘ ਬਾਠ ਜਿਲ੍ਹਾ ਸਿੱਖਿਆ ਅਫ਼ਸਰ (ਸ) ਤਰਨਤਾਰਨ ਨੇ ਦੱਸਿਆ ਕਿ ਵਿਭਾਗ ਵੱਲੋਂ ਕੀਤੇ ਬਿਹਤਰੀਨ ਉਪਰਾਲੇ ਤਹਿਤ ਇਸ ਵਾਰ ਜ਼ਿਲ੍ਹਾ ਤਰਨਤਾਰਨ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਰਕਾਰੀ ਸਕੂਲਾਂ ਵਿੱਚ ਹੋਏ ਕ੍ਰਾਂਤੀਕਾਰੀ ਪਰਿਵਰਤਨ, ਪ੍ਰਾਪਤੀਆਂ ਅਤੇ ਢਾਂਚੇ ਦੀ ਤਬਦੀਲੀ ਦਾ ਸੁਨੇਹਾ ਦਿੰਦਾ ਪ੍ਰੋਗਰਾਮ 15 ਮਈ ਦਿਨ ਸ਼ਨੀਵਾਰ ਬਾਅਦ ਦੁਪਹਿਰ 3.30 ਤੋਂ 4 ਵਜੇ ਤੱਕ ਦੂਰਦਰਸ਼ਨ ਦੇ ਖੇਤਰੀ ਚੈਨਲ ਡੀਡੀ ਪੰਜਾਬੀ ਤੇ ਪ੍ਰਸਾਰਿਤ ਕੀਤਾ ਗਿਆ।ਜਿਸ ਤਹਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੈਰੋਂ ਲੜਕੀਆਂ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਠੱਠੀਆਂ ਮਹੰਤਾਂ, ਸਰਕਾਰੀ ਹਾਈ ਸਕੂਲ ਕੈਰੋਂ ਲੜਕੇ, ਸਰਕਾਰੀ ਹਾਈ ਸਕੂਲ ਠੱਠੀਆਂ ਮਹੰਤਾਂ, ਸਰਕਾਰੀ ਨਰਸਰੀ ਸਕੂਲ ਕੈਰੋਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਪਨੂੰਆਂ ਸਕੂਲਾਂ ਦੀਆਂ , ਸੋਹਣੇ ਸਕੂਲ ਗੇਟ,ਸ਼ਾਨਦਾਰ ਬਿਲਡਿੰਗ, ਸਮਾਰਟ ਕਲਾਸਰੂਮ, ਸੋਹਣੇ ਪਲੇਅ ਗਰਾਊਂਡ, ਪਾਰਕਾਂ, ਛੋਟੇ ਬੱਚਿਆਂ ਲਈ ਸ਼ਿੰਗਾਰੇ ਪ੍ਰੀ ਪ੍ਰਾਇਮਰੀ ਰੂਮ, ਸੁੰਦਰ ਰੰਗਦਾਰ ਫਰਨੀਚਰ, ਪਰੋਜੈਕਟਰ ਰੂਮਜ਼, ਕਿਚਨ ਸੈ਼ੱਡ ਆਦਿ ਨੂੰ ਲੋਕਾਂ ਦੇ ਰੂਬਰੂ ਕੀਤਾ ਗਿਆ।ਇਸ ਪ੍ਰੋਗਰਾਮ `ਨਵੀਆਂ ਪੈੜਾਂ` ਰਾਹੀਂ ਜਿਲ੍ਹਾ ਤਰਨਤਾਰਨ ਦੇ ਸਰਕਾਰੀ ਸਕੂਲਾਂ ਦੀਆਂ ਆਕਰਸ਼ਿਕ ਇਮਾਰਤਾਂ, ਉਪਲਬਧ ਪੜ੍ਹਾਉਣ ਦੀਆਂ ਆਧੁਨਿਕ ਤਕਨੀਕਾਂ ਦੇ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਪ੍ਰੋਗਰਾਮ ਦੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ, ਜਿਸ ਵਿੱਚ ਵਿਭਾਗ ਵੱਲੋਂ ਪਿਛਲੇ ਵਰ੍ਹੇ ਤੋਂ ਹਰ ਸਕੂਲ ਵਿੱਚ ਸ਼ੁਰੂ ਕੀਤੇ ਗਏ ਇੰਗਲਿਸ਼ ਬੂਸਟਰ ਕਲੱਬ ਨਾਲ ਸਬੰਧਤ ਪੇਸ਼ਕਾਰੀਆਂ ਵੀ ਵਿਖਾਈਆਂ ਗਈਆਂ।
ਸ਼੍ਰੀ ਪਰਮਜੀਤ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਅਤੇ ਸ਼੍ਰੀ ਗੁਰਬਚਨ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ ਨੇ ਦੱਸਿਆ ਕਿ ਸਮਾਰਟ ਸਕੂਲ ਮੁਹਿੰਮ ਅਧੀਨ ਜਿਲ੍ਹੇ ਦੇ ਸਮੂਹ ਪ੍ਰਾਇਮਰੀ, ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਆਕਰਸ਼ਕ ਗੇਟਾਂ ਅਤੇ ਚਾਰਦੀਵਾਰੀਆਂ ਨਾਲ ਦਿੱਖ ਸੰਵਾਰਨ ਦੇ ਨਾਲ ਨਾਲ ਸਕੂਲਾਂ ਦੀਆਂ ਇਮਾਰਤਾਂ ਅਤੇ ਜਮਾਤ ਕਮਰਿਆਂ ਨੂੰ ਸਿੱਖਣ ਸਮੱਗਰੀ ਭਰਪੂਰ ਪੇਟਿੰਗਾਂ ਨਾਲ ਸ਼ਿੰਗਾਰਿਆ ਜਾ ਰਿਹਾ ਹੈ। ਸਮਾਰਟ ਕਲਾਸਰੂਮ ਬਣਾਉਣ ਦੇ ਨਾਲ ਨਾਲ ਪੜ੍ਹਾਉਣ ਦੇ ਆਧੁਨਿਕ ਸਾਧਨ ਪ੍ਰਾਜੈਕਟਰ,ਐਲਸੀਡੀ ਅਤੇ ਐਜੂਸੈਟ ਮੁਹੱਈਆ ਕਰਵਾਏ ਗਏ ਹਨ। ਅਤੇ ਜਿਲ੍ਹਾ ਤਰਨਤਾਰਨ ਦੇ ਅਧਿਆਪਕ ਇਸ ਕੋਰੋਨਾ ਕਾਲ ਦੌਰਾਨ ਵੀ ਆਨਲਾਈਨ ਜਮਾਤਾਂ ਰਾਹੀਂ ਹਰ ਵਿਦਿਆਰਥੀ ਨਾਲ ਰੋਜ਼ਾਨਾ ਤੌਰ ਤੇ ਜੁੜੇ ਹੋਏ ਹਨ ਅਤੇ ਸਮਾਂ ਸਾਰਣੀ ਅਨੁਸਾਰ ਵਿਸ਼ਾਵਾਰ ਜ਼ੂਮ ਜਮਾਤਾਂ ਲਗਾ ਰਹੇ ਹਨ।
ਪ੍ਰਿੰਸੀਪਲ ਸ੍ਰੀ ਗੁਰਦੀਪ ਸਿੰਘ, ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਅਤੇ ਸ਼੍ਰੀ ਅਮਨਦੀਪ ਸਿੰਘ ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ ਨੇ ਦੱਸਿਆ ਕਿ ਸਕੂਲ ਮੁਖੀ ਸਾਹਿਬਾਨ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਜ਼ਿਲ੍ਹਾ ਤਰਨਤਾਰਨ ਦੇ ਸਾਰੇ ਸਰਕਾਰੀ ਸਕੂਲ, ਵਿਭਾਗ ਵੱਲੋਂ ਜਾਰੀ ਕੀਤੇ ਸਮਾਰਟ ਸਕੂਲ ਸਬੰਧੀ ਫੇਜ਼ 1 ਦੇ ਪੈਰਾਮੀਟਰ ਪੂਰੇ ਕਰ ਚੁੱਕੇ ਹਨ ਅਤੇ ਹੁਣ ਫੇਜ਼ 2 ਅਧੀਨ ਵੀ ਬਹੁਤ ਜਲਦ ਜ਼ਿਲ੍ਹਾ ਆਪਣੇ ਸਮਾਰਟ ਸਕੂਲਾਂ ਲਈ ਦਿੱਤੇ ਪੈਰਾਮੀਟਰ ਪੂਰੇ ਕਰ ਲਵੇਗਾ।
ਇਸ ਮੌਕੇ ਸ਼੍ਰੀ ਪ੍ਰੇਮ ਸਿੰਘ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਤਰਨਤਾਰਨ ਨੇ ਦੱਸਿਆ ਕਿ ਸ਼ਨੀਵਾਰ 15.05.21 ਨੂੰ ਪ੍ਰਸਾਰਿਤ ਹੋਇਆ ਪ੍ਰੋਗਰਾਮ ਨਵੀਆਂ ਪੈੜਾਂ ਵੇਖਣ ਲਈ ਜਿੱਥੇ ਜ਼ਿਲ੍ਹਾ, ਬਲਾਕ ਅਧਿਕਾਰੀਆਂ ਨੇ ਉਤਸ਼ਾਹ ਵਿਖਾਇਆ ਉੱਥੇ ਅਧਿਆਪਕਾਂ, ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪੇ ਸਾਹਿਬਾਨ, ਸਕੂਲ ਮੈਨੇਜਮੈਂਟ ਕਮੇਟੀਆਂ ਦੇ ਨੁਮਾਇੰਦਿਆਂ ਨੇ ਵੀ ਇਸ ਪ੍ਰੋਗਰਾਮ ਨੂੰ ਬੜੇ ਚਾਅ ਨਾਲ ਵੇਖਿਆ ਅਤੇ ਸੋਸ਼ਲ ਮੀਡੀਆ ਰਾਹੀਂ ਪ੍ਰੋਗਰਾਮ ਵੇਖਦਿਆਂ ਹੋਇਆਂ ਫੋਟੋਆਂ ਵੀ ਬਹੁਤ ਵੱਡੀ ਗਿਣਤੀ ਵਿਚ ਸ਼ੇਅਰ ਕੀਤੀਆਂ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਕੁਮਾਰ ਅਤੇ ਸਤਿਨਾਮ ਸਿੰਘ ਬਾਠ ਨੇ ਮੀਡੀਆ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਅੱਜ ਦੇ ਸਮੇਂ ਦੇ ਸਰਕਾਰੀ ਸਕੂਲ ਕਿਸੇ ਵੀ ਪੱਖ ਤੋਂ ਕਿਸੇ ਹੋਰ ਗੈਰ ਸਰਕਾਰੀ ਸਕੂਲਾਂ ਨਾਲੋਂ ਘੱਟ ਨਹੀਂ ਹਨ, ਜਿੱਥੇ ਸਕੂਲਾਂ ਦੀ ਦਿੱਖ ਅੱਜ ਹਰ ਇੱਕ ਨੂੰ ਅਕਰਸ਼ਿਤ ਕਰ ਰਹੀ ਹੈ ਉੱਥੇ ਅੰਗਰੇਜ਼ੀ ਮਾਧਿਅਮ ਦੇ ਆਉਣ ਨਾਲ ਸਿੱਖਿਆ ਦੇ ਮਿਆਰ ਵਿੱਚ ਵੀ ਚੋਖਾ ਵਾਧਾ ਸਾਫ਼ ਨਜ਼ਰ ਆ ਰਿਹਾ ਹੈ ਜਿਸਦੀ ਸਾਅਦੀ ਸਕੂਲਾਂ ਵਿੱਚ ਬਣੇ ਇੰਗਲਿਸ਼ ਬੂਸਟਰ ਕਲੱਬ ਭਰਦੇ ਹਨ। ਇਸ ਮੌਕੇ ਉਹਨਾਂ ਜ਼ਿਲ੍ਹਾ ਤਰਨਤਾਰਨ ਦੇ ਹਰ ਨਾਗਰਿਕ ਨੂੰ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਦਾਖ਼ਲਾ ਕਰਵਾਉਣ ਲਈ ਅਪੀਲ ਵੀ ਕੀਤੀ।