ਆਂਗਣਵਾੜੀ ਵਰਕਰਾਂ ਨੇ ਬੱਚੇ ਦੇ ਪਹਿਲੇ ਹਜ਼ਾਰ ਦਿਨਾਂ ਦੀ ਮਹੱਤਤਾ ਸਬੰਧੀ ਦਿੱਤੀ ਜਾਣਕਾਰੀ
ਪਟਿਆਲਾ, 14 ਸਤੰਬਰ:
ਭਾਰਤ ਸਰਕਾਰ ਵੱਲੋਂ 1 ਤੋਂ 30 ਸਤੰਬਰ ਤੱਕ ਐਲਾਨੇ ਪੋਸ਼ਣ ਮਾਹ ਦੌਰਾਨ ਪਟਿਆਲਾ ਜ਼ਿਲ੍ਹੇ ‘ਚ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਰੋਜ਼ਾਨਾ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ, ਜਿਸ ਤਹਿਤ ਅੱਜ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਘਰ-ਘਰ ਜਾ ਕੇ ਅਨੀਮੀਆ ਦੀ ਰੋਕਥਾਮ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਜਾਗਰੂਕਤਾ ਮੁਹਿੰਮ ਬਾਰੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਮੁਹਿੰਮ ਦੌਰਾਨ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਘਰ-ਘਰ ਜਾ ਕੇ ਬੱਚਿਆ, ਗਰਭਵਤੀ ਔਰਤਾਂ ਦੁੱਧ ਪਿਲਾਉ ਮਾਵਾਂ ਅਤੇ ਕਿਸ਼ੋਰੀਆਂ ਨੂੰ ਖੂਨ ਦੀ ਕਮੀ ਬਾਰੇ ਦੱਸ ਕੇ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਸਹੀ ਭੋਜਨ ਖਾਣ ਦੀ ਸਲਾਹ ਦਿੱਤੀ ਗਈ ਅਤੇ ਖਾਣ ਪੀਣ ਦੀਆਂ ਚੰਗੀਆਂ ਆਦਤਾਂ ਅਪਣਾਉਣ ਲਈ ਜਾਗਰੂਕ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਘਰਾਂ ਵਿੱਚ ਜਾ ਕੇ ਬੱਚੇ ਦੇ ਜੀਵਨ ਦੇ ਪਹਿਲੇ ਹਜ਼ਾਰ ਦਿਨਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਗਿਆ ਕਿ ਬੱਚੇ ਦੇ ਸਰੀਰਕ ਵਾਧੇ ਅਤੇ ਮਾਨਸਿਕ ਵਿਕਾਸ ਲਈ ਇਹ ਹਜ਼ਾਰ ਦਿਨ ਬਹੁਤ ਜ਼ਿਆਦਾ ਅਹਿਮੀਅਤ ਰੱਖਦੇ ਹਨ ਅਤੇ ਮਾਪਿਆ ਨੂੰ ਇਸ ਸਬੰਧੀ ਸੁਚੇਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਲਗਭਗ 800 ਆਂਗਣਵਾੜੀ ਸੈਂਟਰਾਂ ਵਿੱਚ ਪੋਸ਼ਣ ਬਗੀਚੀਆਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਪੋਸ਼ਣ ਅਭਿਆਨ ਅਧੀਨ ਸਤੰਬਰ ਦਾ ਮਹੀਨਾ ਪੋਸ਼ਣ ਮਾਹ ਵਜੋ ਮਨਾਇਆ ਜਾ ਰਿਹਾ ਹੈ, ਇਸ ਪੋਸ਼ਣ ਮਾਹ ਦਾ ਮਕਸਦ ਬੱਚਿਆ ਅਤੇ ਔਰਤਾਂ ਨੂੰ ਕਪੋਸ਼ਣ ਅਤੇ ਅਨੀਮੀਆ ਮੁਕਤ ਕਰਨ ਲਈ ਲੋਕ ਲਹਿਰ ਪੈਦਾ ਕਰਨਾ ਹੈ।
ਕੈਪਸ਼ਨ : ਆਂਗਣਵਾੜੀ ਵਰਕਰ ਔਰਤਾਂ ਨੂੰ ਖ਼ੁਰਾਕ ਸਬੰਧੀ ਜਾਣਕਾਰੀ ਦਿੰਦੇ ਹੋਏ।