ਪ੍ਰਸਿੱਧ ਸਿੱਖ ਵਿਦਵਾਨ ਡਾ ਜੋਧ ਸਿੰਘ ਦੇ ਅਕਾਲ ਚਲਾਣੇ ਨਾਲ ਸਿੱਖ ਪੰਥ ਨੂੰ ਪਿਆ ਵੱਡਾ ਘਾਟਾ

ਪਟਿਆਲਾ 20 ਜੂਨ 2021
ਪ੍ਰਸਿੱਧ ਸਿੱਖ ਵਿਦਵਾਨ ਅਤੇ ਪ੍ਰੋਫੈਸਰ ਆਫ਼ ਸਿੱਖਿਆ ਡਾ ਜੋਧ ਸਿੰਘ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਰਵਿੰਦਰ ਸਿੰਘ ਨੇ ਦਿੱਤੀ ਅਤੇ ਉਨ੍ਹਾਂ ਦੀ ਆਖ਼ਰੀ ਵਿਦਾਇਗੀ ਵਿਚ ਅਕਾਦਮਿਕ ਜਗਤ, ਸਿੱਖ ਪੰਥ ਅਤੇ ਸ਼ਹਿਰ ਦੀਆਂ ਨਾਮਵਰ ਹਸਤੀਆਂ ਸ਼ਾਮਲ ਹੋਈਆਂ।
ਜ਼ਿਕਰਯੋਗ ਹੈ ਕਿ ਡਾ ਜੋਧ ਸਿੰਘ ਨੇ ਆਪਣਾ ਅਕਾਦਮਿਕ ਸਫ਼ਰ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਦਰਸ਼ਨ ਸ਼ਾਸਤਰ ਅਤੇ ਅੰਗਰੇਜ਼ੀ ਵਿਚ ਮਾਸਟਰ ਡਿਗਰੀ ਪ੍ਰਾਪਤ ਕਰ ਕੇ ਸ਼ੁਰੂ ਕੀਤਾ। ਉਨ੍ਹਾਂ ਪੀਐਚ ਡੀ ਦਾ ਖੋਜ ਕਾਰਜ ਸਿੱਖ ਗੋਸਟਿ ਦੀ ਬਾਣੀ ‘’ਤੇ ਕੀਤਾ। ਡਾ ਹਰਬੰਸ ਸਿੰਘ ਨੇ ਉਨ੍ਹਾਂ ਦੀ ਲਿਆਕਤ ਨੂੰ ਦੇਖਦਿਆਂ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੱਖ ਵਿਸ਼ਵ-ਕੋਸ਼ ਵਿਭਾਗ ਵਿਚ ਬਤੌਰ ਪ੍ਰੋਫੈਸਰ ਨਿਯੁਕਤ ਕੀਤਾ। ਉਹ ਲੰਬਾ ਸਮਾਂ ਪੰਜਾਬੀ ਯੂਨੀਵਰਸਿਟੀ ਵਿਖੇ ਸਿੱਖ ਵਿਸ਼ਵ-ਕੋਸ਼ ਦੇ ਚੀਫ਼ ਐਡੀਟਰ ਰਹੇ। ਉਨ੍ਹਾਂ ਨੇ ਸਿੱਖ ਚਿੰਤਨ ਦਰਸ਼ਨ ਅਤੇ ਗੁਰਬਾਣੀ ਤੇ ਬਹੁਤ ਵਿਸਤਾਰ ਪੂਰਵਕ ਕੰਮ ਕੀਤਾ। ਡਾ ਸਾਹਿਬ ਦੁਆਰਾ ਕੀਤੇ ਗਏ ਵੱਡੇ ਕੰਮਾਂ ਵਿਚੋਂ ਵਾਰਾਂ ਭਾਈ ਗੁਰਦਾਸ ਦਾ ਅੰਗਰੇਜ਼ੀ ਵਿੱਚ ਤਰਜਮਾ ਕਰਨਾ ਹੈ, ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੰਦੀ ਵਿੱਚ ਤਰਜਮਾ ਕੀਤਾ। ਡਾ ਜੋਧ ਸਿੰਘ ਨੇ ਸ੍ਰੀ ਦਸਮ ਗ੍ਰੰਥ ਦੀਆਂ ਬਾਣੀਆਂ ਤੇ ਮਹੱਤਵਪੂਰਨ ਕਾਰਜ ਦੇ ਨਾਲ ਇਸ ਦਾ ਹਿੰਦੀ ਅਤੇ ਅੰਗਰੇਜ਼ੀ ਵਿਚ ਅਨੁਵਾਦ ਕੀਤਾ। ਡਾ ਜੋਧ ਸਿੰਘ ਵੱਖ ਵੱਖ ਸੰਸਥਾਵਾਂ ਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਸਿੱਖ ਸਿਧਾਂਤ ਚਿੰਤਨ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਦੇ ਮੈਂਬਰ ਰਹੇ ਸਨ। ਉਹ ਲੰਮਾ ਸਮਾਂ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਦੇ ਕੋਆਰਡੀਨੇਟਰ ਰਹੇ। ਦੇਸ਼ਾਂ ਵਿਦੇਸ਼ਾਂ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਅਤੇ ਸਿੱਖ ਸੰਸਥਾਵਾਂ ਵਿੱਚ ਗੁਰਮਤਿ ਸੰਬੰਧੀ ਵਿਖਿਆਨ ਕੀਤੇ।
ਡਾ ਸਾਹਿਬ ਦੇ ਅਕਾਲ ਚਲਾਣੇ ‘ਤੇ ਉਨ੍ਹਾਂ ਦੇ ਵਿਦਿਆਰਥੀ ਅਤੇ ਸਿੱਖ ਵਿਸ਼ਵ-ਕੋਸ਼ ਵਿਭਾਗ ਦੇ ਮੁਖੀ ਡਾ ਪਰਮਵੀਰ ਸਿੰਘ ਨੇ ਭਾਰੀ ਦੁਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਡਾ ਸਾਹਿਬ ਨਾਂ ਸਿੱਖ ਅਕਾਦਮਿਕਤਾ ਵਿਚ ਹਮੇਸ਼ਾ ਧਰੁ ਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ ਅਤੇ ਉਨ੍ਹਾਂ ਦੀਆਂ ਲਿਖਤਾਂ ਅਤੇ ਵਿਖਿਆਨ ਹਮੇਸ਼ਾ ਸਾਡਾ ਮਾਰਗ ਦਰਸ਼ਨ ਕਰਦੇ ਰਹਿਣਗੇ। ਡਾ ਸਤਿਨਾਮ ਸਿੰਘ ਸੰਧੂ ਡੀਨ ਭਾਸ਼ਾਵਾਂ ਨੇ ਕਿਹਾ ਕਿ ਡਾ ਜੋਧ ਸਿੰਘ ਦੇ ਜਾਣ ਨਾਲ ਪੰਜਾਬੀ ਭਾਸ਼ਾ ਅਤੇ ਸਿੱਖ ਚਿੰਤਨ ਦੇ ਵਿਚ ਸਾਂਝੇ ਰੂਪ ਵਿੱਚ ਕੰਮ ਕਰਨ ਵਾਲੇ ਯੁੱਗ ਦਾ ਅੰਤ ਹੋ ਗਿਆ।
ਇਸ ਸਮੇਂ ਪ੍ਰੋਫੈਸਰ ਕਿਰਪਾਲ ਕਿਜ਼ਾਕ, ਸਿੱਖ ਜਾਗੋ ਲਹਿਰ ਦੇ ਕਨਵੀਨਰ ਭਾਈ ਕਸ਼ਮੀਰ ਸਿੰਘ, ਡਾ ਹਰਜੋਧ ਸਿੰਘ, ਡਾ ਦਵਿੰਦਰ ਸਿੰਘ, ਡਾ ਸੁਖਦਿਆਲ ਸਿੰਘ, ਡਾ ਰਜਿੰਦਰ ਕੌਰ ਰੋਹੀ, ਡਾ ਗੁਰਜਿੰਦਰ ਸਿੰਘ, ਡਾ ਗੁਰਮੀਤ ਸਿੰਘ ਸਿੱਧੂ ਆਦਿ ਅਕਾਦਮਿਕ ਸਖਸ਼ੀਅਤਾਂ ਤੋ ਇਲਾਵਾ ਉਨ੍ਹਾਂ ਦੀ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹਾਜ਼ਰ ਸਨ। ਡਾ
ਜੋਧ ਸਿੰਘ ਦੇ ਜਾਣ ਨਾਲ ਸਿੱਖ ਜਗਤ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਨਾ ਪੂਰਾ ਹੋ ਸਕਣ ਵਾਲਾ ਘਾਟਾ ਪਾਇਆ ਹੈ।

Spread the love