ਮੌਜੂਦਾ ਦੌਰ ਵਿੱਚ ਪੱਤਰਕਾਰਾਂ ਦੇ ਮੋਢਿਆਂ ‘ਤੇ ਵੱਡੀ ਜ਼ਿੰਮੇਵਾਰੀ: ਵਿਧਾਇਕ ਕੁਲਵੰਤ ਸਿੰਘ
ਪ੍ਰੈੱਸ ਕਲੱਬ ਐਸ.ਏ.ਐਸ. ਨਗਰ ਦਾ ਸਮੁੱਚੀਆਂ ਗਤੀਵਿਧੀਆਂ ‘ਤੇ ਅਧਾਰਤ ਸੋਵੀਨੀਅਰ -2024 ਰਿਲੀਜ਼ ਸਮਾਗਮ
ਸਾਹਿਬਜ਼ਾਦਾ ਅਜੀਤ ਸਿੰਘ ਨਗਰ , 8 ਫਰਵਰੀ 2024
ਪ੍ਰੈਸ ਕਲੱਬ, ਐਸ.ਏ.ਐਸ. ਨਗਰ ਦੇ ਲਈ ਥਾਂ ਅਲਾਟ ਕਰਨ ਦੇ ਸਬੰਧ ਵਿੱਚ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੂੰ ਨਾਲ ਲੈ ਕੇ ਮਿਲ ਕੇ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਜਲਦੀ ਹੀ ਮੋਹਾਲੀ ਦੇ ਪੱਤਰਕਾਰਾਂ ਦੇ ਲਈ ਮੋਹਾਲੀ ਵਿੱਚ ਪ੍ਰੈਸ ਕਲੱਬ ਲਈ ਥਾਂ ਅਲਾਟ ਕਰਵਾਈ ਜਾਵੇਗੀ।
ਇਹ ਭਰੋਸਾ ਪੰਜਾਬ ਦੇ ਕੈਬਨਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਪ੍ਰੈਸ ਕਲੱਬ, ਐਸ.ਏ.ਐਸ ਨਗਰ ਵੱਲੋਂ ਰੱਖੇ ਗਏ ਇੱਕ ਸਮਾਗਮ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ। ਇਹ ਸਮਾਗਮ ਰਤਨ ਪ੍ਰੋਫੈਸ਼ਨਲ ਕਾਲਜ, ਸੋਹਾਣਾ ਵਿਖੇ ਕਲੱਬ ਦੇ ਪ੍ਰਧਾਨ ਹਿਲੇਰੀ ਵਿਕਟਰ ਦੀ ਅਗਵਾਈ ਹੇਠ ਕਰਵਾਇਆ ਗਿਆ।
ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਪੱਤਰਕਾਰੀ ਇੱਕ ਪਵਿੱਤਰ ਪੇਸ਼ਾ ਹੈ ਅਤੇ ਮੋਹਾਲੀ ਦੇ ਪੱਤਰਕਾਰਾਂ ਦੇ ਲਈ ਸਾਂਝੀ ਥਾਂ ਹੋਣੀ ਬਹੁਤ ਜਰੂਰੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਬਨਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਅੱਜ ਦੇ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਪੱਤਰਕਾਰੀ ਹੋਰ ਵੀ ਚਣੌਤੀ ਭਰਪੂਰ ਹੋ ਗਈ ਹੈ, ਪ੍ਰੰਤੂ ਇਸ ਦੇ ਨਾਲ ਹੀ ਕੰਮ ਕਰਨ ਦੇ ਵਧੀਆ ਮੌਕੇ ਵੀ ਮਿਲ ਰਹੇ ਹਨ।
ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਅੱਜ ਦੇ ਦੌਰ ਵਿੱਚ ਪੱਤਰਕਾਰਾਂ ਦੇ ਮੋਢਿਆਂ ਉੱਪਰ ਜ਼ਿੰਮੇਵਾਰੀ ਕਈ ਗੁਣਾ ਵੱਧ ਚੁੱਕੀ ਹੈ। ਉਹਨਾਂ ਕਿਹਾ ਕਿ ਪੱਤਰਕਾਰਾਂ ਅਤੇ ਰਾਜਨੇਤਾਵਾਂ ਦਾ ਕੰਮ ਹਰ ਵੇਲੇ ਫੀਲਡ ਦੇ ਵਿੱਚ ਰਹਿਣਾ ਹੁੰਦਾ ਹੈ ਅਤੇ ਹਰ ਵੇਲੇ ਲੋਕਾਂ ਦੀ ਨਿਗਾ ਇਹਨਾਂ ਦੋਵਾਂ ਉੱਪਰ ਬਣੀ ਰਹਿੰਦੀ ਹੈ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ
ਪ੍ਰੈਸ ਕਲੱਬ ਐਸ ਏ ਐਸ ਨਗਰ ਵੱਲੋਂ ਸਮੇਂ-ਸਮੇਂ ‘ਤੇ ਅਲੱਗ ਅਲੱਗ ਪ੍ਰੋਗਰਾਮ ਉਲੀਕੇ ਜਾਂਦੇ ਹਨ ਅਤੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਹੋਣ ਦਾ ਮੌਕਾ ਮਿਲਦਾ ਰਹਿੰਦਾ ਹੈ। ਇਹਨਾਂ ਲਈ ਮੋਹਾਲੀ ਵਿੱਚ ਪ੍ਰੈਸ ਕਲੱਬ ਹੋਣਾ ਜ਼ਰੂਰੀ ਹੈ, ਜਿਸ ਦੇ ਲਈ ਉਹ ਯਤਨ ਕਰਨਗੇ ਉਹ ਪੰਜਾਬ ਦੇ ਕੈਬਨਟ ਮੰਤਰੀ ਸ਼੍ਰੀ ਅਮਨ ਅਰੋੜਾ ਨਾਲ ਮਿਲ ਕੇ ਮੁੱਖ ਮੰਤਰੀ ਨਾਲ ਇਸ ਸਬੰਧੀ ਵਿਸਥਾਰ ਵਿੱਚ ਗੱਲ ਕਰਨਗੇ।
ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਪੱਤਰਕਾਰ ਹਰਦੀਪ ਕੌਰ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਕੈਬਨਟ ਮੰਤਰੀ ਸ਼੍ਰੀ ਅਮਨ ਅਰੋੜਾ ਅਤੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਪ੍ਰੈਸ ਕਲੱਬ ਐਸ ਏ ਐਸ ਨਗਰ ਦੀਆਂ ਪਿਛਲੇ ਸਮੇਂ ਦੀਆਂ ਗਤੀਵਿਧੀਆਂ ‘ਤੇ ਅਧਾਰਤ ਸੋਵੀਨਾਰ ਰਿਲੀਜ਼ ਕੀਤਾ ਗਿਆ।
ਇਸ ਮੌਕੇ ਸਟੇਟ ਐਵਾਰਡੀ ਫੂਲਰਾਜ ਸਿੰਘ, ਤੇਜਪ੍ਰੀਤ ਸਿੰਘ ਬਾਠ ਪ੍ਰਧਾਨ ਕਿਸਾਨ ਵਿੰਗ- ਆਮ ਆਦਮੀ ਪਾਰਟੀ ਜ਼ਿਲਾ ਮੋਹਾਲੀ, ਕਵਲਜੀਤ ਸਿੰਘ ਰੂਬੀ , ਆਰ.ਪੀ ਸ਼ਰਮਾ, ਆਈ.ਡੀ ਸਿੰਘ, ਅਮਨਦੀਪ ਸਿੰਘ ਗੁਲਾਟੀ, ਐਡਵੋਕੇਟ ਗਗਨਪ੍ਰੀਤ ਸਿੰਘ ਬੈਂਸ ,ਡਾਕਟਰ ਗੁਰਮੀਤ ਸਿੰਘ ਮੈਨੇਜਿੰਗ ਡਾਇਰੈਕਟਰ ਪ੍ਰੇਮ ਵਿਦਾ ਆਯੁਰਵੈਦਿਕ ਕੰਪਨੀ, ਗੁਰਮੁਖ ਸਿੰਘ ਸੋਹਲ, ਅਰੁਣ ਸ਼ਰਮਾ, ਨੰਬਰਦਾਰ ਹਰਸੰਗਤ ਸਿੰਘ ਸੁਹਾਣਾ, ਹਰਮੇਸ਼ ਸਿੰਘ ਕੁੰਬੜਾ, ਪਰਮਜੀਤ ਸਿੰਘ ਕਾਹਲੋਂ, ਸੁਰਿੰਦਰ ਸਿੰਘ ਰੋਡਾ- ਸੁਹਾਣਾ, ਰਾਜਵਿੰਦਰ ਸਿੰਘ ਗਿੱਲ ਪ੍ਰਧਾਨ -ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਜੈਤਾ ਜੀ ਮੋਹਾਲੀ, ਨਵਦੀਪ ਸਿੰਘ ਟੋਨੀ, ਤਾਰਨਜੀਤ ਸਿੰਘ ਮੋਹਾਲੀ, ਬਲਜੀਤ ਸਿੰਘ ਮੋਹਾਲੀ ਵੀ ਹਾਜ਼ਰ ਸਨ।