ਐਸ ਏ ਐਸ ਨਗਰ, 28 ਮਈ 2021
ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ, ਵਿਭਾਗ ਵੱਲੋਂ ਕੌਮਾਂਤਰੀ ਮਾਸਿਕ-ਧਰਮ ਸਵੱਛਤਾ ਦਿਵਸ ਮੌਕੇ ਪ੍ਰੋਜੈਕਟ ‘ਉਡਾਣ’ ਦੀ ਪੰਜਾਬ ਰਾਜ ਵਿਚ ਸ਼ੁਰੂਆਤ ਕੀਤੀ ਗਈ । ਇਸ ਸੰਦਰਭ ਵਿੱਚ ਐਸ.ਏ.ਐਸ. ਨਗਰ (ਮੌਹਾਲੀ) ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 06 ਲੜਕੀਆਂ ਨੂੰ ਮੁਫਤ ਸੈਨਿਟਰੀ ਪੈਡ ਵੰਡੇ ਗਏ।ਇਸ ਮੌਕੇ ਸ਼੍ਰੀ ਰਾਜੀਵ ਕੁਮਾਰ ਗੁਪਤਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਸ਼੍ਰੀ ਦਿਪਾਂਕਰ ਗਰਗ, ਪੀ.ਸੀ.ਐਸ. (UT) ਹਾਜ਼ਰ ਸਨ।
ਇਸ ਮੌਕੇ ਸ਼੍ਰੀ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਵਰਗਾਂ ਨੂੰ ਧਿਆਨ ਵਿੱਚ ਰੱਖਦਿਆਂ ਸਮੇਂ ਸਮੇਂ ਤੇ ਭਲਾਈ ਸਕੀਮਾਂ ਬਣਾਈਆਂ ਜਾਂਦੀਆਂ ਹਨ, ਇਸੇ ਲੜੀ ਤਹਿਤ ਪੜ੍ਹਾਈ ਛੱਡ ਚੁੱਕੀਆਂ ਲੜਕੀਆਂ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀਆਂ ਔਰਤਾਂ ਲਈ ਮੁਫਤ ਸੈਨੇਟਰੀ ਪੈਡ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਉਡਾਣ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਜਿਲ੍ਹੇ ਵਿਚਲੇ ਆਂਗਣਵਾੜੀ ਸੈਂਟਰਾਂ ਰਾਹੀਂ ਜ਼ਿਲ੍ਹੇ ਦੀਆਂ ਗਰਭਵਤੀ ਔਰਤਾਂ ਅਤੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਮਾਹਵਾਰੀ ਦੌਰਾਨ ਸਾਰੀਆਂ ਲੜਕੀਆਂ ਲਈ ਸੈਨੇਟਰੀ ਪੈਡ ਖਰੀਦਣੇ ਸੰਭਵ ਨਹੀਂ ਸਨ, ਜਿਸ ਕਾਰਨ ਉਨ੍ਹਾਂ ਨੂੰ ਦਿੱਕਤਾਂ ਦਰਪੇਸ਼ ਸਨ ਤੇ ਉਨਾਂ ਦਾ ਆਤਮ ਵਿਸ਼ਵਾਸ ਵੀ ਘਟਦਾ ਸੀ। ਪੰਜਾਬ ਸਰਕਾਰ ਵੱਲੋਂ ਇਹ ਸਕੀਮ ਸ਼ੁਰੂ ਕਰਨ ਨਾਲ ਜਿੱਥੇ ਲੜਕੀਆਂ ਦੀ ਸਿਹਤ ਠੀਕ ਰਹੇਗੀ, ਉੱਥੇ ਹੀ ਉਨ੍ਹਾਂ ਦਾ ਆਤਮ ਵਿਸ਼ਵਾਸ ਵੀ ਵਧੇਗਾ।
ਇਸ ਤੋਂ ਪਹਿਲਾਂ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੀਆਂ ਲੜਕੀਆਂ ਨੂੰ ਸੈਨੇਟਰੀ ਪੈਡ ਮੁਹੱਈਆ ਕਰਵਾਏ ਜਾਂਦੇ ਸਨ ਪ੍ਰੰਤੂ ਸਰਕਾਰ ਵੱਲੋਂ ਨਵੀਂ ਸ਼ੁਰੂ ਕੀਤੀ ਉਡਾਣ ਸਕੀਮ ਰਾਹੀਂ ਪੜਾਈ ਕਰ ਰਹੀਆਂ ਸਾਰੀਆਂ ਲੜਕੀਆਂ ਅਤੇ ਪੜਾਈ ਛੱਡ ਚੁੱਕੀਆਂ ਲੜਕੀਆਂ, ਗਰੀਬੀ ਰੇਖਾ ਤੋਂ ਹੇਠਾ ਰਹਿਣ ਵਾਲੀਆਂ ਔਰਤਾਂ, ਝੁੱਗੀਆਂ ਝੋਪੜੀਆਂ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਸੈਨੇਟਰੀ ਪੈਡ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਜਿਲ੍ਹਾ ਪ੍ਰੋਗਰਾਮ ਅਫਸਰ, ਸੁਖਦੀਪ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਹਰਦੀਪਮ ਤੋਂ ਇਲਾਵਾ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।