ਸਾਲ 2024 ਦਾ ਦੂਜਾ ਬੈਚ 29 ਜਨਵਰੀ ਤੋਂ ਹੋਵੇਗਾ ਸ਼ੁਰੂ
ਰੂਪਨਗਰ, 25 ਜਨਵਰੀ 2024
ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਨੈਸ਼ਨਲ ਲਾਈਵਸਟਾਕ ਮਿਸ਼ਨ ਸਕੀਮ ਅਧੀਨ ਪੰਜਾਬ ਰਾਜ ਦੇ ਬੇਰੋਜਗਾਰ ਨੌਜਵਾਨਾਂ ਅਤੇ ਔਰਤਾਂ ਨੂੰ 2 ਹਫਤੇ ਦੀ ਮੁਫਤ ਡੇਅਰੀ ਸਿਖਲਾਈ ਮੁਹੱਇਆ ਕਰਵਾਈ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਡੇਅਰੀ ਰੂਪਨਗਰ ਸ਼੍ਰੀ ਵਿਨੀਤ ਕੌੜਾ ਵੱਲੋਂ ਦੱਸਿਆ ਗਿਆ ਕਿ ਇਸ ਸਿਖਲਾਈ ਦਾ ਮੁੱਖ ਮੰਤਵ ਪੇਂਡੂ ਬੇਰੋਜਗਾਰ ਨੌਜਵਾਨਾਂ ਅਤੇ ਔਰਤਾਂ ਨੂੰ ਡੇਅਰੀ ਦਾ ਕਿੱਤਾ ਅਪਨਾਉਣ ਲਈ ਪ੍ਰੋਤਸਾਹਿਤ ਕਰਨਾ ਹੈ।
ਸ਼੍ਰੀ ਵਿਨੀਤ ਕੌੜਾ ਨੇ ਦੱਸਿਆ ਕਿ ਸਾਲ 2024 ਦਾ ਦੂਜਾ ਬੈਚ 29 ਜਨਵਰੀ ਨੂੰ ਰੂਪਨਗਰ ਦੇ ਉਮੀਦਵਾਰਾਂ ਲਈ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਚਤਾਮਲੀ (ਰੋਪੜ) ਵਿਖੇ ਚਲਾਇਆ ਜਾਵੇਗਾ। ਇਸ ਸਿਖਲਾਈ ਲਈ ਉਮੀਦਵਾਰ ਦੀ ਉਮਰ 18 ਤੋਂ 55 ਸਾਲ ਦੀ ਹੋਣੀ ਚਾਹੀਦੀ ਹੈ, ਉਹ ਘੱਟੋ ਘੱਟ ਪੰਜਵੀਂ ਪਾਸ ਹੋਵੇ ਅਤੇ ਸਿਖਿਆਰਥੀ ਪੇਂਡੂ ਇਲਾਕੇ ਨਾਲ ਸਬੰਧਤ ਹੋਵੇ।
ਡਿਪਟੀ ਡਾਇਰੈਕਟਰ ਡੇਅਰੀ ਰੂਪਨਗਰ ਨੇ ਅੱਗੇ ਦੱਸਿਆ ਕਿ ਇਸ ਸਿਖਲਾਈ ਲਈ 1000 ਰੁਪਏ ਦੀ ਫੀਸ ਜਨਰਲ ਜਾਤੀ ਅਤੇ 750 ਰੁਪਏ ਦੀ ਫੀਸ ਅਨੂਸੁਚਿਤ ਜਾਤੀ ਦੇ ਸਿਖਿਆਰਥੀਆਂ ਵੱਲੋਂ ਅਦਾ ਕੀਤੀ ਜਾਵੇਗੀ ਅਤੇ ਸਫਲਤਾ ਪੂਰਵਕ ਸਿਖਲਾਈ ਪ੍ਰਾਪਤ ਸਿਖਿਆਰਥੀਆਂ ਨੂੰ ਸਿਖਲਾਈ ਦੀ ਫੀਸ ਵਾਪਿਸ ਕਰ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਲਈ ਦਫਤਰ ਡਿਪਟੀ ਡਾਇਰੈਕਟਰ ਡੇਅਰੀ, ਜ਼ਿਲ੍ਹਾ ਪਰਿਸ਼ਦ ਕੰਪਲੈਕਸ ਰੂਪਨਗਰ ਜਾਂ ਮੋਬਾਇਲ ਨੰਬਰ 8567085670 ਤੇ ਸੰਪਰਕ ਕੀਤਾ ਜਾ ਸਕਦਾ ਹੈ।