‘ਆਪ’ ਆਗੂਆਂ ਨੇ ਅਡਾਨੀ ਦੀ ਪ੍ਰਾਈਵੇਟ ਕੰਪਨੀ ਵੱਲੋਂ ਬਣਾਏ ਅਨਾਜ ਭੰਡਾਰ ਵਿਖੇ ਜਾ ਕੇ ਕੀਤਾ ਧਰਨਾ-ਪ੍ਰਦਰਸ਼ਨ
ਅੰਬਾਨੀ-ਅਡਾਨੀ ਵੱਲੋਂ ਲਗਾਏ ਬੋਰਡਾਂ ‘ਤੇ ਮੀਤ ਹੇਅਰ, ਮਨਜੀਤ ਬਿਲਾਸਪੁਰ ਸਮੇਤ ਸਮੂਹ ‘ਆਪ’ ਆਗੂਆਂ ਨੇ ਪੋਤੀ ਕਾਲਖ
‘ਆਪ’ ਨੇ ‘ਅੰਬਾਨੀ-ਅਡਾਨੀ Go Back’ ਦੇ ਨਾਅਰੇ ਨਾਲ ਮੋਦੀ ਅਤੇ ਰਾਜਾ ਅਮਰਿੰਦਰ ਸਿੰਘ ਦੇ ਖ਼ਿਲਾਫ਼ ਜਮ ਕੇ ਕੀਤੀ ਨਾਅਰੇਬਾਜ਼ੀ
ਮੋਗਾ, 28 ਸਤੰਬਰ , 2020
‘ਅੰਬਾਨੀ-ਅਡਾਨੀ Go Back’ ਦੇ ਨਾਅਰੇ ਨਾਲ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਮੀਤ ਹੇਅਰ ਅਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਮੋਗਾ ਵਿਖੇ ਅਡਾਨੀ ਦੀ ਪ੍ਰਾਈਵੇਟ ਕੰਪਨੀ ਵੱਲੋਂ ਬਣਾਏ ਗਏ ਅਨਾਜ ਭੰਡਾਰ ਵਿਚ ਜਾ ਕੇ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਜਮ ਕੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਕੇਂਦਰੀ ਦੀ ਮੋਦੀ ਸਰਕਾਰ ਅਤੇ ਪੰਜਾਬ ਦੇ ਰਾਜਾ ਅਮਰਿੰਦਰ ਸਿੰਘ ਨੇ ਕਾਲਾ ਕਾਨੂੰਨ ਪਾਸ ਕਰਕੇ ਪੰਜਾਬ ਦੇ ਕਿਸਾਨਾਂ ਸਮੇਤ ਖੇਤ-ਮਜ਼ਦੂਰਾਂ, ਮੁਨੀਮਾਂ, ਆੜ੍ਹਤੀਆਂ, ਪੱਲੇਦਾਰਾਂ, ਕਾਰੀਗਰਾਂ, ਇੰਡਸਟਰੀਆਂ, ਟਰਾਂਸਪੋਰਟਰਾਂ, ਛੋਟੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਦੀ ਪੀਠ ‘ਚ ਛੁਰਾ ਮਾਰਿਆ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਇਹ ਜੋ ਤਿੰਨੇ ਕਾਲੇ ਕਾਨੂੰਨਾਂ ਪਾਸ ਕੀਤੇ ਹਨ ਇਹ ਸਿਰਫ਼ ਕੇਂਦਰ ਦੀ ਮੋਦੀ ਸਰਕਾਰ ਅਤੇ ਰਾਜਾ ਅਮਰਿੰਦਰ ਸਿੰਘ ਨੇ ਨਹੀਂ ਬਲਕਿ ਇਨ੍ਹਾਂ ਤਾਨਾਸ਼ਾਹ ਸਰਕਾਰਾਂ ਦੇ ਚਿਹਰਿਆਂ ਪਿੱਛੇ ਅੰਬਾਨੀ-ਅਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਦੀ ਮਿਲੀਭੁਗਤ ਨਾਲ ਹੋਇਆ ਹੈ। ਇਨ੍ਹਾਂ ਦੀ ਆਪਸੀ ਮਿਲੀਭੁਗਤ ਦਾ ਇੱਕੋ-ਇੱਕ ਮਕਸਦ ਹੈ ਕਿ ਪੰਜਾਬ ਦੀ ਕਿਸਾਨੀ ਨੂੰ ਪੂਰੀ ਤਰਾਂ ਬਰਬਾਦ ਕਰਕੇ ਅਤੇ ਜ਼ਮੀਨਾਂ ਦੇ ਮਾਲਕ ਨੂੰ ਮਜ਼ਦੂਰ ਬਣ ਕੇ ਕਾਰਪੋਰੇਟ ਕੰਪਨੀਆਂ ਦੇ ਰਹਿਮੋ-ਕਰਮ ‘ਤੇ ਨਿਰਭਰ ਕਰ ਦਿੱਤਾ ਜਾਵੇ। ਪਹਿਲਾਂ ਹੀ ਕਰਜ਼ੇ ਥੱਲੇ ਦੱਬੇ ਅਤੇ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦਾ ਆਰਥਿਕ ਸੰਕਟ ਹੋਰ ਗਹਿਰਾ ਹੋਵੇਗਾ। ਇਨ੍ਹਾਂ ਕਾਲੇ ਕਾਨੂੰਨਾਂ ਦੀ ਮਾਰ ਕਿਸਾਨਾਂ ਅਤੇ ਸੰਬੰਧਿਤ ਵਰਗਾਂ ਤੋਂ ਇਲਾਵਾ ਹਰੇਕ ਖਪਤਕਾਰ ‘ਤੇ ਵੀ ਪਵੇਗੀ ਕਿਉਂਕਿ ਸਰਕਾਰ ਨੇ ਜ਼ਖ਼ੀਰੇਬਾਜ਼ੀ ਨੂੰ ਕਾਨੂੰਨੀ ਮਾਨਤਾ ਦੇ ਕੇ ਲੁੱਟ ਦੀ ਖੁੱਲ੍ਹੀ ਛੂਟ ਦੇ ਦਿੱਤੀ ਹੈ।
ਮੀਤ ਹੇਅਰ ਨੇ ਕਿਹਾ, ” ਸੜਕਾਂ ‘ਤੇ ਧਰਨੇ ਲਗਾ ਕੇ ਦੇਖ ਲਏ, ਰੇਲਾਂ ਦੀਆਂ ਪਟਾਰੀਆਂ ‘ਤੇ ਬੈਠ ਕੇ ਰੇਲਾਂ ਰੋਕ ਕੇ ਦੇਖ ਲਿਆ ਪਰੰਤੂ ਇਨ੍ਹਾਂ ਤਾਨਾਸ਼ਾਹ ਕੇਂਦਰ ਦੀ ਮੋਦੀ ਸਰਕਾਰ ਅਤੇ ਅਤੇ ਸੂਬਾ ਸਰਕਾਰ ਵਿਚ ਬੈਠੇ ਰਾਜਾ ਅਮਰਿੰਦਰ ਸਿੰਘ ‘ਤੇ ਕੋਈ ਅਸਰ ਨਹੀਂ ਹੋ ਰਿਹਾ ਅਤੇ ਨਾ ਹੀ ਕੋਈ ਫ਼ਰਕ ਪੈ ਰਿਹਾ ਹੈ, ਇਸ ਲਈ ਹੁਣ ਤੋਂ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਪੈਸੇ ਛਾਪਣ ਵਾਲੀ ਮਸ਼ੀਨਾਂ ਅੰਬਾਨੀ-ਅਡਾਨੀ ਦੀਆਂ ਕੰਪਨੀਆਂ ਵਿਚ ਜਾ ਕੇ ਧਰਨਾ-ਪ੍ਰਦਰਸ਼ਨ ਕਰਾਂਗੇ ਤਾਂ ਕਿ ਇਨ੍ਹਾਂ ਤਾਨਾਸ਼ਾਹ ਹਾਕਮਾਂ ਨੂੰ ਸੱਤਾ ਤੋਂ ਲਾਂਬੇ ਕੀਤਾ ਜਾ ਸਕੇ।”
ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਜਿਵੇਂ ਹੀ ਐਤਵਾਰ ਨੂੰ ਤਿੰਨੇ ਖੇਤੀਬਾੜੀ ਬਿੱਲਾਂ ਨੂੰ ਪ੍ਰਵਾਨਗੀ ਦਿੱਤੀ ਤਾਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਸਮੇਤ ਵੱਖ-ਵੱਖ ਹੋਰ ਜਥੇਬੰਦੀਆਂ ਅੱਜ ਇੱਕ ਮੰਚ ‘ਤੇ ਇੱਕਜੁੱਟ ਹਨ ਅਤੇ ਇਸ ਸੰਘਰਸ਼ ਵਿਚ ਨੌਜਵਾਨ ਵਰਗ ਵੱਡੇ ਪੱਧਰ ਦੇ ਹਿੱਸਾ ਲੈ ਰਿਹਾ ਹੈ ਤਾਂ ਕਿ ਸੰਘਰਸ਼ ਹੋਰ ਤੇਜ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਸਾਰਾ ਪੰਜਾਬ ਇੱਕਜੁੱਟ ਹੋ ਕੇ ਸੜਕਾਂ ‘ਤੇ ਉਤਰ ਗਿਆ ਹੈ ਅਤੇ ਕਿਸੇ ਵੀ ਕੀਮਤ ‘ਤੇ ਅੰਬਾਨੀ-ਅਡਾਨੀ ਵਰਗੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਦੀ ਧਰਤੀ ‘ਤੇ ਪੈਰ ਤੱਕ ਨਹੀਂ ਰੱਖਣ ਦਿੱਤਾ ਜਾਵੇਗਾ, ਬੇਸ਼ੱਕ ਇਨ੍ਹਾਂ ਜ਼ਾਲਮਾਂ ਨੂੰ ਰੋਕਣ ਲਈ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ।
‘ਆਪ’ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ-ਪੀਰਾਂ ਦੀ ਧਰਤੀ ਹੈ ਇਹ ਧਰਤੀ ਕਿਸੇ ਅੰਬਾਨੀ-ਅਡਾਨੀ ਦੇ ਪਿਓ ਦੀ ਨਹੀਂ ਹੈ ਅਤੇ ਨਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੈ। ਇਸ ਧਰਤੀ ‘ਤੇ ਸਾਡੇ ਬਾਪੂ-ਦਾਦਿਆਂ ਨੇ ਖ਼ੂਨ-ਪਸੀਨਾ ਬਹਾ ਕੇ ਇਸ ਧਰਤੀ ਨੂੰ ਉਪਜਾਊ ਬਣਾਇਆ ਹੈ ਅਤੇ ਅੱਜ ਵੀ ਇਸ ਧਰਤੀ ‘ਤੇ ਖ਼ੂਨ-ਪਸੀਨਾ ਬਹਾ ਕੇ ਦੇਸ਼ ਦਾ ਢਿੱਡ ਭਰ ਰਹੇ ਹਾਂ।
‘ਆਪ’ ਆਗੂਆਂ ਨੇ ਚੇਤਾਵਨੀ ਭਰੇ ਲਹਿਜ਼ੇ ‘ਚ ਕਿਹਾ ਕਿ ਪੰਜਾਬ ਦਾ ਕਿਸਾਨ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਨਗੇ ਕਿ ਕਿਸਾਨਾਂ ਦੀ ‘ਧਰਤੀ ਮਾਂ’ ‘ਤੇ ਅੰਬਾਨੀ-ਅਡਾਨੀ ਕਬਜ਼ਾ ਕਰਨ, ਜੇਕਰ ਕੇਂਦਰ ਦੀ ਮੋਦੀ ਸਰਕਾਰ, ਸੂਬੇ ਦੀ ਰਾਜਾ ਅਮਰਿੰਦਰ ਸਿੰਘ ਸਰਕਾਰ ਜਾਂ ਕਾਰਪੋਰੇਟ ਘਰਾਣਿਆਂ ਨੇ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਉਹ ਆਪਣੀ ‘ਧਰਤੀ ਮਾਂ’ ਨੂੰ ਬਚਾਉਣ ਲਈ ਹਰ ਇੱਕ ਕੁਰਬਾਨੀ ਦੇਣ ਲਈ ਤਿਆਰ ਹੋਣਗੇ।
ਇਸ ਧਰਨੇ ਦੌਰਾਨ ਮੀਤ ਹੇਅਰ, ਮਨਜੀਤ ਸਿੰਘ ਬਿਲਾਸਪੁਰ, ਨਵਦੀਪ ਸਿੰਘ ਸੰਘਾ, ਅਮ੍ਰਿਤਪਾਲ ਸਿੰਘ, ਸੰਜੀਵ ਕੋਛਰ, ਅਜੇ ਸ਼ਰਮਾ, ਅਵਤਾਰ ਸਿੰਘ ਬੰਟੀ, ਅਮਨ ਰਖੜਾ, ਅਮਿਤ ਪੁਰੀ ਆਦਿ ਆਗੂਆਂ ਨੇ ਅਡਾਨੀ ਦੀ ਪ੍ਰਾਈਵੇਟ ਕੰਪਨੀ ਵੱਲੋਂ ਬਣਾਏ ਗਏ 40 ਲੱਖ ਬੋਰੀਆਂ ਦੇ ਅਨਾਜ ਭੰਡਾਰ ਵਿਚ ਜਾ ਕੇ ਥਾਂ-ਥਾਂ ਲੱਗੇ ਅੰਬਾਨੀ-ਅਡਾਨੀ ਦੇ ਬੋਰਡਾਂ ‘ਤੇ ਕਾਲਾ ਪੈਂਟ ਕਰਕੇ ਬੋਰਡਾਂ ‘ਤੇ ‘ਅੰਬਾਨੀ-ਅਡਾਨੀ Go Back’ ਲਿਖ ਕੇ ਜਮ ਕੇ ਨਾਅਰੇਬਾਜ਼ੀ ਕੀਤੀ।