ਪੰਜਾਬ ਦੇ ਸਰਕਾਰੀ ਕਾਲਜਾਂ ’ਚ ਅੰਡਰਗ੍ਰੇਜੂਏਟ ਤੇ ਪੋਸਟ-ਗ੍ਰੇਜੂਏਟ ਕੋਰਸਾਂ ਲਈ ਆਨਲਾਈਨ ਦਾਖ਼ਲਾ ਸ਼ੁਰੂ : ਡਿਪਟੀ ਕਮਿਸ਼ਨਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਦਾਖ਼ਲਾ ਪੋਰਟਲ ਦੇ ਨਾਲ-ਨਾਲ ਏਕੀਰਿਤ ਰਾਜ ਹੈਲਪਲਾਈਨ ‘1100’ ਦੀ ਵੀ ਕਰਵਾਈ ਗਈ ਸ਼ੁਰੂਆਤ
60 ਤੋਂ ਵੱਧ ਸਰਕਾਰੀ ਕਾਲਜਾਂ ਲਈ ਵਿਦਿਆਰਥੀ ਇਕ ਹੀ ਵਾਰੀ ‘ਚ ਕਰ ਸਕਣਗੇ ਦਾਖਲੇ ਲਈ ਅਪਲਾਈ
ਡਿਜੀਟਲ ਪੰਜਾਬ’ ਵੱਲ ਨਿਵੇਕਲੀਆਂ ਪਹਿਲਕਦਮੀਆਂ ਸਾਬਤ ਹੋਣਗੀਆਂ ਅੱਜ ਸ਼ੁਰੂ ਕੀਤੀਆਂ ਸੇਵਾਵਾਂ
ਬਰਨਾਲਾ, 19 ਅਗਸਤ 2021
ਪੰਜਾਬ ਦੇ ਨਾਗਰਿਕਾਂ ਦੇ ਜੀਵਨ ਨੂੰ ਹਰ ਪੱਖੋਂ ਸੁਖਾਲਾ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਵਰਚੂਅਲ ਸਮਾਗਮ ਰਾਹੀਂ ਰਾਜ ਦਾਖ਼ਲਾ ਪੋਰਟਲ https://admission.punjab.gov.in ਦੇ ਨਾਲ-ਨਾਲ ਏਕੀਰਿਤ ਰਾਜ ਹੈਲਪਲਾਈਨ ‘1100’ ਦੀ ਸ਼ੁਰੂਆਤ ਕੀਤੀ ਗਈ ਜਿਸਦਾ ਸਿੱਧਾ ਪ੍ਰਸਾਰਣ ਆਨਲਾਈਨ ਮਾਧਿਅਮਾਂ ਜ਼ਰੀਏ ਪੂਰੇ ਸੂਬੇ ’ਚ ਪ੍ਰਸਾਰਤ ਕੀਤਾ ਗਿਆ।
ਇਸ ਮੌਕੇ ਬਰਨਾਲਾ ਤੋਂ ਵਰਚੂਅਲ ਸਮਾਗਮ ’ਚ ਸ਼ਮੂਲੀਅਤ ਕਰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਅੱਜ ਸ਼ੁਰੂ ਕੀਤੇ ਗਏ ਏਕੀਰਿਤ ਰਾਜ ਦਾਖ਼ਲਾ ਪੋਰਟਲ ਰਾਹੀਂ ਪੂਰੇ ਪੰਜਾਬ ਦੇ 60 ਤੋਂ ਵੱਧ ਸਰਕਾਰੀ ਕਾਲਜਾਂ ’ਚ ਦਾਖ਼ਲੇ ਲਈ ਵਿਦਿਆਰਥੀ https://admission.punjab.gov.in/ ਪੋਰਟਲ ਜ਼ਰੀਏ ਘਰ ਬੈਠੇ ਹੀ ਅਪਲਾਈ ਕਰ ਸਕਣਗੇ। ਉਨਾਂ ਦੱਸਿਆ ਕਿ ਇਸ ਪੋਰਟਲ ਨੂੰ ਡਿਜੀਲਾਕਰ ਨਾਲ ਲਿੰਕ ਕੀਤਾ ਗਿਆ ਹੈ ਜਿਸ ‘ਚੋਂ ਸਬੰਧਤ ਵਿਦਿਆਰਥੀ ਆਨਲਾਈਨ ਹੀ ਆਪਣੇ ਲੋੜੀਂਦੇ ਦਸਤਾਵੇਜ਼ ਦਾਖ਼ਲੇ ਲਈ ਅਪਲੋਡ ਕਰ ਸਕੇਗਾ। ਉਨਾਂ ਕਿਹਾ ਕਿ ਇਸ ਪ੍ਰਕਿਰਿਆ ’ਚ ਕਿਸੇ ਵੀ ਦਸਤਾਵੇਜ਼ ਦੇ ਨਿੱਜੀ ਤਸਦੀਕੀਕਰਨ ਦੀ ਕੋਈ ਲੋੜ ਨਹੀਂ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਏਕੀਰਿਤ ਰਾਜ ਹੈਲਪਲਾਈਨ ‘1100’ ਜ਼ਰੀਏ ਵੀ ਹੁਣ ਨਾਗਰਿਕਾਂ ਲਈ ਸਰਕਾਰ ਦੀਆਂ ਗ਼ੈਰ-ਐਮਰਜੈਂਸੀ ਸੇਵਾਵਾਂ ਤੱਕ ਸੁਖਾਲੀ ਪਹੁੰਚ ਬਣਾਉਣ ਹਿੱਤ ਇੱਕ ਨੰਬਰ ਜਾਰੀ ਕੀਤਾ ਗਿਆ ਹੈ ਜਿਸ ’ਤੇ ਕਾਲ ਕਰਕੇ ਕੋਈ ਵੀ ਨਾਗਰਿਕ ਸੇਵਾਵਾਂ ਬਾਰੇ ਆਮ ਸੂਚਨਾ ਤੋਂ ਲੈ ਕੇ ਲਾਭ ਲੈਣ ਤੱਕ ਪੂਰੀ ਜਾਣਕਾਰੀ ਹਾਸਲ ਕਰ ਸਕੇਗਾ। ਉਨਾਂ ਦੱਸਿਆ ਕਿ ਇਸ ਨੰਬਰ ’ਤੇ ਏਕੀਰਿਤ ਸ਼ਿਕਾਇਤ ਅਤੇ ਸੇਵਾ ਪ੍ਰਬੰਧਨ ਲਈ ਕੇਂਦਰਿਤ ਪਲੇਟਫ਼ਾਰਮ ਬਣਾਇਆ ਗਿਆ ਹੈ, ਜਿਸ ਦਾ ਅਸਲ ਮਕਸਦ ਕੁਸ਼ਲ ਪ੍ਰਸ਼ਾਸਨ ਹੈ। ਉਨਾਂ ਦੱਸਿਆ ਕਿ ਇਸ ਹੈਲਪਲਾਈਨ ਨੰਬਰ ਰਾਹੀਂ ਸ਼ਿਕਾਇਤਾਂ ਦੀ ਅਸਲ ਜਾਣਕਾਰੀ ਤੋਂ ਇਲਾਵਾ ਸ਼ਿਕਾਇਤਾਂ ਦੇ ਨਿਪਟਾਰੇ ਲਈ ਮੈਨੂਅਲ ਫ਼ਾਈਲ ਪ੍ਰੋਸੈਸਿੰਗ ਦੇ ਖ਼ਾਤਮੇ ਨੂੰ ਤਰਜੀਹ ਦਿੱਤੀ ਗਈ ਹੈ।
ਸ਼੍ਰੀ ਫੂਲਕਾ ਨੇ ਦੱਸਿਆ ਕਿ ਅੱਜ ਸ਼ੁਰੂ ਕੀਤੀਆਂ ਗਈਆਂ ਸੇਵਾਵਾਂ ‘ਡਿਜੀਟਲ ਪੰਜਾਬ’ ਵੱਲ ਨਿਵੇਕਲੀਆਂ ਪਹਿਲਕਦਮੀਆਂ ਸਾਬਤ ਹੋਣਗੀਆਂ ਕਿਉਂਕਿ ਕੋਵਿਡ ਮਹਾਂਮਾਰੀ ਦੇ ਔਖੇ ਵੇਲੇ ਇੱਕ ਕਾਲ ਜਾਂ ਇੱਕ ਕਲਿੱਕ ਜ਼ਰੀਏ ਸਰਕਾਰ ਦੀਆਂ ਸੇਵਾਵਾਂ ਦਾ ਲਾਭ ਕਿਸੇ ਵੀ ਵਿਅਕਤੀ ਦੇ ਸਰੀਰਿਕ ਸੰਪਰਕ ’ਚ ਆਏ ਬਗੈਰ ਲੈ ਸਕਣਗੇ। ਉਨ੍ਹਾਂ ਕਿਹਾ ਕਿ ਰਾਜ ਦਾਖ਼ਲਾ ਪੋਰਟਲ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਨੂੰ ਘਟਾਉਣ ਦੇ ਨਾਲ-ਨਾਲ ਉਨਾਂ ਦੀ ਸੁਰੱਖਿਆ ਯਕੀਨੀ ਬਣਾਉਣ ’ਚ ਵੱਡੀ ਮਦਦ ਕਰੇਗਾ ਕਿਉਕਿ ਦਾਖ਼ਲਿਆਂ ਮੌਕੇ ਹੀ ਕਾਲਜਾਂ ’ਚ ਵਧੇਰੇ ਇਕੱਠ ਹੋਣ ਦੀ ਸੰਭਾਵਨਾ ਹੁੰਦੀ ਹੈ। ਉਨ੍ਹਾਂ ਕਿ ਪੰਜਾਬ ਸਰਕਾਰ ਲਗਾਤਾਰ ਪਾਰਦਰਸ਼ੀ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਕਦਮ ਪੁੱਟ ਰਹੀ ਹੈ ਤੇ ਇਨਾਂ ਦੇ ਸਾਰਥਕ ਨਤੀਜੇ ਵੀ ਨਿਕਲ ਕੇ ਸਾਹਮਣੇ ਆ ਰਹੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅਮਿਤ ਬੈਂਬੀ ਅਤੇ ਈ-ਗਵਰਨੈਂਸ ਦੇ ਜ਼ਿਲ੍ਹਾ ਕੋਆਰਡੀਨੇਟਰ ਸ਼੍ਰੀ ਸੰਜੇ ਸਿੰਘ ਵੀ ਹਾਜ਼ਰ ਸਨ।
ਵੱਖ-ਵੱਖ ਸਰਕਾਰੀ ਸਕੂਲਾਂ ਚ ਵੀ ਇਹ ਸਮਾਗਮ ਵਿਖਾਇਆ ਗਿਆ ਜਿਥੇ ਸਕੂਲਾਂ ਦੇ ਮੁਖੀ, ਅਧਿਆਪਕ ਅਤੇ ਪਿੰਡ ਵਾਸੀਆਂ ਨੇ ਇਸ ਵਿਚ ਹਿੱਸਾ ਲਿਆ। ਇਹ ਸਮਾਗਮ ਸਰਕਾਰੀ ਹਾਈ ਸਕੂਲ ਛੀਨੀਵਾਲ ਖੁਰਦ, ਸਰਕਾਰੀ ਹਾਈ ਸਕੂਲ ਸਹਿਜੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ, ਸਰਕਾਰੀ ਹਾਈ ਸਕੂਲ ਭੈਣੀ ਫੱਤਾ, ਸਰਕਾਰੀ ਹਾਈ ਸਕੂਲ ਬੀਹਲਾ, ਸਰਕਾਰੀ ਹੈ ਸਕੂਲ ਕੁੱਬੇ, ਸਰਕਾਰੀ ਹਾਈ ਸਕੂਲ ਠੁੱਲ੍ਹੇਵਾਲ ਆਦਿ ਥਾਵਾਂ ਉੱਤੇ ਵੀ ਵਖਾਇਆ ਗਿਆ।

 

Spread the love