ਪੰਜਾਬ ਨੂੰ ਕੋਰੋਨਾ ਮੁਕਤ ਕਰਨ ਵਿਚ ਨੌਜਵਾਨ ਵੱਧ ਚੜ੍ਹ ਕੇ ਸਾਥ ਦੇਣਗੇ-ਪਿ੍ਰੰਸ ਖੁੱਲਰ

ਨੌਜਵਾਨ ਕੋਰੋਨਾ ਵਿਰੁੱਧ ਜਾਗਰੂਕਤਾ ਲਹਿਰ ਪੈਦਾ ਕਰਨ-ਦਿਲਰਾਜ ਸਿੰਘ ਸਰਕਾਰੀਆ
ਮੁੱਖ ਮੰਤਰੀ ਪੰਜਾਬ ਨਾਲ ਵੀਡੀਓ ਕਾਨਫਰੰਸ ਵਿਚ ਕੀਤਾ ਵਾਅਦਾ
ਅੰਮਿ੍ਰਤਸਰ, 27 ਮਈ 2021 ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਨੂੰ ਕਰੋਨਾ ਤੋਂ ਮੁੱਕਤ ਕਰਵਾਉਣ ਲਈ ਨੌਜਵਾਨਾਂ ਦਾ ਸਾਥ ਲੈਣ ਵਾਸਤੇ ਕੀਤੇ ਗਏ ਰਾਬਤਾ ਪ੍ਰੋਗਰਾਮ ਤਹਿਤ ਅੰਮਿ੍ਰਤਸਰ ਤੋਂ ਮੁਖਾਤਿਬ ਹੁੰਦੇ ਯੂਥ ਵਿਕਾਸ ਬੋਰਡ ਦੇ ਵਾਈਸ ਪ੍ਰਧਾਨ ਸ੍ਰੀ ਪਿ੍ਰੰਸ ਖੁਲਰ ਨੇ ਵਾਅਦਾ ਕੀਤਾ ਕਿ ਪੰਜਾਬ ਦੇ ਨੌਜਵਾਨ ਪਿੰਡਾਂ ਤੇ ਸ਼ਹਿਰਾਂ ਵਿਚ ਲੋਕਾਂ ਨੂੰ ਜਾਗਰੂਕ ਕਰਕੇ ਇਸ ਮਹਾਂਮਾਰੀ ਤੋਂ ਪੰਜਾਬ ਨੂੰ ਮੁਕਤੀ ਦਿਵਾਉਣਗੇ। ਸ੍ਰੀ ਖੁਲਰ ਨੇ ਕਿਹਾ ਕਿ ਪਿਛਲੇ ਸਾਲ ਕਰੋਨਾ ਦੀ ਸ਼ੁਰੂਆਤ ਵੇਲੇ ਪੰਜਾਬ ਦੇ ਨੌਜਵਾਨਾਂ ਨੇ ਜਿੱਥੇ ਪਿੰਡਾਂ ਵਿਚ ਠੀਕਰੀ ਪਹਿਰੇ ਲਗਾ ਕੇ ਕਰੋਨਾ ਨੂੰ ਪਿੰਡਾਂ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਸੀ, ਉਸੇ ਤਰਾਂ ਹੁਣ ਵੀ ਪੰਜਾਬ ਦੇ ਨੌਜਵਾਨ ਲੋਕਾਂ ਨੂੰ ਕੋਰੋਨਾ ਖਿਲਾਫ ਜੰਗ ਲਈ ਤਿਆਰ ਕਰਨਗੇ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਕਰੋਨਾ ਖਿਲਾਫ ਜਾਗਰੂਕਤਾ ਹੀ ਪੈਦਾ ਕਰੀਏ, ਬਲਕਿ ਲੋਕਾਂ ਨੂੰ ਵੈਕਸੀਨ ਲਗਾਉਣ, ਸ਼ੱਕ ਪੈਣ ਉਤੇ ਕਰੋਨਾ ਦਾ ਟੈਸਟ ਕਰਵਾਉਣ ਅਤੇ ਜੇਕਰ ਕੋਈ ਲੋੜਵੰਦ ਪਰਿਵਾਰ ਇਸ ਬਿਮਾਰੀ ਦੌਰਾਨ ਇਕਾਂਤਵਾਸ ਵਿਚ ਰਹਿੰਦਾ ਹੈ ਤਾਂ ਉਸ ਦੇ ਖਾਣੇ ਦਾ ਵੀ ਪ੍ਰਬੰਧ ਕਰੀਏ। ਉਨਾਂ ਕਿਹਾ ਕਿ ਸਾਡੇ ਯੂਥ ਕਲੱਬ ਇਸ ਨੇਕ ਕੰਮ ਲਈ ਤਿਆਰ ਹਨ ਅਤੇ ਅਸੀਂ ਆਉਣ ਵਾਲੇ ਦਿਨਾਂ ਵਿਚ ਇਸ ਯੋਜਨਾ ਉਤੇ ਡਟ ਕੇ ਕੰਮ ਕਰਾਂਗੇ। ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਨੌਜਵਾਨ ਆਗੂ ਸ. ਦਿਲਰਾਜ ਸਿੰਘ ਸਰਕਾਰੀਆ ਨੇ ਵੀ ਪਿੰਡਾਂ ਦੇ ਨੌਜਵਾਨਾਂ ਨੂੰ ਲਾਮਬੰਦ ਹੇ ਕੇ ਕਰੋਨਾ ਵਿਰੁੱਧ ਡਟ ਜਾਣ ਦੀ ਅਪੀਲ ਕਰਦੇ ਕਿਹਾ ਕਿ ਜਿਸ ਦੇਸ਼ ਜਾਂ ਕੌਮ ਦਾ ਨੌਜਵਾਨ ਸੁਚੇਤ ਹੋ ਜਾਵੇ, ਉਹ ਦੇਸ਼ ਕਿਸੇ ਵੀ ਮੁਹਿੰਮ ਵਿਚ ਪਿੱਛੇ ਨਹੀਂ ਰਹਿੰਦਾ, ਚਾਹੇ ਉਹ ਆਰਥਿਕ ਤਰੱਕੀ ਹੋਵੇ ਜਾਂ ਕੋਰੋਨਾ ਵਰਗੀਆਂ ਮਹਾਂਮਾਰੀ ਦਾ ਟਾਕਰਾ। ਇਸ ਮੌਕੇ ਵਿਧਾਇਕ ਸ੍ਰੀ ਤਰਸੇਮ ਸਿੰਘ ਡੀ. ਸੀ, ਵਿਧਾਇਕ ਸ੍ਰੀ ਸੁਨੀਲ ਦੱਤੀ, ਚੇਅਰਮੈਨ ਸ. ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਅਤੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਵੀ ਇਸ ਮੁਹਿੰਮ ਵਿਚ ਨੌਜਵਾਨਾਂ ਦਾ ਵੱਧ ਤੋਂ ਵੱਧ ਸਾਥ ਦੇਣ ਦਾ ਭਰੋਸਾ ਦਿੱਤਾ। ਹੋਰਨਾਂ ਤੋਂਂ ਇਲਾਵਾ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂਧਲ, ਐਸ ਡੀ ਐਮ ਬਾਬਾ ਬਕਾਲਾ ਮੇਜਰ ਸੁਮਿਤ ਮੁੱਧ, ਜਿਲ੍ਹਾ ਪੰਚਾਇਤ ਅਧਿਕਾਰੀ ਸ੍ਰੀ ਗੁਰਪ੍ਰੀਤ ਸਿੰਘ ਗਿੱਲ, ਸਹਾਇਕ ਡਾਇਰੈਕਟਰ ਯੂਥ ਸੇਵਾਵਾਂ ਸ੍ਰੀ ਸੁਭਾਸ਼ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Spread the love