ਪੰਜਾਬ ਮੰਡੀ ਬੋਰਡ ਵੱਲੋਂ ਆਨਲਾਈਨ ਪੋਰਟਲ ‘ਤੇ ਰਜਿਸਟ੍ਰੇਸ਼ਨ ਲਈ ਅਨਾਜ ਮੰਡੀਆਂ ਵਿਚ ਸਥਾਪਤ ਕੀਤੇ ਗਏ “ਕਿਸਾਨ ਸਹਾਇਤਾ ਕੇਂਦਰ”-ਸ੍ਰ. ਹਰਮਿੰਦਰ ਸਿੰਘ ਗਿੱਲ਼

ਰਾਜ ਦੇ ਲੱਗਭੱਗ 50 ਫੀਸਦੀ ਕਿਸਾਨ “ਅਨਾਜ ਖਰੀਦ” ਪੋਰਟਲ ਉਤੇ ਰਜਿਸਟਰਡ
ਜ਼ਿਲ੍ਹਾ ਤਰਨ ਤਾਰਨ ਦੀਆਂ ਮੁੱਖ ਅਨਾਜ ਮੰਡੀਆਂ ਵਿੱਚ ਵੀ ਕਿਸਾਨਾਂ ਦੀ ਸਹੂਲਤ ਲਈ ਸਥਾਪਿਤ ਕੀਤੇ ਗਏ “ਕਿਸਾਨ ਸਹਾਇਤਾ ਕੇਂਦਰ”-ਜ਼ਿਲ੍ਹਾ ਮੰਡੀ ਅਫ਼ਸਰ
ਤਰਨ ਤਾਰਨ, 24 ਅਪ੍ਰੈਲ :
ਕਣਕ ਦੀ ਖਰੀਦ ਪ੍ਰਕਿਰਿਆ ਲਈ ਇਸ ਸੀਜ਼ਨ ਦੌਰਾਨ ਸਿੱਧੀ ਅਦਾਇਗੀ ਦੀ ਪ੍ਰਣਾਲੀ ਪਹਿਲੀ ਵਾਰ ਲਾਗੂ ਹੋਣ ਨਾਲ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦੂਰ ਕਰਨ ਲਈ ਪੰਜਾਬ ਮੰਡੀ ਬੋਰਡ ਨੇ ਸੂਬੇ ਦੀਆਂ ਅਨਾਜ ਮੰਡੀਆਂ ਵਿਚ “ਕਿਸਾਨ ਸਹਾਇਤਾ ਕੇਂਦਰ” ਸਥਾਪਤ ਕੀਤੇ ਹਨ ਤਾਂ ਕਿ ਫਸਲ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤਿਆਂ ਵਿਚ ਪਾਉਣ ਲਈ ਉਨਾਂ ਨੂੰ ਨਵੇਂ ਪੋਰਟਲ ਉੱਪਰ ਰਜਿਸਟਰ ਕੀਤਾ ਜਾ ਸਕੇ।
ਇਹ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਪੱਟੀ ਸ੍ਰ. ਹਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਹਨਾਂ ਕਿਸਾਨ ਸਹਾਇਤਾ ਕੇਂਦਰਾਂ ਦਾ ਮਕਸਦ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਮੇਂ ਸਿਰ ਅਦਾਇਗੀ ਨੂੰ ਯਕੀਨੀ ਬਣਾਉਣਾ ਹੈ। ਉਹਨਾਂ ਦੱਸਿਆ ਕਿ ਇਸ ਸਮੇਂ  ਲੱਗਭੱਗ 12 ਲੱਖ ਕਿਸਾਨਾਂ ਵਿੱਚੋਂ ਛੇ ਲੱਖ ਕਿਸਾਨ ਦੇ ਲੋੜੀਂਦੇ ਦਸਤਾਵੇਜ ਅਨਾਜ ਪੋਰਟਲ ੳੱੁਪਰ ਅਪਲੋਡ ਕੀਤੇ ਜਾ ਚੁੱਕੇ ਹਨ।
ਉਹਨਾਂ ਕਿਹਾ ਕਿ ਇਹ ਹੈਲਪ ਡੈਸਕ ਨਵੇਂ ਪੋਰਟਲ ਉਤੇ ਰਜਿਸਟ੍ਰੇਸ਼ਨ ਲਈ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਲੋੜੀਂਦੀ ਸਹਾਇਤਾ ਅਤੇ ਸੇਧ ਦੇਣ ਵਿਚ ਸਹਾਈ ਸਿੱਧ ਹੋਵੇਗਾ। ਉਨਾਂ ਦੱਸਿਆ ਕਿ ਬਹੁਤੇ ਕਿਸਾਨ ਤਕਨੀਕ ਨਾਲ ਨਹੀਂ ਜੁੜੇ ਹੋਏ, ਜਿਸ ਕਰਕੇ ਮੰਡੀ ਬੋਰਡ ਵੱਲੋਂ ਛੇਤੀ ਤੋਂ ਛੇਤੀ ਰਜਿਸਟ੍ਰੇਸ਼ਨ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ।
ਜਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਇਸ ਵਾਰ ਘੱਟੋ-ਘੱਟ ਸਮਰਥਨ ਮੁੱਲ ਉਤੇ ਖਰੀਦੀ ਜਾਣ ਵਾਲੀ ਫਸਲ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤਿਆਂ ਵਿਚ ਪਾਉਣ ਦੀ ਪ੍ਰਣਾਲੀ ਨੂੰ ਅਮਲ ਵਿਚ ਲਿਆਂਦਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੰਡੀ ਅਫ਼ਸਰ ਤਰਨ ਤਾਰਨ ਸ੍ਰੀ ਅਜੈਪਾਲ  ਸਿੰਘ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਦੀਆਂ ਮੁੱਖ ਅਨਾਜ ਮੰਡੀਆਂ, ਦਾਣਾ ਮੰਡੀ ਤਰਨ ਤਾਰਨ, ਪੱਟੀ, ਭਿੱਖੀਵਿੰਡ, ਝਬਾਲ, ਖੇਮਕਰਨ, ਨੌਸ਼ਹਿਰਾ ਪੰਨੂਆਂ, ਹਰੀਕੇ ਪੱਤਣ ਅਤੁ ਖਡੂਰ ਸਾਹਿਬ ਵਿਖੇ ਕਿਸਾਨਾਂ ਦੀ ਸਹੂਲਤ ਲਈ “ਕਿਸਾਨ ਸਹਾਇਤਾ ਕੇਂਦਰ” ਸਥਾਪਿਤ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਇਹਨਾਂ ਕੇਂਦਰਾਂ ‘ਤੇ ਕਿਸਾਨਾਂ ਦੀ ਸਹਾਇਤਾ ਲਈ ਟੀਮਾਂ ਲਗਾਈਆਂ ਗਈਆਂ ਹਨ ਅਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਹਰ ਪ੍ਰਕਾਰ ਦੀ ਸੁਵਿਧਾ ਮਹੁੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਉਹਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਕੋਈ ਦਿੱਕਤ ਨਾ ਆਵੇ।

Spread the love