ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਫਿਰੋਜ਼ਪੁਰ ਵੱਲੋ ਕੀਤਾ ਗਿਆ ਵੱਡਾ ਰੋਸ ਪ੍ਰਦਰਸ਼ਨ

ਸਾਂਝਾ ਫਰੰਟ ਵੱਲੋਂ ਮੁੱਖ ਮੰਤਰੀ ਅਤੇ ਖਜਾਨਾ ਮੰਤਰੀ ਦਾ ਫੂਕਿਆ ਪੁਤਲਾ
ਮੰਗਾਂ ਨਾ ਮੰਨਣ ਤੇ ਪਟਿਆਲੇ ਤੋ ਵੱਡੀ ਰੈਲੀ ਮੋਹਾਲੀ ਵਿਖੇ ਕੀਤੀ ਜਾਵੇਗੀ
ਪੰਜਾਬ ਸਰਕਾਰ ਵੱਲੋਂ ਮੰਗਾਂ ਵੱਲ ਧਿਆਨ ਨਾਂ ਦੇਣ ਤੇ 4 ਸਤੰਬਰ ਤੋ ਕੀਤੀ ਜਾਵੇਗੀ ਕਲਮਛੋੜ/ਟੂਲਡਾਊਨ ਹੜਤਾਲ:-ਮੁਲਾਜ਼ਮ ਜਥੇਬੰਦੀਆਂ
ਫਿਰੋਜ਼ਪੁਰ 25 ਅਗਸਤ 2021 ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਸੱਦੇ ਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਸਰਕਾਰੀ ਵਿਭਾਗਾਂ ਦੇ ਸੈਕੜੇ ਕਰਮਚਾਰੀਆਂ ਵੱਲੋਂ ਜ਼ਬਰਦਸਤ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ । ਇਸ ਰੋਸ ਮੁਜ਼ਾਹਰੇ ਦੀ ਅਗਵਾਈ ਸਾਂਝੇ ਫਰੰਟ ਦੇ ਕਨਵੀਨਰਜ਼ ਰਾਮ ਪ੍ਰਸ਼ਾਦ, ਮਨਹੋਰ ਲਾਲ, ਕ੍ਰਿਸ਼ਨ ਚੰਦ ਜਾਗੋਵਾਲੀਆ, ਰਾਕੇਸ਼ ਕੁਮਾਰ ਸ਼ਰਮਾ, ਅਜੀਤ ਸਿੰਘ ਸੋਢੀ, ਰਵਿੰਦਰ ਲੂਥਰਾ, ਬਲਵੀਰ ਸਿੰਘ ਕੰਬੋਜ ਵੱਲੋ ਕੀਤੀ ਗਈ । ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸਨਰਜ਼ ਸਾਂਝਾ ਫਰੰਟ ਨੇ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਰਿਵਾਇਜ ਕਰਕੇ ਲਾਗੂ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ, ਬਕਾਇਆ ਡੀ ਏ ਦੀਆਂ ਕਿਸਤਾਂ ਜਾਰੀ ਕਰਨ , ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਹਿੱਤ ਅਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਮੁਲਾਜ਼ਮਾਂ ਨਾਲ ਧੋਖਾ ਕਰਨ ਦੀ ਨੀਤੀ ਖਿਲਾਫ ਸਥਾਨਕ ਡੀਸੀ ਕੰਪਲੈਕਸ ਸਾਹਮਣੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ । ਜਿਸ ‘ਚ ਵੱਡੀ ਗਿਣਤੀ ਵਿਚ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਅਤੇ ਪੈਨਸ਼ਨਰਜ਼ ਸ਼ਾਮਲ ਹੋਕੇ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਗਈ।
ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਆਗੂਆਂ ਨੇ ਵੱਡੇ ਇਕੱਠ ਨੂੰ ਸਬੋਧੰਨ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋ ਲੰਗੜਾ ਪੇ-ਕਮਿਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੀ ਹਰ ਮਲਾਜ਼ਮ ਵਰਗ ਨਿਖੇਧੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੇ-ਕਮਿਸ਼ਨ ਵਿਚ ਜਲਦੀ ਹੀ ਸੋਧ ਕਰਨ ਅਤੇ 3.08 ਦੇ ਫਾਰਮੂਲੇ ਨਾਲ ਤਨਖਾਹ ਸਕੇਲ ਲਾਗੂ ਕਰਨ, ਨਹੀਂ ਤਾਂ ਮੁਲਾਜ਼ਮ ਜਥੇਬੰਦੀਆਂ ਵੱਲੋ ਸਘੰਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਆਗੂਆਂ ਨੇ ਆਖਿਆ ਕਿ ਕਰਮਚਾਰੀਆਂ ਨੂੰ ਦੇਣ ਲਈ ਸਰਕਾਰ ਕੋਲ ਖਜਾਨਾ ਖਾਲੀ ਹੈ ਪਰ ਦੂਜੇ ਪਾਸੇ ਸਰਕਾਰੀ ਖ਼ਜ਼ਾਨੇ ਵਿੱਚੋਂ ਆਪਣੀਆਂ ਪੈਨਸ਼ਨਾਂ ਆਪਣੇ ਭੱਤੇ ਲਗਾਤਾਰ ਵਧਾਏ ਜਾ ਰਹੇ ਹਨ, ਲਗਜ਼ਰੀ ਕਾਰਾਂ, ਫਲੈਟਸ, ਮੰਤਰੀ ਮੰਡਲ ਨੂੰ ਹਰ ਤਰ੍ਹਾਂ ਦੀਆਂ ਖੁੱਲ੍ਹੀਆਂ ਛੋਟਾਂ ਦੇ ਕੇ ਸਰਕਾਰੀ ਖ਼ਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈ ਇੱਥੋਂ ਤੱਕ ਕੇ ਹਰ ਤਰ੍ਹਾਂ ਦੀ ਚੱਲ ਅਤੇ ਅਚੱਲ ਸਰਕਾਰੀ ਜਾਇਦਾਦ ਵੇਚ ਕੇ ਮੋਟੀਆਂ ਰਕਮਾਂ ਬਤੌਰ ਕਮਿਸ਼ਨ ਲਈਆਂ ਜਾ ਰਹੀਆਂ ਹਨ । ਮੁਲਾਜ਼ਮ ਆਗੂਆਂ ਆਖਿਆ ਕਿ ਇਨ੍ਹਾਂ ਹਾਲਤਾਂ ਅੰਦਰ ਪੰਜਾਬ ਦੇ ਮੁਲਾਜ਼ਮਾਂ ਕੋਲ ਹੜਤਾਲ ਤੇ ਜਾਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ। ਇਸ ਮੌਕੇ ਇਕੱਤਰ ਹੋਏ ਸੈਕੜੇ ਮੁਲਾਜ਼ਮਾ ਜੀ.ਟੀ. ਰੋਡ ਤੇ ਚੱਕਾ ਜਾਮ ਕਰਕੇ ਕੈਪਟਨ ਸਰਕਾਰ ਅਤੇ ਵਿੱਤ ਮੰਤਰੀ ਖਿਲਾਫ ਡੱਟ ਕੇ ਪਿੱਟ ਸਿਆਪਾ ਕੀਤਾ ਗਿਆ ਅਤੇ ਮੁੱਖ ਮੰਤਰੀ ਅਤੇ ਖਜਾਨਾ ਮੰਤਰੀ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਤਨਖਾਹ ਕਮਿਸ਼ਨ ਤੇ ਗੱਲ ਕਰਦਿਆਂ ਸਾਂਝਾ ਫਰੰਟ ਦੇ ਆਗੂਆਂ ਸੁਰਿੰਦਰ ਜੋਸਨ, ਅਸ਼ਵਨੀ ਕੁਮਾਰ, ਗੁਰਦਿੱਤ ਸਿੰਘ, ਪ੍ਰਤਾਪ ਸਿੰਘ ਢਿੱਲੋਂ, ਗੁਰਦੀਪ ਸਿੰਘ, ਜਗਸੀਰ ਸਿੰਘ ਭਾਂਗਰ, ਪਰਵੀਨ ਕੁਮਾਰ, ਜਗਤਾਰ ਸਿੰਘ,ਰਮਨਦੀਪ ਸਿੰਘ ਅਤੇ ਵਿਜੈ ਹੈਪੀ ਨੇ ਦੱਸਿਆ ਕਿ ਇਸ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਸਾਂਝੇ ਫਰੰਟ ਵੱਲੋਂ ਮੁੱਢੋਂ ਰੱਦ ਕਰ ਦਿੱਤਾ ਗਿਆ ਹੈ ਕਿਉਂ ਕਿ ਇਸ ਤਨਖਾਹ ਕਮਿਸ਼ਨ ਵਿਚ ਤਰੁੱਟੀਆਂ ਹੀ ਤਰੁੱਟੀਆਂ ਹਨ ਅਤੇ ਮੁਲਾਜ਼ਮ/ ਪੈਨਸ਼ਨਾਂ ਨੂੰ ਕੁਝ ਦੇਣ ਦੀ ਥਾਂ ਉਤੇ ਖੋਹਣ ਦਾ ਹੀ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮ ਵਰਗ ਨੂੰ ਵਾਰ-ਵਾਰ ਧੋਖਾ ਦਿੱਤਾ ਜਾ ਰਿਹਾ ਹੈ ਅਤੇ ਮੁਲਾਜ਼ਮਾਂ ਦਾ ਡੀਏ ਜਾਰੀ ਨਾ ਕਰਨਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕਰਨਾ, ਕੱਚੇ ਮੁਲਾਜ਼ਮ ਪੱਕੇ ਨਾ ਕਰਨਾ, ਠੇਕਾਦਾਰੀ ਸਿਸਟਮ ਬੰਦ ਕਰਨਾ, 200 ਰੁਪਏ ਜਜੀਆ ਟੈਕਸ ਵਸੂਲ ਕਰਨਾ ਸਮੇਤ ਹੋਰ ਕਈ ਮੰਗਾਂ ਜੋ ਪੰਜਾਬ ਸਰਕਾਰ ਵੱਲੋ ਨਹੀ ਮੰਨੀਆਂ ਗਈਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਹਾ ਗਿਆ ਸੀ ਕਿ ਮੁਲਾਜ਼ਮਾਂ ਦੀ ਪੈਨਸ਼ਨ ਜੋ 2004 ਤੋ ਬਾਅਦ ਬੰਦ ਕੀਤੀ ਗਈ ਪੈਨਸ਼ਨ ਸਰਕਾਰ ਬਣਨ ਤੇ ਇਸ ਤੇ ਵਿਚਾਰ ਕਰਕੇ ਇਸ ਨੂੰ ਲਾਗੂ ਕੀਤਾ ਜਾਵੇਗਾ ਪਰ ਹੁਣ 4 ਸਾਲ ਤੋਂ ਵੱਧ ਦਾ ਸਮਾਂ ਸਰਕਾਰ ਬਣੀ ਨੂੰ ਹੋ ਗਿਆ ਪਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀ ਕੀਤੀ ਗਈ। ਉਨ੍ਹਾਂ ਕਿਹਾ ਕਿ ਕਰਮਾਚਾਰੀਆਂ ਦੀਆਂ ਮੰਗਾਂ ਦਾ ਸਰਕਾਰ ਨੇ ਜੇਕਰ ਕੋਈ ਠੋਸ ਹੱਲ ਨਾ ਕੀਤਾ ਤਾਂ ਕਰਮਚਾਰੀ ਅਤੇ ਪੈਨਸ਼ਰਜ਼ 4 ਸਤੰਬਰ ਨੂੰ ਕਮਲਛੋੜ/ਟੂਲਡਾਊਨ ਹੜਤਾਲ ਤੇ ਜਾਣ ਲਈ ਮਜ਼ਬੂਰ ਹੋਣਗੇ ਅਤੇ ਪਟਿਆਲੇ ਨਾਲੋ ਵੀ ਵੱਡੀ ਰੈਲੀ ਮੋਹਾਲੀ ਵਿਖੇ ਵਿਧਾਨ ਸਭਾ ਦੇ ਦੂਜੇ ਸੈਸ਼ਨ ਦੌਰਾਨ ਮਹਾ ਰੈਲੀ ਕਰਕੇ ਵਿਧਾਨ ਸਭਾ ਨੂੰ ਘੇਰਨ ਦੀ ਤਿਆਰੀ ਕੀਤੀ ਜਾਵੇਗੀ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

Spread the love