ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਮੁਫ਼ਤ ਸਿਹਤ ਸਕਿੱਲ ਕੋਰਸਾਂ ਲਈ ਰਜਿਸਟਰੇਸ਼ਨ ਸ਼ੁਰੂ

ਪਟਿਆਲਾ, 30 ਮਈ 2021
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ- ਨੋਡਲ ਅਫ਼ਸਰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਜ਼ਿਲ੍ਹੇ ਦੇ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਵਿਚ ਸਿਹਤ ਸੁਵਿਧਾਵਾਂ ਵਿਚ ਵਾਧਾ ਕਰਨ ਲਈ ਸਰਕਾਰ ਵੱਲੋਂ ਨੌਜਵਾਨਾਂ ਲਈ ਹੈਲਥ ਸੈਕਟਰ ਨਾਲ ਸੰਬੰਧਿਤ ਛੇ ਸਕਿੱਲ ਕੋਰਸਾਂ ਵਿੱਚ ਜਲਦੀ ਹੀ ਮੁਫ਼ਤ ਸਕਿੱਲ ਟਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ। ਇਹ ਸਾਰੇ ਕੋਰਸ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 3 ਦੇ ਤਹਿਤ ਚਲਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਜਿਹੜੇ ਨੌਜਵਾਨਾਂ ਨੇ ਇਸ ਤੋਂ ਪਹਿਲਾ ਮੈਡੀਕਲ ਨਾਲ ਸੰਬੰਧਿਤ ਵਿਦਿਆ ਪ੍ਰਾਪਤ ਨਹੀਂ ਕੀਤੀ ਉਨ੍ਹਾਂ ਲਈ ਇਹ ਕੋਰਸ 21 ਦਿਨ ਦੇ ਹੋਣਗੇ ਅਤੇ ਸਹਿਤ ਸੰਸਥਾਵਾਂ ਵਿਚ ਪਹਿਲਾ ਤੋਂ ਹੀ ਕੰਮ ਕਰ ਰਹੇ ਨੌਜਵਾਨ ਜਿਨ੍ਹਾਂ ਕੋਲ ਸਰਟੀਫਿਕੇਟ ਨਹੀਂ ਹੈ, ਨੂੰ 7 ਦਿਨਾਂ ਦਾ ਕੋਰਸ ਕਰਵਾਇਆ ਜਾਵੇਗਾ। ਕੋਰਸ ਦੌਰਾਨ ਕਿਤਾਬਾਂ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ ਕੋਰਸ ਪੂਰਾ ਹੋਣ ਤੇ ਸਰਕਾਰੀ ਸਰਟੀਫਿਕੇਟ ਅਤੇ ਨਿੱਜੀ ਹਸਪਤਾਲਾਂ ਵਿੱਚ ਨੌਕਰੀ ਤੇ ਲਗਵਾਇਆ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਇਸ ਸਕੀਮ ਦਾ ਲਾਭ ਲੈਣਾ ਚਾਹੀਦਾ ਹੈ ਤਾਂ ਜੋ ਨੌਜਵਾਨਾਂ ਨੂੰ ਰੋਜ਼ਗਾਰ ਮਿਲਣ ਦੇ ਨਾਲ ਨਾਲ ਕੋਵਿਡ 19 ਮਹਾਂਮਾਰੀ ਦੇ ਸਮੇਂ ਦੌਰਾਨ ਸਿਹਤ ਸੰਸਥਾਵਾਂ ਨੂੰ ਸਕਿੱਲਡ ਕਰਮਚਾਰੀ ਮਿਲ ਸਕਣ।
ਵਧੀਕ ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਸਿਹਤ ਸੈਕਟਰ ਨਾਲ ਸੰਬੰਧਿਤ ਜਨਰਲ ਡਿਊਟੀ ਸਹਾਇਕ, ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਬੇਸਿਕ, ਜਨਰਲ ਡਿਊਟੀ ਸਹਾਇਕ ਕ੍ਰਿਟੀਕਲ ਕੇਅਰ, ਹੋਮ ਹੈਲਥ ਏਡ, ਮੈਡੀਕਲ ਏਕੁਈਪਮੈਂਟ ਟੈਕਨੌਲੋਜੀ ਸਹਾਇਕ ਅਤੇ ਫਲੈਬੋਟੋਮਿਸਟ ਮੁਫ਼ਤ ਸਕਿੱਲ ਕੋਰਸ ਹੋਰ ਸ਼ੁਰੂ ਕੀਤੇ ਜਾਣਗੇ। ਇਨ੍ਹਾਂ ਬਾਰੇ ਵਧੇਰੇ ਜਾਣਕਾਰੀ ਜ਼ਿਲਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ, ਦਫ਼ਤਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਕਮਰਾ ਨੰਬਰ 5, ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ, ਸਰਹਿੰਦ ਰੋਡ, ਪਟਿਆਲਾ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਵਿੱਚ ਦਾਖਲਾ ਲੈਣ ਲਈ 18 ਤੋਂ 35 ਸਾਲ ਦੇ ਜਨਰਲ ਕੈਟਾਗਰੀ ਅਤੇ 40 ਸਾਲ ਤਕ ਪਛੜੀ ਸ਼੍ਰੇਣੀ/ਅਨੁਸੂਚਿਤ ਜਾਤੀ ਨਾਲ ਸਬੰਧਤ ਲੜਕੇ ਤੇ ਲੜਕੀਆਂ (ਵਿਦਿਅਕ ਯੋਗਤਾ ਘੱਟੋ-ਘੱਟ ਦਸਵੀਂ) https://forms.gle/FhCrGgt3hYaySqPp9 ਲਿੰਕ ‘ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

Spread the love