ਕੈਬਨਿਟ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ 75ਵੇਂ ਆਜ਼ਾਦੀ ਦਿਵਸ ਦੀ ਪੂਰਬ ਸੰਧਿਆ ਮੌਕੇ ਤਰਨ ਤਾਰਨ ਵਿਖੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
ਤਰਨ ਤਾਰਨ, 14 ਅਗਸਤ 2021
ਕੈਬਨਿਟ ਮੰਤਰੀ ਪੰਜਾਬ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ 75ਵੇਂ ਆਜ਼ਾਦੀ ਦਿਵਸ ਦੀ ਪੂਰਬ ਸੰਧਿਆ ਮੌਕੇ ਅੱਜ ਜ਼ਿਲ੍ਹੇ ਵਿੱਚ ਆਮ ਜਨਤਾ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਲਈ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਬੀਰ ਅਗਨੀਹੋਤਰੀ, ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ, ਐੱਸ. ਐੱਸ. ਪੀ. ਸ੍ਰ ਿਧਰੁਮਾਨ ਐੱਚ. ਨਿੰਬਾਲੇ ਅਤੇ ਸੀਨੀਅਰ ਕਾਂਗਰਸੀ ਆਗੂ ਡਾ. ਸੰਦੀਪ ਅਗਨੀਹੋਤਰੀ ਉਹਨਾਂ ਦੇ ਨਾਲ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ।ਉਹਨਾਂ ਕਿਹਾ ਕਿ ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਬੀਰ ਅਗਨੀਹੋਤਰੀ ਦੀ ਅਗਵਾਈ ਹੇਠ ਹਲਕਾ ਤਰਨ ਤਾਰਨ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਬੀਰ ਅਗਨੀਹੋਤਰੀ ਨੇ ਤਰਨ ਤਾਰਨ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀ-ਪੁਵਾਇੰਟ ਨੇੜੇ ਮਾਝਾ ਕਾਲਜ ਤੋਂ ਲੈ ਕੇ ਟੱਕਰ ਸਾਹਿਬ ਫਾਟਕ ਤੱਕ ਸੜਕਾ ਦੇ ਦੋਨਾਂ ਪਾਸੇ ਰੋਡ ਬਰਮ ਅਤੇ ਇੰਟਰਲਾੱਕ ਟਾਇਲਾਂ ਲਗਾ ਕੇ ਫੁੱਟਪਾਥ ਦਾ ਕੰਮ ਕਰਵਾਇਆ ਗਿਆ ਹੈ, ਜਿਸ ‘ਤੇ ਲਗਭਗ 1 ਲੱਖ 27 ਹਜ਼ਾਰ ਰੁਪਏ ਖਰਚ ਆਇਆ ਹੈ।
ਇਸ ਤੋਂ ਇਲਾਵਾ ਪੰਜਾਬ ਅਰਬਨ ਇਨਵਾਇਰਮੈਂਟ ਇੰਪਰੂਵਮੈਂਟ ਪ੍ਰੋਗਰਾਮ ਫੇਜ-2 ਅਧੀਨ ਮੁਹੱਲਾ ਮੁਰਾਦਪੁਰਾ, ਜਿਲ੍ਹਾ ਤਰਨ ਤਾਰਨ ਵਿਖੇ 22 ਲੱਖ 45 ਹਜ਼ਾਰ ਰੁਪਏ ਦੀ ਲਾਗਤ ਨਾਲ ਇੱਕ ਪਾਰਕ ਬਣਾਈ ਗਈ ਹੈ, ਜਿਸ ਨਾਲ ਮੁਰਾਦਪੁਰਾ ਮੁਹੱਲਾ ਨਿਵਾਸੀਆ ਨੂੰ ਸਵੇਰੇ ਸ਼ਾਮ ਸੈਰ ਕਰਨ ਦੀ ਸਹੂਲਤ ਦਿੱਤੀ ਗਈ ਹੈ ਅਤੇ ਬੱਚਿਆ ਦੇ ਖੇਡਣ ਲਈ ਝੂਲੇ ਆਦਿ ਲਗਵਾਏ ਗਏ ਹਨ।
ਜਿਲ੍ਹਾ ਤਰਨ ਤਾਰਨ ਦੇ ਲੋਕਾਂ ਦੀ ਸਹੂਲਤ ਲਈ ਕਾਜ਼ੀਕੋਟ ਰੋਡ ਨੇੜੇ ਰੋਹੀ ਕੰਡਾਂ ਤਰਨ ਤਾਰਨ ਵਿਖੇ 5 ਕਰੋੜ 43 ਲੱਖ ਰੁਪਏ ਦੀ ਲਾਗਤ ਨਾਲ 4 ਐੱਮ. ਐੱਲ. ਡੀ ਕੈਪੇਸਿਟੀ ਦਾ ਸੀਵਰੇਜ ਟਰੀਟਮੈਂਟ ਪਲਾਂਟ ਲਗਾਇਆ ਜਾ ਰਿਹਾ ਹੈ।ਇਹ ਸੀਵਰੇਜ ਪਲਾਂਟ ਤਰਨ ਤਾਰਨ ਦੇ ਵਾਰਡ ਨੰਬਰ 1, 3, 4, 5 ਅਤੇ 23 ਦੇ ਸੀਵਰੇਜ ਪਾਣੀ ਨੂੰ ਸਾਫ ਕਰੇਗਾ। ਇਹ ਟਰੀਟਮੈਂਟ ਪਲਾਂਟ ਦੇ ਸ਼ੁਰੂ ਹੋਣ ਨਾਲ ਰੋਹੀ ਡਰੇਨ ਵਿੱਚ ਅਣਟਰੀਟ ਕੀਤੇ ਸੀਵਰੇਜ ਦੇ ਗੰਦੇ ਪਾਣੀ ਦਾ ਨਿਕਾਸ ਬੰਦ ਹੋ ਜਾਵੇਗਾ ਅਤੇ ਲੋਕਾਂ ਨੂੰ ਰੋਹੀ ਡਰੇਨ ਵਿੱਚ ਆਉਣ ਵਾਲੇ ਗੰਦੇ ਪਾਣੀ ਕਾਰਨ ਪੈਦਾ ਹੋਣ ਵਾਲੀ ਬਦਬੂ ਦੀ ਪਰੇਸ਼ਾਨੀ ਤੋਂ ਰਾਹਤ ਮਿਲੇਗੀ ਅਤੇ ਵਾਤਾਵਰਣ ਵਿੱਚ ਸੁਧਾਰ ਹੋਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਰੇਡੀਓ ਡਾਇਗਨੌਸਟਿਕ ਅਤੇ ਲੈਬ ਡਾਇਗਨੌਸਟਿਕ ਸੈਂਟਰਾਂ ਦੇ ਅੱਪਗ੍ਰੇਡੇਸ਼ਨ ਹੋਣ ਕਰਕੇ ਕਰੋੜਾਂ ਰੁਪਏ ਦੀ ਲਾਗਤ ਨਾਲ ਲੱਗਣ ਵਾਲੀ ਸੀ. ਟੀ. ਸਕੈਨ ਮਸ਼ੀਨ ਅਤੇ ਲੈਬਾਰਟਰੀ ਦਾ ਜ਼ਿਲ੍ਹੇ ਦੇ ਲੋਕਾਂ ਨੂੰ ਲਾਭ ਹੋਵੇਗਾ। ਸੀ. ਟੀ. ਸਕੈਨ ਕਰਵਾਉਣ ਲਈ ਪਹਿਲਾਂ ਆਮ ਜਨਤਾ ਨੂੰ ਅੰਮ੍ਰਿਤਸਰ ਜਾਂ ਕਿਸੇ ਹੋਰ ਸੈਂਟਰ ਜਾਣਾ ਪੈਂਦਾ ਸੀ, ਜਿੱਥੇ ਕਿ ਉਹਨਾਂ ਨੂੰ 5000 ਰੁਪਏ ਤੱਕ ਖਰਚਾ ਕਰਨਾ ਪੈਂਦਾ ਸੀ। ਸਰਕਾਰੀ ਹਸਪਤਾਲ ਤਰਨ ਤਾਰਨ ਵਿਖੇ ਇਹ ਸੈਂਟਰ ਚਾਲੂ ਹੋਣ ਉਪਰੰਤ ਇਹ ਸਹੂਲਤ ਲੋਕਥ ਨੂੰ ਮੁਫਤ ਮਿਲੇਗੀ, ਜਿਸ ਵਿੱਚ ਗਰੀਬ ਲੋਕਾਂ ਦੇ ਸੀ. ਟੀ ਸਕੈਨ ਅਤੇ ਟੈਸਟ ਮੁਫਤ ਕੀਤੇ ਜਾਣਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ, ਸਿਵਲ ਸਰਜਨ ਡਾ. ਰੋਹਿਤ ਮਹਿਤਾ, ਕਾਰਜ ਸਾਧਕ ਅਫ਼ਸਰ ਸ੍ਰੀਮਤੀ ਸ਼ਰਨਜੀਤ ਕੌਰ ਤੋਂ ਇਲਾਵਾ ਕਾਂਗਰਸੀ ਆਗੂ ਤੇ ਵਰਕਰ ਵੀ ਹਾਜ਼ਰ ਸਨ।