ਪਿੰਡ ਨਾਰਾ ’ਚ 82 ਲਾਭਪਾਤਰੀਆਂ ਨੂੰ ਦਿੱਤੇ ਗੈਸ ਕੁਨੈਕਸ਼ਨ
ਲੋਕ ਘਰਾਂ ਦੀਆਂ ਰਸੋਈਆਂ ’ਚ ਗੈਸ ਵਰਤਣ ਨਾ ਕਿ ਬਾਲਣ
ਹੁਸ਼ਿਆਰਪੁਰ, 28 ਮਈ 2021 ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਪਨਕੈਂਪਾ ਸਕੀਮ ਲਾਭਪਾਤਰੀਆਂ ਲਈ ਬਹੁਤ ਲਾਭਦਾਇਕ ਸਾਬਤ ਹੋਣ ਦੇ ਨਾਲ-ਨਾਲ ਦਰੱਖਤਾਂ ਦੀ ਬੇਲੋੜੀ ਕਟਾਈ ਨੂੰ ਰੋਕਣ ਅਤੇ ਸਿਹਤਮੰਦ ਵਾਤਾਵਰਣ ਪ੍ਰਦਾਨ ਕਰਾਉਣ ਨੂੰ ਯਕੀਨੀ ਬਣਾਏਗੀ।
ਨੇੜਲੇ ਪਿੰਡ ਨਾਰਾ ਵਿਖੇ ਜੰਗਲਾਤ ਵਿਭਾਗ ਦੀ ਪਨਕੈਂਪਾ ਸਕੀਮ ਤਹਿਤ 82 ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨ ਦੇਣ ਉਪਰੰਤ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਕੁਨੈਕਸ਼ਨ ਮਿਲਣ ਨਾਲ ਲਾਭਪਾਤਰੀਆ ਵਲੋਂ ਆਪਣਾ ਘਰੇਲੂ ਖਾਣਾ ਪਕਾਉਣ ਦਾ ਕੰਮ ਗੈਸ ਰਾਹੀਂ ਕਰਦਿਆਂ ਰਸੋਈਆਂ ਵਿੱਚ ਬਾਲਣ ਦੀ ਵਰਤੋਂ ਨੂੰ ਰੋਕਿਆ ਜਾਵੇਗਾ ਜਿਸ ਕਾਰਨ ਧੂੰਏ ਨਾਲ ਦੂਸ਼ਿਤ ਹੁੰਦਾ ਵਾਤਾਵਰਣ ਅਤੇ ਮਨੁੱਖੀ ਸਿਹਤ ’ਤੇ ਪੈਣ ਵਾਲਾ ਅਸਰ ਵੀ ਰੁਕੇਗਾ। ਉਨ੍ਹਾਂ ਨੇ ਕੰਢੀ ਖੇਤਰ ਦੇ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਰਸੋਈਆਂ ਵਿੱਚ ਗੈਸ ਦੀ ਵਰਤੋਂ ਨੂੰ ਤਰਜ਼ੀਹ ਦੇਣ ਜੋ ਕਿ ਮਨੁੱਖੀ ਸਿਹਤ ਅਤੇ ਵਾਤਾਵਰਣ ਲਈ ਲਾਭਦਾਇਕ ਹੈ।
ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਜਿਹੜੇ ਕੁਝ ਲਾਭਪਾਤਰੀ ਫਿਲਹਾਲ ਸਕੀਮ ਦਾ ਲਾਹਾ ਲੈਣੋਂ ਰਹਿ ਗਏ ਹਨ, ਉਨ੍ਹਾਂ ਨੂੰ ਵੀ ਜਲਦ ਗੈਸ ਕੁਨੈਕਸ਼ਨ ਮੁਹੱਈਆ ਕਰਵਾਏ ਜਾਣਗੇ। ਦਰੱਖਤਾਂ ਦੀ ਮਨੁੱਖੀ ਜੀਵਨ ਵਿੱਚ ਅਹਿਮੀਅਤ ਬਾਰੇ ਉਦਯੋਗ ਮੰਤਰੀ ਨੇ ਕਿਹਾ ਕਿ ਦਰੱਖਤਾਂ ਤੋਂ ਬਿਨਾਂ ਮਨੁੱਖੀ ਜੀਵਨ ਅਧੁਰਾ ਹੈ ਜਿਨ੍ਹਾਂ ਦੀ ਰਾਖੀ ਲਈ ਸਾਰਿਆਂ ਨੂੰ ਆਪਣਾ ਬਣਦਾ ਫਰਜ਼ ਨਿਭਾਉਣਾ ਚਾਹੀਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਣ ਮੰਡਲ ਅਫ਼ਸਰ ਅਮਨੀਤ ਸਿੰਘ, ਸਰਪੰਚ ਅਸ਼ੋਕ ਕੁਮਾਰ, ਕੁਲਵੰਤ ਰਾਏ, ਹਰਜੀਤ ਸਿੰਘ, ਹੰਸ ਰਾਜ, ਕੰਵਲਜੀਤ ਕੌਰ, ਸੰਦੀਪ ਕੌਰ (ਸਾਰੇ ਪੰਚ), ਗਿਆਨ ਚੰਦ, ਮਹਿੰਦਰ ਪਾਲ, ਸੁਰਿੰਦਰ ਕੁਮਾਰ, ਬਲਾਕ ਦਿਹਾਤੀ ਪ੍ਰਧਾਨ ਕੈਪਟਨ ਕਰਮ ਚੰਦ, ਸਰਪੰਚ ਕੁਲਦੀਪ ਅਰੋੜਾ ਆਦਿ ਮੌਜੂਦ ਸਨ।