ਜ਼ਿਲਾ ਪੱਧਰੀ ਸਮਾਗਮ ਦੌਰਾਨ ਬੇਜ਼ਮੀਨੇ ਖੇਤੀ ਕਾਮਿਆਂ ਨੂੰ ਵੰਡੇ ਕਰਜ਼ਾ ਰਾਹਤ ਪ੍ਰਮਾਣ ਪੱਤਰ
ਨਵਾਂਸ਼ਹਿਰ, 20 ਅਗਸਤ 2021
ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਕਿਸਾਨਾਂ ਅਤੇ ਬੇਜ਼ਮੀਨੇ ਮੈਂਬਰਾਂ ਦੇ ਸਿਰੋਂ ਕਰਜ਼ੇ ਦੀ ਪੰਡ ਲਾਹੁਣ ਲਈ ਅਤੇ ਇਨਾਂ ਦੀ ਆਰਥਿਕ ਸਥਿਤੀ ਵਿਚ ਸੁਧਾਰ ਲਿਆਉਣ ਲਈ ਜੀਅ-ਤੋੜ ਯਤਨ ਕੀਤੇ ਗਏ ਹਨ। ਇਸ ਤਹਿਤ ਜਿਥੇ ਵੱਖ-ਵੱਖ ਭਲਾਈ ਸਕੀਮਾਂ ਚਲਾਈਆਂ ਗਈਆਂ ਹਨ, ਉਥੇ ਕਿਸਾਨੀ ਕਰਜ਼ਾ ਰਾਹਤ ਸਕੀਮ ਅਤੇ ਬੇਜ਼ਮੀਨੇ ਕਰਜ਼ਾ ਰਾਹਤ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਇਹ ਪ੍ਰਗਟਾਵਾ ਸਹਿਕਾਰਤਾ ਅਤੇ ਜੇਲਾਂ ਮੰਤਰੀ, ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜ਼ਿਲਾ ਪੱਧਰੀ ਸਮਾਗਮ ਦੌਰਾਨ ਬੇਜ਼ਮੀਨੇ ਖੇਤੀ ਕਾਮਿਆਂ ਨੂੰ ਕਰਜ਼ਾ ਰਾਹਤ ਪ੍ਰਮਾਣ ਪੱਤਰ ਵੰਡਣ ਦੀ ਰਸਮੀ ਤੌਰ ’ਤੇ ਸ਼ੁਰੂਆਤ ਕਰਦਿਆਂ ਕੀਤਾ। ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ, ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ, ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਐਸ. ਐਸ. ਪੀ ਅਲਕਾ ਮੀਨਾ ਦੀ ਮੌਜੂਦਗੀ ਵਿਚ ਹੋਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬੇਜ਼ਮੀਨੇ ਕਰਜ਼ਾ ਰਾਹਤ ਸਕੀਮ ਤਹਿਤ ਅੱਜ ਪੰਜਾਬ ਸਰਕਾਰ ਵੱਲੋਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀਆਂ 111 ਬਹੁਮੰਤਵੀ ਸਹਿਕਾਰੀ ਸਭਾਵਾਂ ਦੇ 31066 ਬੇਜ਼ਮੀਨੇ ਕਰਜ਼ਦਾਰਾਂ ਵੱਲੋਂ 31 ਮਾਰਚ 2019 ਤੱਕ ਲਏ ਗਏ ਕਰੀਬ 64.62 ਕਰੋੜ ਰੁਪਏ ਦੇ ਕਰਜ਼ੇ ਦੀ ਰਾਹਤ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਨਾਂ ਵਿਚੋਂ ਵਿਧਾਨ ਸਭਾ ਹਲਕਾ ਬੰਗਾ ਦੀਆਂ 32 ਸਹਿਕਾਰੀ ਸਭਾਵਾਂ ਦੇ 10654 ਬੇਜ਼ਮੀਨੇ ਕਿਸਾਨਾਂ ਦਾ ਕੁੱਲ 22.19 ਕਰੋੜ ਰੁਪਏ, ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੀਆਂ 32 ਸਹਿਕਾਰੀ ਸਭਾਵਾਂ ਦੇ 12674 ਬੇਜ਼ਮੀਨੇ ਕਿਸਾਨਾਂ ਦਾ ਕੁੱਲ 26.76 ਕਰੋੜ ਰੁਪਏ ਅਤੇ ਵਿਧਾਨ ਸਭਾ ਹਲਕਾ ਬਲਾਚੌਰ ਦੀਆਂ 37 ਸਹਿਕਾਰੀ ਸਭਾਵਾਂ ਦੇ 7738 ਬੇਜ਼ਮੀਨੇ ਕਿਸਾਨਾਂ ਦਾ ਕੁੱਲ 15.66 ਕਰੋੜ ਰੁਪਏ ਦੇ ਕਰਜ਼ੇ ਦੀ ਰਾਹਤ ਦਿੱਤੀ ਜਾ ਰਹੀ ਹੈ।
ਉਨਾਂ ਦੱਸਿਆ ਕਿ ਕਿਸਾਨੀ ਕਰਜ਼ਾ ਰਾਹਤ ਸਕੀਮ 2017 ਤਹਿਤ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀਆਂ 142 ਬਹੁਮੰਤਵੀ ਸਹਿਕਾਰੀ ਸਭਾਵਾਂ ਦੇ ਸੀਮਤ ਅਤੇ ਛੋਟੇ ਕਿਸਾਨਾਂ ਵੱਲੋਂ 31 ਮਾਰਚ 2017 ਤੱਕ ਲਏ ਗਏ ਕਰਜ਼ੇ ਵਿਚ ਰਾਹਤ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ਦੌਰਾਨ ਢਾਈ ਏਕੜ ਤੱਕ ਜ਼ਮੀਨ ਦੀ ਮਾਲਕੀ ਵਾਲੇ 7859 ਕਿਸਾਨਾਂ ਨੂੰ ਕਰੀਬ 73.86 ਕਰੋੜ ਅਤੇ ਪੰਜ ਏਕਡ ਤੱਕ ਦੀ ਮਾਲਕੀ ਵਾਲੇ 1725 ਕਿਸਾਨਾਂ ਨੂੰ 13.25 ਕਰੋੜ ਰੁਪਏ ਕਰਜ਼ਾ ਰਾਹਤ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਇਨਾਂ ਵਿਚੋਂ ਵਿਧਾਨ ਸਭਾ ਹਲਕਾ ਬੰਗਾ ਦੀਆਂ 55 ਸਹਿਕਾਰੀ ਸਭਾਵਾਂ ਦੇ 1917 ਸੀਮਤ ਕਿਸਾਨਾਂ ਤੇ 357 ਛੋਟੇ ਕਿਸਾਨਾਂ ਦਾ ਕੁੱਲ 19.94 ਕਰੋੜ ਰੁਪਏ, ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੀਆਂ 48 ਸਹਿਕਾਰੀ ਸਭਾਵਾਂ ਦੇ 2769 ਸੀਮਤ ਕਿਸਾਨਾਂ ਅਤੇ 682 ਛੋਟੇ ਕਿਸਾਨਾਂ ਦਾ ਕੁੱਲ 29.61 ਕਰੋੜ ਰੁਪਏ ਅਤੇ ਵਿਧਾਨ ਸਭਾ ਹਲਕਾ ਬਲਾਚੌਰ ਦੀਆਂ 39 ਸਹਿਕਾਰੀ ਸਭਾਵਾਂ ਦੇ 3173 ਸੀਮਤ ਕਿਸਾਨਾਂ ਅਤੇ 686 ਛੋਟੇ ਕਿਸਾਨਾਂ ਨੂੰ 37.55 ਕਰੋੜ ਰੁਪਏ ਦੇ ਕਰਜ਼ੇ ਦੀ ਰਾਹਤ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਅਤੇ ਹੋਰਨਾਂ ਸ਼ਖਸੀਅਤਾਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਬੇਜ਼ਮੀਨੇ ਖੇਤੀ ਕਮਿਆਂ ਨੂੰ ਕਰਜ਼ਾ ਰਾਹਤ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਵਿਚ ਆਨਲਾਈਨ ਸ਼ਿਰਕਤ ਕੀਤੀ।
ਇਸ ਮੌਕੇ ਚੇਅਰਪਰਸਨ ਜ਼ਿਲਾ ਪ੍ਰੀਸ਼ਦ ਹਰਮੇਸ਼ ਕੌਰ, ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਰਾਜੀਵ ਗੁਪਤਾ, ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਸਹਾਇਕ ਕਮਿਸ਼ਨਰ ਅਨਿਲ ਗੁਪਤਾ, ਐਸ. ਪੀ ਵਜੀਰ ਸਿੰਘ ਖਹਿਰਾ, ਏ. ਐਮ. ਡੀ ਜਗਦੀਸ਼ ਸਿੰਘ ਸਿੱਧੂ, ਜੇ. ਆਰ ਗੁਰਪ੍ਰੀਤ ਸਿੰਘ, ਡੀ. ਆਰ ਨਵਨੀਤ ਕੌਰ, ਐਮ. ਡੀ ਸਹਿਕਾਰੀ ਬੈਂਕ ਹਰਵਿੰਦਰ ਸਿੰਘ ਢਿੱਲੋਂ, ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਸਚਿਨ ਦੀਵਾਨ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਡਾ. ਕਮਲਜੀਤ ਲਾਲ, ਮਾਰਕੀਟ ਕਮੇਟੀ ਦੇ ਚੇਅਰਮੈਨ ਚਮਨ ਸਿੰਘ ਭਾਨ ਮਾਜਰਾ, ਕੌਂਸਲਰ ਚੇਤ ਰਾਮ ਰਤਨ, ਜੋਗਿੰਦਰ ਸਿੰਘ ਭਗੌਰਾਂ, ਸੁਖਵਿੰਦਰ ਸਿੰਘ, ਏ. ਆਰ. ਗੁਰਵਿੰਦਰ ਜੀਤ ਸਿੰਘ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਕੈਪਸ਼ਨ :-ਪ੍ਰਮਾਣ ਪੱਤਰਾਂ ਦੀ ਵੰਡ ਕਰਦੇ ਹੋਏ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ। ਨਾਲ ਵਿਧਾਇਕ ਅੰਗਦ ਸਿੰਘ, ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਐਸ. ਐਸ. ਪੀ ਅਲਕਾ ਮੀਨਾ ਤੇ ਹੋਰ।