ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ ਵੱਡੇ ਪੱਧਰ ’ਤੇ ਨੌਜਵਾਨਾਂ ਨੂੰ ਨੌਂਕਰੀਆਂ ਦੇਣ ਲਈ ਭਰਤੀ ਪ੍ਰੀਕ੍ਰਿਆ ਸ਼ੁਰੂ :  ਵਿਧਾਇਕ ਲਾਡੀ

ਬਟਾਲਾ, 1 ਜੂਨ 2021 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਰੇ ਵਿਭਾਗਾਂ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਜਲਦ ਤੋਂ ਜਲਦ ਭਰਨ ਅਤੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਮਕਸਦ ਤਹਿਤ ਪੰਜਾਬ ਸਰਕਾਰ ਵੱਲੋਂ ਯੋਗ ਉਮੀਦਵਾਰਾਂ ਦੀ ਭਰਤੀ ਦੀ ਪ੍ਰੀਕ੍ਰਿਆ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਵੱਡੇ ਪੱਧਰ ’ਤੇ ਵੱਖ-ਵੱਖ ਵਿਭਾਗਾਂ ਵਿਚ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਬਹੁਤ ਸਾਰੀਆਂ ਅਸਾਮੀਆਂ ਹਾਲੇ ਵੀ ਭਰੀਆਂ ਜਾਣੀਆਂ ਬਾਕੀ ਹਨ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ 5 ਵਿਭਾਗਾਂ ਵਿਚ ਵੱਖ-ਵੱਖ ਅਸਾਮੀਆਂ ਲਈ 38,552 ਪੋਸਟਾਂ ਭਰੀਆਂ ਜਾਣੀਆਂ ਹਨ, ਜਿਨਾਂ ਵਿਚੋਂ ਸਕੂਲ ਸਿੱਖਿਆ ਵਿਭਾਗ ਵਿਚ 16681 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਸ. ਲਾਡੀ ਨੇ ਦੱਸਿਆ ਕਿ ਗ੍ਰਹਿ ਵਿਭਾਗ ’ਚ 10387, ਬਿਜਲੀ ਵਿਭਾਗ ’ਚ 3623, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿਚ 5834 ਅਤੇ ਸਹਿਕਾਰਤਾ ਵਿਭਾਗ ਵਿਚ ਵੀ 2027 ਅਸਾਮੀਆਂ ਦੀ ਵੱਖ-ਵੱਖ ਪੱਧਰ ’ਤੇ ਭਰਤੀ ਕੀਤੀ ਜਾਣੀ ਹੈ।
ਵਿਧਾਇਕ ਸ. ਲਾਡੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਹਾਊਸਿੰਗ, ਪਬਲਿਕ ਵਰਕਸ, ਟਰਾਂਸਪੋਰਟ, ਪਸ਼ੂ ਪਾਲਣ ਵਿਭਾਗ, ਕਿਰਤ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਖੇਤੀਬਾੜੀ, ਜੰਗਲਾਤ, ਜੇਲ ਵਿਭਾਗ, ਮੈਡੀਕਲ ਸਿੱਖਿਆ, ਯੋਜਨਾ ਵਿਭਾਗ, ਖੇਡ ਅਤੇ ਯੁਵਕ ਸੇਵਾਵਾਂ ਵਿਭਾਗ, ਸਮਾਜਿਕ ਸੁਰੱਖਿਆ, ਪਿ੍ਰੰਟਿੰਗ ਐਂਡ ਸਟੇਸ਼ਨਰੀ ਵਿਭਾਗ, ਚੋਣਾਂ ਵਿਭਾਗ, ਡਿਫੈਂਸ ਸਰਵਸਿਜ਼, ਸੈਰ ਸਪਾਟਾ ਵਿਭਾਗ, ਸਿਵਲ ਏਵੀਏਸ਼ਨ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਚ ਵੀ ਭਰਤੀ ਪ੍ਰਕਿਰਿਆ ਲਈ ਕਾਰਜ ਜ਼ੋਰਾਂ ’ਤੇ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਵਿਭਾਗਾਂ ਤੋਂ ਇਲਾਵਾ ਤਕਨੀਕੀ ਸਿੱਖਿਆ, ਜਲ ਸਰੋਤ ਵਿਭਾਗ, ਉਚੇਰੀ ਸਿੱਖਿਆ, ਮਾਲ ਵਿਭਾਗ ਅਤੇ ਦਿਹਾਤੀ ਵਿਕਾਸ ਵਿਭਾਗ ਵਿਚ ਵੱਡੇ ਪੱਧਰ ’ਤੇ ਭਰਤੀ ਕੀਤੀ ਜਾਣੀ ਹੈ।
ਵਿਧਾਇਕ ਸ. ਲਾਡੀ ਨੇ ਕਿਹਾ ਕਿ ਨਵੀਂ ਭਰਤੀ ਨਾਲ ਨਾ ਸਿਰਫ ਦਫਤਰੀ ਕੰਮਾਂ ਵਿਚ ਕਾਰਜਕੁਸ਼ਲਤਾ ਵਧੇਗੀ ਤੇ ਲੋਕਾਂ ਨੂੰ ਵਧੀਆਂ ਢੰਗ ਨਾਲ ਸੇਵਾਵਾਂ ਮਿਲਣਗੀਆਂ ਬਲਕਿ ਇਸ ਨਾਲ ਸੂਬੇ ਦੇ ਬੇਰੋਜ਼ਗਾਰਾਂ ਨੂੰ ਸਰਕਾਰੀ ਨੌਕਰੀਆਂ ਵੀ ਮਿਲਣਗੀਆਂ।

Spread the love