ਪੰਜਾਬ ਸਰਕਾਰ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਨੂੰ ਸਾਰੇ ਸੂਚੀਬਧ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ ਦਾ ਮੁਫ਼ਤ ਇਲਾਜ ਦਿੱਤਾ ਜਾਵੇਗਾ : ਚੇਅਰਮੈਨ ਚੀਮਾ

ਰਾਜ ਸਰਕਾਰ ਦੀ ਇਸ ਪਹਿਲਕਦਮੀ ਨਾਲ ਸੂਬੇ ਭਰ ਵਿੱਚ 39.57 ਲੱਖ ਤੋਂ ਵੱਧ ਪਰਿਵਾਰਾਂ ਨੂੰ ਮਿਲੇਗਾ ਲਾਭ
ਬਟਾਲਾ, 26 ਮਈ 2021 ਸਮਾਜ ਦੇ ਕਮਜੋਰ ਅਤੇ ਦੱਬੇ ਕੁਚਲੇ ਵਰਗਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਆਉਂਦੇ ਕੋਵਿਡ-19 ਦੇ ਮਰੀਜ਼ਾਂ ਨੂੰ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਦੇਣ ਦਾ ਫੈਸਲਾ ਕੀਤਾ ਹੈ।ਰਾਜ ਸਰਕਾਰ ਦੀ ਇਸ ਪਹਿਲਕਦਮੀ ਨਾਲ ਸੂਬੇ ਭਰ ਵਿੱਚ 39.57 ਲੱਖ ਤੋਂ ਵੱਧ ਪਰਿਵਾਰਾਂ ਨੂੰ ਲਾਭ ਮਿਲੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ 8000 ਰੁਪਏ ਤੋਂ 18,000 ਰੁਪਏ ਪ੍ਰਤੀ ਦਿਨ ਦੀਆਂ ਤੈਅ ਇਲਾਜ ਦਰਾਂ ’ਤੇ ਕੋਵਿਡ ਦਾ ਇਲਾਜ ਪ੍ਰਦਾਨ ਕਰਨ ਦੇ ਸਮਰੱਥ ਹਸਪਤਾਲਾਂ ਵਿੱਚ ਇਹ ਸਹੂਲਤ ਉਪਲੱਬਧ ਹੋਵੇਗੀ ਅਤੇ ਇਹੀ ਇਲਾਜ ਦਰਾਂ ਆਮ ਜਨਤਾ ਵਾਸਤੇ ਸੂਬੇ ਦੇ ਪ੍ਰਾਈਵੇਟ ਹਸਪਤਾਲਾਂ ਲਈ ਤੈਅ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਰਾਜ ਸਰਕਾਰ ਤੈਅ ਦਰਾਂ ਵਿੱਚੋਂ ਬੀਮਾ ਕੰਪਨੀ ਦੁਆਰਾ ਅਦਾਇਗੀਯੋਗ ਖਰਚੇ ਨੂੰ ਘਟਾਉਣ ਤੋਂ ਬਾਅਦ ਬਚੇ ਸਾਰੇ ਇਲਾਜ ਖ਼ਰਚ ਨੂੰ ਸਹਿਣ ਕਰੇਗੀ। ਸ. ਚੀਮਾ ਨੇ ਸਪੱਸ਼ਟ ਕੀਤਾ ਕਿ ਨਿਰਧਾਰਤ ਕੀਤੀਆਂ ਗਈਆਂ ਇਲਾਜ ਦਰਾਂ ਵਿੱਚ ਬੈੱਡ, ਪੀਪੀਈ ਕਿੱਟਾਂ, ਦਵਾਈਆਂ, ਕੰਜਿਊਮਏਬਲਜ਼, ਨਿਗਰਾਨੀ / ਨਰਸਿੰਗ ਕੇਅਰ, ਡਾਕਟਰ ਦੀ ਫੀਸ, ਜਾਂਚ, ਆਕਸੀਜਨ ਆਦਿ ਦਾ ਖ਼ਰਚਾ ਸਾਮਲ ਹੈੈ।
ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਇਸ ਬੀਮਾ ਯੋਜਨਾ ਤਹਿਤ ਲਾਭਪਾਤਰੀ ਕੋਵਿਡ-19 ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਤੋਂ ਬਿਨਾਂ ਕਿਸੇ ਰੈਫਰਲ ਦੀ ਜਰੂਰਤ ਦੇ ਸਿੱਧੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਸਕਦੇ ਹਨ।ਉਨਾਂ ਕਿਹਾ ਕਿ ਇਸ ਕਦਮ ਨਾਲ ਸੂਬੇ ਦੇ ਕਮਜ਼ੋਰ ਅਤੇ ਲੋੜਵੰਦ ਵਰਗ ਨੂੰ ਵੱਡੀ ਰਾਹਤ ਮਿਲਗੀ ਜੋ ਹੁਣ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਲੈਵਲ 2 ਅਤੇ ਲੈਵਲ 3 ਦੀਆਂ ਇਲਾਜ ਸੇਵਾਵਾਂ ਲੈ ਸਕਣਗੇ।ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਨਾਂ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਉਪਲੱਬਧ ਇਲਾਜ ਸੇਵਾਵਾਂ ਦਾ ਖ਼ਰਚ ਭਾਰਤ ਸਰਕਾਰ ਦੁਆਰਾ ਤੈਅ ਕੀਤੀਆਂ ਸਰਬੱਤ ਸਿਹਤ ਬੀਮਾ ਯੋਜਨਾ ਸਕੀਮ ਦੀਆਂ ਦਰਾਂ ਅਨੁਸਾਰ ਅਦਾਇਗੀ ਯੋਗ ਸੀ ਜਿਸਦੀਆਂ ਇਲਾਜ ਦਰਾਂ 1,800 ਰੁਪਏ ਤੋਂ 4,500 ਰੁਪਏ ਤੱਕ ਸਨ ਜੋ ਕਿ ਇੱਕ ਹਸਪਤਾਲ ਲਈ ਕੋਵਿਡ-19 ਮਰੀਜ ਦੇ ਇਲਾਜ ਖ਼ਰਚਿਆਂ ਨੂੰ ਪੂਰਾ ਕਰਨ ਲਈ ਬਹੁਤ ਘੱਟ ਸੀ, ਜਿਸ ਵਿੱਚ ਪੀਪੀਈ ਕਿੱਟਾਂ, ਮਾਸਕ, ਕੰਜਿਊਮਏਬਲਜ਼, ਆਈਸੋਲੇਸ਼ਨ ਆਦਿ ਦਾ ਵਾਧੂ ਖਰਚਾ ਵੀ ਸ਼ਾਮਲ ਹੈ।
ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਹਾਲਾਂਕਿ ਸਰਕਾਰੀ ਹਸਪਤਾਲਾਂ ਵਿੱਚ ਸ਼ੁਰੂ ਤੋਂ ਹੀ ਕੋਵਿਡ-19 ਲਾਭਪਾਤਰੀ ਮਰੀਜਾਂ ਦਾ ਇਲਾਜ ਪੂਰੀ ਤਰਾਂ ਮੁਫਤ ਰਿਹਾ ਹੈ ਪਰ ਸਮਾਜ ਦੇ ਇੱਕ ਵੱਡੇ ਹਿੱਸੇ ਨੂੰ ਰਾਹਤ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਨੇ ਵਾਧੂ ਖ਼ਰਚੇ ਸਹਿਣ ਕਰਨ ਅਤੇ ਕੋਵਿਡ-19 ਦੇ ਮਰੀਜ਼ਾਂ ਲਈ ਸਕੀਮ ਤਹਿਤ ਨਿਰਧਾਰਤ ਦਰਾਂ ’ਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਇਲਾਜ ਦੀ ਆਗਿਆ ਦੇਣ ਦਾ ਫੈਸਲਾ ਕੀਤਾ।

Spread the love