ਪਟਿਆਲਾ, 20 ਜੁਲਾਈ 2021
ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਵੱਖ ਵੱਖ ਹੁਨਰ ਸਿਖਲਾਈ ਕੇਂਦਰ ’ਚ ਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਵਿਖੇ ਵਿਸ਼ਵ ਕੌਸ਼ਲ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਵੱਖ ਵੱਖ ਟਰੇਨਿੰਗ ਸੈਂਟਰਾਂ ਵਿੱਚ ਟਰੇਨਿੰਗ ਲੈ ਰਹੇ ਸਿੱਖਿਆਰਥੀਆਂ ਵੱਲੋਂ ਸਕਿੱਲ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਰੋਜ਼ਗਾਰ ਅਫਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਸਕਿੱਲ ਮੁਕਾਬਲਿਆਂ ’ਚ ਜੀ ਐਂਡ ਜੀ, ਐਸ.ਕੇ.ਡੀ, ਡਾਕਟਰ ਆਈ.ਟੀ, ਲਰਨਿੰਗ ਟੂਲ, ਸਿੰਕਰੋਸਰਵ, ਸੈਟਪਾ, ਲਾਰਡ ਗਨੇਸ਼ਾ, ਪੀ.ਐਮ.ਕੇ.ਕੇ, ਟੀ.ਬੀ.ਐਲ, ਆਈ.ਐਲ.ਐਫ ਐਂਡ ਐਸ ਸੈਂਟਰਾਂ ਦੇ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ ਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਵਿਦਿਆਰਥੀਆਂ ਨੇ ਪੇਂਟਿੰਗ ਅਤੇ ਡਿਬੇਟ ਕੰਪੀਟੀਸ਼ਨ ਵਿੱਚ ਹਿੱਸਾ ਲਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਡਾ. ਪ੍ਰੀਤੀ ਯਾਦਵ ਨੇ ਮੁਕਾਬਲੇ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਕਿਹਾ ਕਿ ਹੁਨਰ ਮਿਸ਼ਨ, ਬੇਰੁਜ਼ਗਾਰ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ, ਨੌਜਵਾਨ ਹੁਨਰ ਸਿੱਖ ਕੇ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਅਵਸਰ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਕਿੱਤਾ ਮੁਖੀ ਕੋਰਸਾਂ ਕਰਕੇ ਰੋਜ਼ਗਾਰ ਤੇ ਸਵੈ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰਨ। ਇਸ ਦੇ ਨਾਲ ਹੀ ਮਿਸ ਚੰਦਰਾ ਜੋਤੀ ਆਈ.ਏ.ਐਸ (ਅਸਿਸਟੈਂਟ ਕਮਿਸ਼ਨਰ ਅੰਡਰ ਟਰੇਨਿੰਗ) ਨੇ ਪੇਂਟਿੰਗ ਅਤੇ ਡਿਬੇਟ ਵਿੱਚ ਹਿੱਸਾ ਲੈ ਰਹੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਸਮਾਗਮ ਦੌਰਾਨ ਸਕਿੱਲ ਡਿਵੈਲਪਮੈਂਟ ਦਾ ਕੋਰਸ ਕਰ ਚੁੱਕੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਫੁਲਕਾਰੀਆਂ ਦੀ ਪ੍ਰਦਰਸ਼ਨੀ ਲਗਾਈ ਗਈ ਤੇ ਰੋਜ਼ਗਾਰ ਬਿਊਰੋ ਵੱਲੋਂ ਪਲੇਸਮੈਂਟ ਕੈਂਪ ਲਗਾਇਆ ਗਿਆ।