
280 ਕਰੋੜ ਰੁਪਏ ਦੀ ਆਵੇਗੀ ਲਾਗਤ-ਕਲਾਸਾਂ ਇਸੇ ਵਿੱਦਿਅਕ ਸ਼ੈਸਨ ਤੋਂ ਸ਼ੁਰੂ
ਵਿਧਾਇਕ ਗਿੱਲ ਨੇ ਇਤਿਹਾਸਕ ਦਿਨ ਦੱਸਦਿਆਂ ਕਿਹਾ ਕਿ ਇਸ ਨਾਲ ਪੂਰੇ ਸਰਹੱਦੀ ਖੇਤਰ ਦੀ ਹੋਵੇਗੀ ਕਾਇਆ ਕਲਪ
ਕੈਰੋਂ (ਪੱਟੀ), 27 ਅਗਸਤ 2021
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਟੇਟ ਲਾਅ ਯੂਨੀਵਰਸਿਟੀ, ਕੈਰੋਂ ਦਾ ਆਨਲਾਇਨ ਨੀਂਹ ਪੱਥਰ ਰੱਖਣ ਤੋਂ ਬਾਅਦ ਪੱਟੀ ਹਲਕੇ ਦੇ ਵਿਧਾਇਕ ਸ. ਹਰਮਿੰਦਰ ਸਿੰਘ ਗਿੱਲ , ਡਿਪਟੀ ਕਮਿਸਨਰ ਸ. ਕੁਲਵੰਤ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਸ੍ਰੀ ਜਸਪਾਲ ਸਿੰਘ ਸੰਧੂ ਵਲੋਂ ਪੱਟੀ ਹਲਕੇ ਦੇ ਪਿੰਡ ਕੈਰੋਂ ਵਿਖੇ ਇਸਦਾ ਰਸਮੀੰ ਰੂਪ ਵਿੱਚ ਨੀਂਹ ਪੱਥਰ ਰੱਖਿਆ ਗਿਆ।
ਇਸ ਯੂਨੀਵਰਸਿਟੀ ਉੱਪਰ 280 ਕਰੋੜ ਰੁਪੈ ਖਰਚ ਹੋਣਗੇ , ਜੋ ਕਿ ਪੰਜਾਬ ਸਰਕਾਰ ਵਲੋਂ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਸਥਾਈ ਉਪ ਕੁਲਪਤੀ ਦੀ ਨਿਯੁਕਤੀ ਲਈ ਵੀ ਜਲਦ ਹੀ ਪ੍ਰਕਿ੍ਰਆ ਸ਼ੁਰੂ ਹੋ ਰਹੀ ਹੈ।
ਇਸ ਦਿਨ ਨੂੰ ਇਤਿਹਾਸਕ ਅਤੇ ਬਾਰਡਰ ਖੇਤਰ ਦੀ ਕਾਇਆ ਕਲਪ ਕਰਨ ਵਾਲਾ ਕਰਾਰ ਦਿੰਦਿਆਂ ਵਿਧਾਇਕ ਸ. ਗਿੱਲ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਉਤਸਵ ਮੌਕੇ 1969 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨਾਲ ਉਸ ਖੇਤਰ ਦੀ ਨੁਹਾਰ ਬਦਲ ਗਈ, ਉਸੇ ਤਰ੍ਹਾਂ ਹਲਕਾ ਪੱਟੀ ਅਤੇ ਸਾਰੇ ਸਰਹੱਦੀ ਇਲਾਕੇ ਦੀ ਇਸ ਯੂਨੀਵਰਸਿਟੀ ਨਾਲ ਕਾਇਆ ਕਲਪ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਉੱਚ ਸਿੱਖਿਆ ਦੇ ਇਸ ਮੰਦਿਰ ਦੇ ਨਿਰਮਾਣ ਨਾਲ ਨਾ ਸਿਰਫ ਨੌਜਵਾਨਾਂ ਨੂੰ ਉੱਚ ਸਿੱਖਿਆ ਮਿਲੇਗੀ ਸਗੋਂ ਰੁਜ਼ਗਾਰ ਦੇ ਵੀ ਅਸੀਮ ਮੌਕੇ ਪੈਦਾ ਹੋਣਗੇ। ਇਸ ਤੋਂ ਇਲਾਵਾ ਯੂਨੀਵਰਸਿਟੀ ਦੀ ਸਥਾਪਨਾ ਨਾਲ ਸਮੁੱਚੇ ਖੇਤਰ ਦੇ ਸਰਬਪੱਖੀ ਵਿਕਾਸ ਨਾਲ ਸਵੈ ਰੁਜ਼ਗਾਰ ਦੇ ਵੀ ਮੌਕੇ ਪੈਦਾ ਹੋਣਗੇ।
ਸ. ਗਿੱਲ ਨੇ ਮੁੱਖ ਮੰਤਰੀ ਕੋਲੋਂ ਕੈਰੋਂ ਪਿੰਡ ਦੇ ਵਿਕਾਸ ਲਈ ਵੀ 5 ਕਰੋੜ ਰੁਪੈ ਦੀ ਗਰਾਂਟ ਜਾਰੀ ਕਰਨ ਦੀ ਬੇਨਤੀ ਕੀਤੀ, ਜਿਸ ਉੱਪਰ ਮੁੱਖ ਮੰਤਰੀ ਵਲੋਂ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ।
ਯੂਨੀਵਰਸਿਟੀ ਵਿਚ ਐਲ.ਐਲ.ਬੀ 3 ਸਾਲਾ, ਬੀ.ਏ. ਐਲ. ਐਲ.ਬੀ. 5 ਸਾਲਾ ਇੰਟੈਗਰੇਟਿਡ ਕੋਰਸ, ਬੀ.ਬੀ.ਏ. ਐਲ.ਐਲ.ਬੀ. 5 ਸਾਲਾ, ਬੀ.ਕਾਮ. ਐਲ.ਐਲ.ਬੀ. 5 ਸਾਲਾ ਕੋਰਸ ਸ਼ੁਰੂ ਕੀਤੇ ਗਏ ਹਨ। ਯੂਨੀਵਰਸਿਟੀ ਵਿਖੇ ਕਲਾਸਾਂ ਮੌਜੂਦਾ ਅਕਾਦਮਿਕ ਸ਼ੈਸ਼ਨ ਤੋਂ ਸ਼ੁਰੂ ਹੋ ਰਹੀਆਂ ਹਨ ਅਤੇ ਇਸ਼ਦਾ ਟਰਾਂਜ਼ਿਟ ਕੈਂਪਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਰੱਖਿਆ ਗਿਆ ਹੈ।
ਇਸ ਮੌਕੇ ਐੱਸ. ਡੀ. ਐਮ . ਅਲਕਾ ਕਾਲੀਆ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰੀ ਜਗਤਾਰ ਸਿੰਘ ਬੁਰਜ, ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਸ੍ਰੀਮਤੀ ਗੁਰਚਰਨਜੀਤ ਕੌਰ, ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਸਿੱਧੂ ਤੋਂ ਇਲਾਵਾ ਸਮੂਹ ਕਾਂਗਰਸੀ ਆਗੂ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ।
ਕੈਪਸ਼ਨ- ਪੱਟੀ ਹਲਕੇ ਦੇ ਪਿੰਡ ਕੈਰੋਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਲਾਅ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਮੌਕੇ ਵਿਧਾਇਕ ਸ. ਹਰਮਿੰਦਰ ਸਿੰਘ, ਡਿਪਟੀ ਕਮਿਸ਼ਨਰ ਕੁਲਵੰਤ ਸਿੰਘ , ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ.ਸੀ. ਸ੍ਰੀ ਜਸਪਾਲ ਸਿੰਘ ਸੰਧੂ ਤੇ ਹੋਰ।