ਨਸ਼ੇ ਨੇ ਜਿੰਦਗੀ ਤਬਾਹ ਕਰ ਦਿੱਤੀ ਸੀ, ਇਲਾਜ ਨੇ ਮੋੜ ਦਿੱਤੀਆਂ ਖੁਸ਼ੀਆਂ
13 ਲੱਖ ਰੁਪਏ ਨਸ਼ੇ ਵਿਚ ਗਾਲੇ, ਪਰ ਹੁਣ ਸਰਕਾਰ ਨੇ ਦਿੱਤਾ ਮੁਫਤ ਇਲਾਜ
ਫਾਜ਼ਿਲਕਾ, 25 ਜੂਨ 2021
ਪੰਜਾਬ ਸਰਕਾਰ ਵੱਲੋਂ ਨਸ਼ਾ ਪੀੜਤਾਂ ਦੀ ਨੂੰ ਇਲਾਜ ਸਹੁਲਤ ਉਪਲਬੱਧ ਕਰਵਾਉਣ ਲਈ ਸਥਾਪਿਤ ਕੀਤੇ ਓਟ ਕਲੀਨਿਕ ਜ਼ਿਲੇ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਇੱਥੋਂ ਦਵਾਈ ਲੈਕੇ ਲੋਕ ਨਸ਼ਾ ਛੱਡ ਰਹੇ ਹਨ ਅਤੇ ਮੁੜ ਤੋਂ ਉਨਾਂ ਦੀ ਜਿੰਦਗੀ ਵਿਚ ਖੁਸੀਆਂ ਪਰਤ ਰਹੀਆਂ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ ਹੈ।
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲੇ ਵਿਚ ਜੱਟਵਾਲੀ, ਅਬੋਹਰ, ਸੀਤੋ, ਜਲਾਲਾਬਾਦ, ਖੂਈਖੇੜਾ ਅਤੇ ਡੱਬਵਾਲਾ ਕਲਾਂ ਵਿਖੇ ਓਟ ਕਲੀਨਿਕ ਚੱਲ ਰਹੇ ਹਨ। ਇੱਥੇ ਨਸ਼ੇ ਤੋਂ ਪੀੜਤਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਸਿਵਲ ਸਰਜਨ ਡਾ: ਪਰਮਿੰਦਰ ਕੁਮਾਰ ਨੇ ਦੱਸਿਆ ਕਿ ਨਸ਼ੇ ਤੋਂ ਪੀੜਤਾਂ ਦਾ ਇਲਾਜ ਸੰਭਵ ਹੈ। ਉਨਾਂ ਅਜਿਹੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਲਾਜ ਲਈ ਓਟ ਕਲੀਨਿਕ ਵਿਖੇ ਆਉੁਣ।
ਕਮਿਊਨਿਟੀ ਹੈਲਥ ਸੈਂਟਰ ਡੱਬਵਾਲਾ ਕਲਾਂ ਵਿਖੇ ਬਣੇ ਓਟ ਕਲੀਨਿਕ ਤੋਂ ਇਲਾਜ ਕਰਵਾ ਰਹੇ ਇਕ ਨੌਜਵਾਨ ਨੇ ਦੱਸਿਆ ਕਿ ਦੋਸਤਾਂ ਦੀ ਗਲਤ ਸੰਗਤ ਕਾਰਨ ਇਕ ਵਾਰ ਉਸਨੇ ਨਸ਼ਾ ਕੀਤਾ, ਫਿਰ ਕੁਝ ਦਿਨਾਂ ਦੇ ਅੰਤਰ ਤੇ ਦੁਬਾਰਾ ਦੁਬਾਰਾ ਤੇ ਇਕ ਮਹੀਨੇ ਵਿਚ ਹੀ ਉਸਨੂੰ ਇਸਤੀ ਭੈੜੀ ਲਤ ਲੱਗ ਗਈ। ਫਿਰ ਤਾਂ ਜਿੰਦਗੀ ਦਾ ਸਭ ਤੋਂ ਮਾੜਾ ਅਤੇ ਦੁੱਖਦਾਈ ਅਧਿਆਏ ਸ਼ੁਰੂ ਹੋ ਗਿਆ। ਉਸਦੇ ਦੱਸਣ ਅਨੁਸਾਰ ਉਹ 13 ਲੱਖ ਰੁਪਏ ਦਾ ਨਸ਼ਾ ਕਰ ਗਿਆ। ਘਰ ਦਾ ਸਮਾਨ, ਮੋਟਰਸਾਈਕਲ ਵੀ ਵੇਚ ਦਿੱਤਾ ਅਤੇ ਘਰ ਦੇ ਹਲਾਤ ਇਹ ਹੋ ਗਏ ਕਿ ਬੱਚਿਆਂ ਨੂੰੂ ਸਕੂਲ ਭੇਜਣ ਲਈ ਫੀਸ ਵੀ ਨਹੀਂ ਸੀ। ਉਸਦੇ ਦੋ ਧੀਆਂ ਤੇ ਇਕ ਪੁੱਤਰ ਹੈ।
ਪਰ ਜਿਵੇਂ ਇਕ ਭੈੜੇ ਦੋਸਤ ਨੇ ਮਾੜੀ ਲਤ ਲਾਈ ਸੀ, ਉਵੇਂ ਹੀ ਇਕ ਚੰਗੇ ਦੋਸਤ ਨੇ ਉਸਨੂੰ ਡੱਬਵਾਲਾ ਕਲਾਂ ਵਿਖੇ ਬਣੇ ਓਟ ਕਲੀਨਿਕ ਦਾ ਰਾਹ ਵਿਖਾ ਦਿੱਤਾ। ਜਿੰਦਗੀ ਤੋਂ ਨਿਰਾਸ਼ ਹੋਇਆ ਉਹ ਓਟ ਕਲੀਨਿਕ ਦੀਆਂ ਬਰੂਹਾਂ ਤੇ ਆਇਆ ਤੇ ਫਿਰ ਸਾੜ ਸੱਤੀ ਟੱਲਣ ਲੱਗੀ ਤੇ ਜਿੰਦਗੀ ਚ ਰੌਣਕ ਪਰਤਨ ਲੱਗੀ। ਉਸ ਅਨੁਸਾਰ ਸ਼ੁਰੂ ਵਿਚ ਉਸਨੂੰ ਤਿੰਨ ਗੋਲੀਆਂ ਰੋਜਾਨਾ ਲੈਣੀਆਂ ਪੈਂਦੀਆਂ ਸਨ ਪਰ ਹੁਣ ਉਹ ਇਕ ਗੋਲੀ ਤੇ ਆ ਗਿਆ ਹੈ ਅਤੇ ਡਾਕਟਰ ਦੇ ਦੱਸਣ ਅਨੁਸਾਰ ਜਲਦ ਹੀ ਉਸਨੂੰ ਇਸ ਇਕ ਗੋਲੀ ਦੀ ਵੀ ਜਰੂਰਤ ਨਹੀਂ ਪਵੇਗੀ।
ਉਹ ਆਖਦਾ ਹੈ ਕਿ ਹੁਣ ਪਰਿਵਾਰ ਵਿਚ ਵੀ ਸਭ ਠੀਕ ਹਨ, ਘਰ ਵਿਚ ਖੁਸ਼ੀਆਂ ਪਰਤੀਆਂ ਹਨ ਅਤੇ ਉਹ ਆਪਣਾ ਰੋਜਮਰਾਂ ਦਾ ਕੰਮਕਾਜ ਵੀ ਠੀਕ ਤਰੀਕੇ ਨਾਲ ਕਰਨ ਲੱਗਿਆ ਹੈ। ਉਸਨੇ ਹੋਰਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਛੱਡਣ ਅਤੇ ਸਰਕਾਰੀ ਹਸਪਤਾਲਾਂ ਤੋਂ ਆਪਣਾ ਮੁਫ਼ਤ ਇਲਾਜ ਕਰਵਾ ਕੇ ਮੁੜ ਤੋਂ ਜਿੰਦਗੀ ਨਾਲ ਨਾਤਾ ਜੋੜਨ। ਉਸਨੇ ਕਿਹਾ ਨਸ਼ਿਆਂ ਦਾ ਰਾਹ ਮੌਤ ਵੱਲ ਜਾਂਦਾ ਹੈ ਅਤੇ ਨਸ਼ਾ ਛੁੜਾਊ ਕੇਂਦਰ ਤੇ ਓਟ ਕਲੀਨਿਕ ਮੌਤ ਵੱਲ ਜਾਂਦੇ ਵਿਅਕਤੀ ਨੂੰ ਮੋੜ ਕੇ ਜਿੰਦਗੀ ਵੱਲ ਲਿਆਂਉਂਦੇ ਹਨ।