ਫਾਜ਼ਿਲਕਾ ਜ਼ਿਲੇ ਵਿਚ ਝੋਨੇ ਦੀ ਸਿੱਧੀ ਬਿਜਾਈ ਹੋਈ ਸ਼ੁਰੂ

ਕਿਸਾਨਾਂ ਵਿਚ ਭਾਰੀ ਉਤਸਾਹ ਮੁੱਖ ਖੇਤੀਬਾੜੀ ਅਫ਼ਸਰ
ਪਾਣੀ ਅਤੇ ਪੈਸੇ ਦੀ ਹੁੰਦੀ ਹੈ ਬਚਤ
ਫਾਜ਼ਿਲਕਾ, 2 ਜੂਨ 2021
ਫਾਜ਼ਿਲਕਾ ਜ਼ਿਲੇ ਵਿਚ ਝੋਨੇ ਦੀ ਸਿੱਧੀ ਬਿਜਾਈ ਪੂਰੇ ਜੋਰਾਂ ਨਾਲ ਸ਼ੁਰੂ ਹੋ ਗਈ ਹੈ। ਪਿੱਛਲੇ ਸਾਲ ਦੇ ਤਜਰਬਿਆਂ ਦੌਰਾਨ ਮਿਲੀ ਸਫਲਤਾ ਤੋਂ ਉਤਸਾਹਿਤ ਹੋ ਕੇ ਵੱਡੀ ਗਿਣਤੀ ਵਿਚ ਕਿਸਾਨ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇ ਰਹੇ ਹਨ।
ਇਹ ਜਾਣਕਾਰੀ ਜ਼ਿਲੇ ਦੇ ਮੁੱਖ ਖੇਤੀਬਾੜੀ ਅਫ਼ਸਰ ਸ: ਸੁਰਿੰਦਰ ਸਿੰਘ ਨੇ ਪਿੰਡ ਕਰਨੀਖੇੜਾ ਵਿਖੇ ਕਿਸਾਨ ਕਾਰਜ ਸਿੰਘ ਦੇ ਖੇਤਾਂ ਵਿਖੇ ਇਸ ਸਬੰਧੀ ਖੇਤ ਦਿਵਸ ਮੌਕੇ ਦਿੱਤੀ। ਉਨਾਂ ਨੇ ਕਿਹਾ ਕਿ ਇਸ ਨਵੀਂ ਤਕਨੀਕ ਵਿਚ ਕਣਕ ਵਾਂਗ ਹੀ ਖੇਤ ਵਿਚ ਝੋਨੇ ਦੀ ਮਸ਼ੀਨ ਨਾਲ ਬਿਜਾਈ ਕੀਤੀ ਜਾਂਦੀ ਹੈ। ਇਸ ਨਾਲ ਝੋਨੇ ਦੇ ਖੇਤ ਨੂੰ ਕੱਦੂ ਕਰਨ ਅਤੇ ਹੱਥਾਂ ਨਾਲ ਲਵਾਈ ਕਰਨ ਦੇ ਖਰਚੇ ਘੱਟ ਜਾਂਦੇ ਹਨ ਜਦ ਕਿ ਇਸ ਤਕਨੀਕ ਨਾਲ ਪਾਣੀ ਦੀ ਵੀ 35 ਫੀਸਦੀ ਤੋਂ ਜਿਆਦਾ ਦੀ ਬਚਤ ਹੁੰਦੀ ਹੈ। ਉਨਾਂ ਨੇ ਕਿਹਾ ਕਿ ਇਸ ਤਕਨੀਕ ਨਾਲ ਬਿਜਾਈ ਕੀਤੇ ਝੋਨੇ ਵਿਚ ਝਾੜ ਤੇ ਕੋਈ ਅਸਰ ਨਹੀਂ ਪੈਂਦਾ ਅਤੇ ਆਮ ਤਕਨੀਕ ਨਾਲ ਲਗਾਏ ਝੋਨੇ ਤੋਂ ਝਾੜ ਥੋੜਾ ਵੱਧ ਹੀ ਕਿਸਾਨਾਂ ਨੂੰ ਮਿਲਦਾ ਹੈ । ਉਨਾਂ ਨੇ ਕਿਹਾ ਕਿ ਕਿਸਾਨ 15 ਜੂਨ ਤੱਕ ਝੋਨੇ ਤੇ 15 ਤੋਂ 30 ਜੂਨ ਤੱਕ ਬਾਸਮਤੀ ਦੀ ਸਿੱਧੀ ਬਿਜਾਈ ਕਰ ਸਕਦੇ ਹਨ। ਇਹ ਝੋਨਾ ਕੱਦੂ ਕਰਕੇ ਲਗਾਏ ਝੋਨੇ ਨਾਲੋਂ ਇਕ ਹਫ਼ਤਾ ਪਹਿਲਾਂ ਪੱਕ ਜਾਂਦਾ ਹੈ ਅਤੇ ਕਿਸਾਨਾਂ ਨੂੰ ਪਰਾਲੀ ਸੰਭਾਲ ਕੇ ਕਣਕ ਬਿਜਾਈ ਕਰਨ ਲਈ ਵਧੇਰੇ ਸਮਾਂ ਮਿਲ ਜਾਂਦਾ ਹੈ। ਇਸ ਪ੍ਰਕਾਰ ਬੀਜੇ ਝੋਨੇ ਨੂੰ ਬਿਮਾਰੀਆਂ ਵੀ ਘੱਟ ਲੱਗਦੀਆਂ ਹਨ।
ਖੇਤੀਬਾੜੀ ਬਲਾਕ ਅਫ਼ਸਰ ਸ੍ਰੀ ਭੁਪਿੰਦਰ ਕੁਮਾਰ ਨੇ ਦੱਸਿਆ ਕਿ ਕਿਸਾਨ ਲਈ ਖੇਤੀ ਖਰਚੇ ਘੱਟ ਕਰਨੇ ਸਮੇਂ ਦੀ ਜਰੂਰਤ ਹੈ ਅਤੇ ਇਹ ਤਕਨੀਕ ਇਸ ਦਿਸ਼ਾ ਵਿਚ ਬਹੁਤ ਸਹਾਇਕ ਸਿੱਧ ਹੁੰਦੀ ਹੈ। ਉਨਾਂ ਨੇ ਕਿਹਾ ਕਿ ਕਿਸਾਨ ਇਸ ਸਬੰਧੀ ਕਿਸੇ ਵੀ ਤਕਨੀਕੀ ਜਾਣਕਾਰੀ ਲਈ ਖੇਤੀਬਾੜੀ ਵਿਭਾਗ ਨਾਲ ਵੀ ਰਾਬਤਾ ਕਰ ਸਕਦੇ ਹਨ।
ਬੀਟੀਐਮ ਰਾਜਦਵਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਭਾਰੀਆਂ ਅਤੇ ਦਰਮਿਆਨੀਆਂ ਜਮੀਨਾਂ ਵਿਚ ਤਰ ਵੱਤਰ ਤੇ ਕਰਨੀ ਚਾਹੀਦੀ ਹੈ ਅਤੇ ਪਹਿਲਾਂ ਪਾਣੀ 21 ਦਿਨ ਬਾਅਦ ਲਗਾਉਣਾ ਚਾਹੀਦਾ ਹੈ ਅਤੇ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਤੁੰਰਤ ਬਾਅਤ ਨਦੀਨ ਨਾਸਕ ਦਵਾਈ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ।
ਇਸ ਮੌਕੇ ਕਿਸਾਨ ਕਾਰਜ ਸਿੰਘ ਨੇ ਦੱਸਿਆ ਕਿ ਉਹ 2009 ਤੋਂ ਝੋਨੇ ਦੀ ਸਿੱਧੀ ਬਿਜਾਈ ਕਰਦਾ ਆ ਰਿਹਾ ਹੈ। ਉਨਾਂ ਨੇ ਕਿਹਾ ਕਿ ਇਹ ਵਿਧੀ ਪੂਰੀ ਤਰਾਂ ਸਫਲ ਹੈ ਅਤੇ ਕਿਸਾਨ ਵੀਰਾਂ ਨੂੰ ਇਸ ਤਕਨੀਕ ਨੂੰ ਅਪਨਾਉਣਾ ਚਾਹੀਦਾ ਹੈ।

Spread the love