ਅੰਮ੍ਰਿਤਸਰ 21 ਅਗਸਤ 2021
ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ ਉਦਯੋਗਿਕ ਯੋਜਨਾ 2017 ਤਹਿਤ ਫੋਕਲ ਕੇਂਦਰਾਂ ਅਤੇ ਹੋਰ ਉਦਯੋਗਿਕ ਖੇਤਰਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕੀਤਾ ਜਾਵੇਗਾ, ਤਾਂ ਜੋ ਉਦਯੋਗਪਤੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਹੋਵੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਮੁੱਖ ਸਕੱਤਰ ਉਦਯੋਗ ਅਤੇ ਕਮਰਸ ਸ੍ਰੀ ਹੁਸਨ ਲਾਲ ਵਲੋਂ ਬੀਤੀ ਸ਼ਾਮ ਜ਼ਿਲੇ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ।
ਸ੍ਰੀ ਲਾਲ ਨੇ ਕਿਹਾ ਕਿ 2017 ਉਦਯੋਗਿਕ ਯੋਜਨਾ ਤਹਿਤ ਅੰਮ੍ਰਿਤਸਰ ਜ਼ਿਲੇ ਵਿੱਚ 590 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ ਅਤੇ 1800 ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਹੈ।ਉਨਾਂ ਕਿਹਾ ਕਿ ਤੁਹਾਡੇ ਵਲੋਂ ਜੋ ਵੀ ਮੁੱਦੇ ਉਠਾਏ ਗਏ ਹਨ। ਉਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਉਨਾਂ ਕਿਹਾ ਕਿ ਵਪਾਰੀ ਸਾਡੇ ਰਾਜ ਦੇ ਰੀਡ ਦੀ ਹੱਡੀ ਹਨ। ਇਸ ਲਈ ਉਦਯੋਗ ਵਿਭਾਗ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਰਾਜ ਵਿਚ ਖੁਸ਼ਹਾਲੀ ਆਵੇ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ।
ਇਸ ਮੌਕੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਪਿਆਰੇ ਲਾਲ ਸੇਠ, ਡਾਇੰਗ ਅਤੇ ਪ੍ਰੋਸੈਸਿੰਗ ਯੁਨਿਟ ਦੇ ਪ੍ਰਧਾਨ ਸ੍ਰੀ ਕ੍ਰਿਸ਼ਨ ਕੁਮਾਰ ਕੁਕੂ ਅਤੇ ਉਦਯੋਗਪਤੀ ਕਮਲ ਡਾਲਮੀਆ ਵਲੋਂ ਆ ਰਹੀਆਂ ਮੁਸ਼ਕਿਲਾਂ ਨੂੰ ਵਿਸਥਾਰਪੁਰਵਕ ਢੰਗ ਨਾਲ ਅੱਗੇ ਰੱਖਿਆ। ਉਨਾਂ ਕਿਹਾ ਕਿ ਫੋਕਲ ਪੁਆਇੰਟਾਂ ਦੀਆਂ ਸੜ੍ਹਕਾਂ ਕਾਫ਼ੀ ਖ਼ਰਾਬ ਹਨ। ਫਾਇਰ ਬ੍ਰਿਗੇਡ ਅਤੇ ਈ.ਐਸ.ਆਈ. ਹਸਪਤਾਲ ਵੀ ਨਹੀਂ ਹਨ। ਜਿਸ ਕਰਕੇ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰਖਦੇ ਹੋਏ ਫੋਕਲ ਕੇਂਦਰਾਂ ਉੱਪਰ ਮੈਡੀਕਲ ਕੈਂਪ ਲਗਾ ਕੇ ਮਜ਼ਦੂਰਾਂ ਦੀ ਵੈਕਸੀਨੇਸ਼ਨ ਕਰਵਾਈ ਜਾਵੇ। ਇਸ ਮੌਕੇ ਸ੍ਰੀ ਸੇਠ ਨੇ ਕਿਹਾ ਕਿ ਸਰਕਾਰ ਵਲੋਂ ਅੰਮ੍ਰਿਤਸਰ ਵਿਖੇ ਇਕ ਟਰੇਡ ਸੈਂਟਰ ਉਸਾਰਿਆ ਜਾਵੇ ਤਾਂ ਜੋ ਹਰ ਸਾਲ ਲੱਗਣ ਵਾਲੀਆਂ ਨੁਮਾਇਸ਼ਾਂ ਇਥੇ ਲਗਾਈਆਂ ਜਾ ਸਕਣ। ਪ੍ਰਮੁੱਖ ਸਕੱਤਰ ਉਦਯੋਗ ਤੇ ਕਮਰਸ ਨੇ ਵਪਾਰੀਆਂ ਨੂੰ ਭਰੋਸਾ ਦਵਾਇਆ ਕਿ ਉਨਾਂ ਵਲੋਂ ਲਿਆਂਦੀਆਂ ਗਈਆਂ ਮੰਗਾਂ ਬਾਰੇ ਤੁਰੰਤ ਵਿਚਾਰ ਕੀਤਾ ਜਾਵੇਗਾ ਅਤੇ ਅਗਲੀ ਮੀਟਿੰਗ ਤੱਕ ਇਨਾਂ ਸਾਰੀਆਂ ਮੁਸ਼ਕਿਲਾਂ ਨੂੰ ਨੇਪਰੇ ਚਾੜ੍ਹਿਆ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਡੱਗ, ਜੀ.ਐਮ. ਇੰਡਸਟਰੀ ਸ੍ਰੀ ਮਾਨਵਪ੍ਰੀਤ ਸਿੰਘ, ਸ੍ਰੀ ਅਸ਼ੋਕ ਸੇਠੀ, ਸ: ਹਰਜੀਤ ਸਿੰਘ, ਸ੍ਰੀ ਸੁਸ਼ੀਲ ਅਰੋੜਾ, ਸ੍ਰੀ ਜਗਦੀਸ਼ ਚੰਦਰ, ਸ੍ਰੀ ਰਾਜ ਕਪੂਰ, ਸ੍ਰੀ ਸੰਜੀਵ ਭੰਡਾਰੀ, ਸ੍ਰੀ ਰਣਜੀਤ ਸੇਖਰੀ ਤੋਂ ਇਲਾਵਾ ਹੋਰ ਵਪਾਰੀ ਤੇ ਉਦਯੋਗਪਤੀ ਵੀ ਹਾਜ਼ਰ ਸਨ।
ਕੈਪਸ਼ਨ : ਪ੍ਰਮੁੱਖ ਸਕੱਤਰ ਉਦਯੋਗ ਅਤੇ ਕਮਰਸ ਸ੍ਰੀ ਹੁਸਨ ਲਾਲ ਜ਼ਿਲਾ ਪ੍ਰੀਸ਼ਦ ਹਾਲ ਵਿਖੇ ਜ਼ਿਲੇ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਮੀਟਿੰਗ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਡੱਗ