ਬਲਾਕ ਪੱਧਰ ‘ਤੇ ਫੌਜ ਚ ਭਰਤੀ ਦੇ ਚਾਹਵਾਨਾਂ ਨੂੰ ਦਿੱਤੀ ਜਾਵੇਗੀ ਸਿਖਲਾਈ
ਬਰਨਾਲਾ, ਅਗਸਤ 19 2021
ਪੰਜਾਬ ਦੇ ਨੌਜਵਾਨਾਂ ਨੂੰ ਫੌਜ ਦੀ ਭਰਤੀ ਲਈ ਤਿਆਰੀ ਕਰਵਾਉਣ ਲਈ ਬਲਾਕ ਪੱਧਰ ਉੱਤੇ ਸਿਖਲਾਈ ਸ਼ੁਰੂ ਕਰਨ ਲਈ ਵਿਉਂਤਬੰਦੀ ਕੀਤੀ ਜਾ ਰਹੀ ਹੈ। ਇਸ ਦਾ ਮੁਖ ਉੱਦੇਸ਼ ਨੌਜਵਾਨਾਂ ਨੂੰ ਫੌਜ ਲਈ ਤਿਆਰ ਕਰਨਾ ਹੈ ਤਾਂ ਜੋਬ ਰੁਜ਼ਗਾਰ ਦੇ ਮੌਕੇ ਵੱਧ ਸਕਣ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਉੱਤੇ ਫੌਜ ਦੀ ਭਰਤੀ ਲਈ ਨੌਜਵਾਨਾਂ ਨੂੰ ਪ੍ਰੇਰਨ ਅਤੇ ਉਨ੍ਹਾਂ ਨੂੰ ਤਿਆਰ ਕਰਨ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਨੂੰ ਇਸ ਸਬੰਧੀ ਇਕੱਠੇ ਹੋ ਕੇ ਕੰਮ ਕਰਨਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਬਕਾ ਫੌਜੀਆਂ ਨੂੰ ਖੁਸ਼ਹਾਲੀ ਦੇ ਰਾਖਿਆਂ ਵਜੋਂ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਸਾਬਕਾ ਫੌਜੀਆਂ ਰਾਹੀਂ ਪਿੰਡਾਂ ਦੇ ਨੌਜਵਾਨਾਂ ਨੂੰ ਫੌਜ ਚ ਭਰਤੀ ਸਬੰਧੀ ਸਰੀਰਿਕ ਸਿਖਲਾਈ ਲਈ ਤਿਆਰ ਕੀਤਾ ਜਾਵੇਗਾ। ਪੁਲਿਸ ਅਤੇ ਸੈਨਿਕ ਭਲਾਈ ਵਿਭਾਗ ਵੱਲੋਂ ਵੀ ਇਸ ਸਬੰਧੀ ਸਿਖਲਾਈ ਦਿੱਤੀ ਜਾਵੇਗੀ, ਨਾਲ ਹੀ ਸਰਕਾਰੀ ਸਕੂਲਾਂ ਚ ਤਾਇਨਾਤ ਫਿਜ਼ੀਕਲ ਐਜੂਕੇਸ਼ਨ ਦੇ ਅਧਿਆਪਕਾਂ ਵੱਲੋਂ ਵੀ ਇਨ੍ਹਾਂ ਨੌਜਵਾਨਾਂ ਦੀ ਤਿਆਰੀ ਕਰਵਾਈ ਜਾਵੇਗੀ। ਇਸ ਤਰ੍ਹਾਂ ਜ਼ਿਲ੍ਹਾ ਰੁਜ਼ਗਾਰ ਉਤਪੱਤੀ ਅਫਸਰ ਨੂੰ ਹਿਦਾਇਤ ਕੀਤੀ ਗਈ ਕਿ ਰੁਜ਼ਗਾਰ ਬਿਊਰੋ ਚ ਰਜਿਸਟਰ ਹੋਏ ਨੌਜਵਾਨਾਂ ਨਾਲ ਵੀ ਇਹ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਦਾ ਲਾਹਾ ਮਿਲ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਅਮਿਤ ਬੈਂਬੀ, ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਕਮਾਂਡਰ (ਸੇਵਾ ਮੁਕਤ) ਸ਼੍ਰੀ ਬੀ.ਐੱਸ. ਵਿਰਕ, ਜ਼ਿਲ੍ਹਾ ਰੁਜ਼ਗਾਰ ਅਫ਼ਸਰ ਸ਼੍ਰੀ ਗੁਰਤੇਜ ਸਿੰਘ, ਡੀ.ਐੱਸ.ਪੀ ਸ਼੍ਰੀ ਬਲਜਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫਤਰ ਤੋਂ ਸ਼੍ਰੀ ਨੀਰਜ ਕੁਮਾਰ ਆਦਿ ਹਾਜ਼ਰ ਸਨ।