ਬਟਾਲਾ ਸ਼ਹਿਰ ਦੀ ਖੂਬਸੂਰਤੀ ਵਿੱਚ ਪੰਜਾਬ ਸਰਕਾਰ ਦੇ ਨਾਲ ਹੁਣ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਵੀ ਆਪਣਾ ਯੋਗਦਾਨ ਪਾਉਣਗੇ

ਹੰਸਲੀ ਦੇ ਕਿਨਾਰੇ ਖੂਬਸੂਰਤ ਫੁੱਲਾਂ ਵਾਲੇ, ਛਾਂ-ਦਾਰ ਅਤੇ ਫ਼ਲਦਾਰ ਪੌਦੇ ਲਗਾਏ ਜਾਣਗੇ
ਬਟਾਲਾ, 28 ਮਈ  2021  ਪੰਜਾਬ ਸਰਕਾਰ ਦੇ ਨਾਲ ਹੁਣ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਵੀ ਬਟਾਲਾ ਸ਼ਹਿਰ ਦੀ ਸੁੰਦਰਤਾ ਵਿੱਚ ਆਪਣਾ ਯੋਗਦਾਨ ਪਾਉਣਗੇ। ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਮੇਅਰ ਨਗਰ ਨਿਗਮ ਬਟਾਲਾ ਸ. ਸੁਖਦੀਪ ਸਿੰਘ ਤੇਜਾ ਨੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਬੇਨਤੀ ਕੀਤੀ ਸੀ ਕਿ ਉਹ ਬਟਾਲਾ ਸ਼ਹਿਰ ਦੀ ਖੂਬਸੂਰਤੀ ਵਿੱਚ ਆਪਣਾ ਯੋਗਦਾਨ ਜਰੂਰ ਪਾਉਣ। ਸ. ਬਾਜਵਾ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਕਿਹਾ ਹੈ ਕਿ ਉਹ ਬਟਾਲਾ ਸ਼ਹਿਰ ਨੂੰ ਖੂਬਸੂਰਤ ਬਣਾਉਣ ਵਿੱਚ ਆਪਣੀ ਸੇਵਾ ਜਰੂਰ ਪਾਉਣਗੇ।
ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਅੱਜ ਬਟਾਲਾ ਵਿਖੇ ਐੱਮ.ਸੀ. ਪ੍ਰਗਟ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ ਹੋਏ ਸਨ, ਜਿਥੇ ਮੇਅਰ ਨਗਰ ਨਿਗਮ ਸ. ਸੁਖਦੀਪ ਸਿੰਘ ਤੇਜਾ ਅਤੇ ਐੱਮ.ਸੀ. ਹਰਨੇਕ ਸਿੰਘ ਨੇਕੀ, ਸੁਖਦੇਵ ਸਿੰਘ ਬਾਜਵਾ, ਚੰਦਰ ਮੋਹਨ, ਹਰਪਾਲ ਸਿੰਘ ਬੈਸਟ ਟਾਈਲ ਵਾਲੇ, ਸੁਖਜਿੰਦਰ ਸਿੰਘ ਸੋਖਾ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਕਿਹਾ ਬਟਾਲਾ ਸ਼ਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਧਰਤੀ ਹੈ ਅਤੇ ਇਸ ਸ਼ਹਿਰ ਦੀ ਧਾਰਮਿਕ ਤੌਰ ’ਤੇ ਬਹੁਤ ਅਹਿਮੀਅਤ ਹੈ। ਬਾਬਾ ਜੀ ਨੇ ਕਿਹਾ ਕਿ ਬਟਾਲਾ ਸ਼ਹਿਰ ਦੇ ਹੰਸਲੀ ਨਾਲੇ ਦੀ ਸੁੰਦਰਤਾ ਦੇ ਚੱਲ ਰਹੇ ਪ੍ਰੋਜੈਕਟ ਵਿੱਚ ਉਨ੍ਹਾਂ ਵੱਲੋਂ ਵੀ ਆਪਣਾ ਯੋਗਦਾਨ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹੰਸਲੀ ਦੇ ਕਿਨਾਰੇ ਖੂਬਸੂਰਤ ਫੁੱਲਾਂ ਵਾਲੇ, ਛਾਂ-ਦਾਰ ਅਤੇ ਫ਼ਲਦਾਰ ਪੌਦੇ ਲਗਾਏ ਜਾਣਗੇ। ਇਸ ਤੋਂ ਇਲਾਵਾ ਹੰਸਲੀ ਨਾਲੇ ਦੀ ਖੂਬਸੂਰਤੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬਟਾਲਾ ਦੀ ਪਾਵਨ ਧਰਤੀ ’ਤੇ ਸੇਵਾਵਾਂ ਨਿਭਾ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਵੇਗੀ।
ਇਸ ਮੌਕੇ ਮੇਅਰ ਸ. ਸੁਖਦੀਪ ਸਿੰਘ ਤੇਜਾ ਨੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਧੰਨਵਾਦ ਕਰਦਿਆਂ ਕਿਹਾ ਕਿ ਬਾਬਾ ਜੀ ਦੇ ਯਤਨਾ ਸਦਕਾ ਹੰਸਲੀ ਨਾਲੇ ਦੇ ਸੁੰਦਰੀਕਰਨ ਪ੍ਰੋਜੈਕਟ ਨੂੰ ਹੋਰ ਬਲ ਮਿਲੇਗਾ। ਉਨ੍ਹਾਂ ਕਿਹਾ ਕਿ ਬਾਬਾ ਜੀ ਦੇ ਸਾਥ ਸਦਕਾ ਬਟਾਲਾ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਹੋਵੇਗਾ ਅਤੇ ਬਟਾਲਾ ਦੀ ਦਿੱਖ ਹੋਰ ਨਿਖਰ ਕੇ ਸਾਹਮਣੇ ਆਵੇਗੀ।

Spread the love