ਬਟਾਲਾ, 20 ਜੁਲਾਈ 2021 ਪੰਜਾਬ ਸਰਕਾਰ ਇਤਿਹਾਸਕ ਸ਼ਹਿਰ ਬਟਾਲਾ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਰਾਜ ਸਰਕਾਰ ਵਲੋਂ ਅਮੁਰਤ ਯੋਜਨਾ ਤਹਿਤ 141 ਕਰੋੜ ਰੁਪਏ ਖਰਚ ਕੇ ਬਟਾਲਾ ਸ਼ਹਿਰ ਦੀ 100 ਫੀਸਦੀ ਵਸੋਂ ਨੂੰ ਸੀਵਰੇਜ ਅਤੇ ਜਲ-ਸਪਲਾਈ ਦੀ ਸਹੂਲਤ ਮੁਹੱਈਆ ਕਰਵਾਉਣ ਦਾ ਪ੍ਰੋਜੈਕਟ ਜੰਗੀ ਪੱਧਰ ’ਤੇ ਜਾਰੀ ਹੈ। ਅਮੁਰਤ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਨਗਰ ਨਿਗਮ ਬਟਾਲਾ ਦੇ ਮੇਅਰ ਸ. ਸੁਖਦੀਪ ਸਿੰਘ ਤੇਜਾ ਨੇ ਦੱਸਿਆ ਕਿ ਅਮੁਰਤ ਯੋਜਨਾ ਤਹਿਤ ਬਟਾਲਾ ਵਿਖੇ ਸੀਵਰੇਜ ਅਤੇ ਸੀਵਰੇਜ ਟੀਰਟਮੈਂਟ ਪਲਾਂਟ ਉੱਪਰ 127.99 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਜਦਕਿ 13.09 ਕਰੋੜ ਰੁਪਏ ਦੀ ਲਾਗਤ ਨਾਲ ਜਲ-ਸਪਲਾਈ ਯੋਜਨਾ ਉੱਪਰ ਕੰਮ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਸ਼ਹਿਰ ਵਿੱਚ 135 ਕਿਲੋਮੀਟਰ ਬਰਾਂਚ ਸੀਵਰੇਜ ਪਾਈਪਾਂ ਪਾਈਆਂ ਜਾ ਰਹੀਆਂ ਹਨ ਜਦਕਿ ਮੇਨ ਸੀਵਰੇਜ ਲਾਈਨ 24 ਕਿਲੋਮੀਟਰ ਲੰਮੀ ਪਾਈ ਜਾ ਰਹੀ ਹੈ। ਇਸੇ ਤਰਾਂ ਵਾਟਰ ਸਪਲਾਈ ਦੀਆਂ 22.6 ਕਿਲੋਮੀਟਰ ਲਾਈਨਾਂ ਪਾਈਆਂ ਜਾ ਰਹੀਆਂ ਹਨ।
ਮੇਅਰ ਸ. ਸੁਖਦੀਪ ਸਿੰਘ ਤੇਜਾ ਨੇ ਦੱਸਿਆ ਕਿ ਇਸ ਸਮੇਂ ਬਟਾਲਾ ਸ਼ਹਿਰ ਵਿੱਚ 12 ਹਜ਼ਾਰ ਦੇ ਕਰੀਬ ਸੀਵਰੇਜ ਦੇ ਕੁਨੈਕਸ਼ਨ ਹਨ ਅਤੇ 9500 ਕੁਨੈਕਸ਼ਨ ਜਲ ਸਪਲਾਈ ਦੇ ਹਨ। ਉਨਾਂ ਕਿਹਾ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ 30 ਟਿਊਬਵੈਲ ਪੰਪਾਂ ਵਲੋਂ ਕੀਤੀ ਜਾ ਰਹੀ ਹੈ ਅਤੇ ਇਨਾਂ ਪੰਪਾਂ ਵਿੱਚ 6 ਨੂੰ ਨਵੇਂ ਸਿਰੇ ਤੋਂ ਲਗਾਇਆ ਜਾਵੇਗਾ। ਉਨਾਂ ਕਿਹਾ ਕਿ ਅਮੁਰਤ ਯੋਜਨਾ ਮੁਕੰਮਲ ਹੋਣ ਉਪਰੰਤ ਸੀਵਰੇਜ ਅਤੇ ਜਲ-ਸਪਲਾਈ ਦੇ ਨਵੇਂ ਕੁਨੈਕਸ਼ਨ ਦਿੱਤੇ ਜਾਣਗੇ। ਸ. ਤੇਜਾ ਨੇ ਅਮੁਰਤ ਯੋਜਨਾ ਤਹਿਤ ਚੱਲ ਰਹੇ ਕੰਮ ਦੀ ਪ੍ਰਗਤੀ ਉੱਪਰ ਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਤਹਿ ਸਮੇਂ ਅੰਦਰ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ। ਉਨਾਂ ਕਿਹਾ ਕਿ ਕੰਮ ਦੀ ਗੁਣਵਤਾ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਤੇ ਜਲ ਸਪਲਾਈ ਦੀਆਂ ਲਾਈਨਾਂ ਵਿਛਾਉਣ ਕਾਰਨ ਰੋਡ ਪੁੱਟੇ ਹੋਣ ਕਾਰਨ ਲੋਕਾਂ ਨੂੰ ਕੁਝ ਅਸੁਵਿਧਾ ਜਰੂਰ ਹੋ ਰਹੀ ਹੈ ਪਰ ਜਦੋਂ ਸੀਵਰੇਜ ਤੇ ਜਲ ਸਪਲਾਈ ਦੀਆਂ ਲਾਈਨਾਂ ਪੈਣੀਆਂ ਮੁਕੰਮਲ ਹੋ ਜਾਣਗੀਆਂ ਤਾਂ ਸ਼ਹਿਰ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ।