ਬਟਾਲਾ ਸ਼ਹਿਰ ਦੇ ਵਿਕਾਸ ਲਈ ਉਨ੍ਹਾਂ ਦੀ ਕੋਸ਼ਿਸ਼ਾਂ ਲਗਾਤਾਰ ਜਾਰੀ ਰਹਿਣਗੀਆਂ – ਸੇਖੜੀ
ਬਟਾਲਾ, 10 ਅਗਸਤ 2021 ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਅਸ਼ਵਨੀ ਸੇਖੜੀ ਨੇ ਸ਼ਪੱਸਟ ਕੀਤਾ ਹੈ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਜਿਹੜੇ 10 ਕਰੋੜ ਰੁਪਏ ਦੇ ਟੈਂਡਰ ਰੱਦ ਹੋਣ ਦੀ ਚਰਚਾ ਚੱਲ ਰਹੀ ਹੈ ਉਹ ਬਿਲਕੁਲ ਨਿਰਮੂਲ ਹੈ ਅਤੇ ਉਨ੍ਹਾਂ ਦੀ ਬਟਾਲਾ ਦੇ ਵਿਕਾਸ ਲਈ ਆਏ ਇੱਕ ਨਿੱਕੇ ਪੈਸੇ ਨੂੰ ਵੀ ਰੱਦ ਕਰਾਉਣ ਦੀ ਕੋਈ ਮਨਸ਼ਾ ਨਹੀਂ ਹੈ। ਸ੍ਰੀ ਸੇਖੜੀ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾਂ ਹੀ ਬਟਾਲਾ ਸ਼ਹਿਰ ਲਈ ਵੱਧ ਤੋਂ ਵੱਧ ਪ੍ਰੋਜੈਕਟ ਅਤੇ ਗ੍ਰਾਂਟਾਂ ਲਿਆਉਣ ਦੀ ਵਕਾਲਤ ਤੇ ਕੋਸ਼ਿਸ਼ ਕੀਤੀ ਹੈ ਅਤੇ ਉਨ੍ਹਾਂ ਦੇ ਯਤਨਾ ਸਦਕਾ ਹੀ ਅਮੁਰਤ ਯੋਜਨਾ ਬਟਾਲਾ ਸ਼ਹਿਰ ਲਈ ਮਨਜ਼ੂਰ ਤੇ ਲਾਗੂ ਹੋ ਸਕੀ ਹੈ। ਸ੍ਰੀ ਸੇਖੜੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਆਈਆਂ ਗ੍ਰਾਂਟਾਂ ਲਗਾਉਣ ਦੇ ਨਾਲ ਹੋਰ ਵੀ ਗ੍ਰਾਂਟਾਂ ਪਾਸ ਕਰਵਾਈਆਂ ਜਾਣਗੀਆਂ ਅਤੇ ਬਟਾਲਾ ਸ਼ਹਿਰ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਚੇਅਰਮੈਨ ਸ੍ਰੀ ਸੇਖੜੀ ਨੇ ਕਿਹਾ ਕਿ ਸਾਲ 2016 ਵਿੱਚ ਉਨ੍ਹਾਂ ਨੇ ਅਕਾਲੀ ਸਰਕਾਰ ਸਮੇਂ ਬਟਾਲਾ ਸ਼ਹਿਰ ਲਈ ਅਮੁਰਤ ਯੋਜਨਾ ਪਾਸ ਕਰਵਾਈ ਸੀ ਅਤੇ 2017 ਵਿੱਚ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅਮੁਰਤ ਯੋਜਨਾ ਤਹਿਤ 141 ਕਰੋੜ ਰੁਪਏ ਜਾਰੀ ਕੀਤੇ ਸਨ ਅਤੇ ਸੀਵਰੇਜ ਅਤੇ ਜਲ ਸਪਲਾਈ ਵਿਭਾਗ ਵੱਲੋਂ ਇਸ ਪ੍ਰੋਜੈਕਟ ਉਪਰ ਕੰਮ ਕੀਤਾ ਜਾ ਰਿਹਾ ਹੈ। ਸ੍ਰੀ ਸੇਖੜੀ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਸਦਕਾ ਅਮੁਰਤ ਯੋਜਨਾ ਦਾ ਹੋਰ ਵਿਸਥਾਰ ਕੀਤਾ ਜਾ ਰਿਹਾ ਹੈ ਅਤੇ ਇਸ ਯੋਜਨਾ ਤਹਿਤ ਸ਼ਹਿਰ ਦੇ ਅੰਦਰੂਨੀ ਹਿੱਸੇ ਨੂੰ ਵੀ ਕਵਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਅੰਦਰੂਨੀ ਹਿੱਸੇ ਵਿੱਚ ਸੀਵਰੇਜ ਅਤੇ ਜਲ ਸਪਲਾਈ ਲਈ 50 ਕਰੋੜ ਰੁਪਏ ਹੋਰ ਮਨਜ਼ੂਰ ਕਰਵਾ ਲਏ ਗਏ ਹਨ ਅਤੇ ਬਟਾਲਾ ਸ਼ਹਿਰ ਲਈ ਚੱਲ ਰਹੀ ਅਮੁਰਤ ਯੋਜਨਾ ਹੁਣ 191 ਕਰੋੜੀ ਹੋ ਗਈ ਹੈ।
ਸ੍ਰੀ ਸੇਖੜੀ ਨੇ ਕਿਹਾ ਕਿ ਬਟਾਲਾ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਦੇ ਹੱਲ ਲਈ ਵੀ ਵਿਸ਼ੇਸ਼ ਯੋਜਨਾ ਉਲੀਕੀ ਜਾ ਰਹੀ ਹੈ ਅਤੇ ਸਿਟੀ ਰੋਡ ਦੇ ਨਜ਼ਦੀਕ ਵਾਹਨਾ ਲਈ ਇੱਕ ਪਾਰਕਿੰਗ ਬਣਾਉਣ ਦੇ ਉਪਰਾਲੇ ਵੀ ਕੀਤੇ ਜਾਣਗੇ। ਸ੍ਰੀ ਸੇਖੜੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਬਟਾਲਾ ਦੇ ਸਿਵਲ ਹਸਪਤਾਲ ਦਾ ਦਰਜਾ ਵਧਾਇਆ ਸੀ ਅਤੇ ਇਸਦਾ ਨਾਮ ਜਗਤ ਮਾਤਾ ਸੁਲੱਖਣੀ ਜੀ ਦੇ ਨਾਮ ਉੱਪਰ ਰੱਖਿਆ ਸੀ। ਉਨ੍ਹਾਂ ਕਿਹਾ ਕਿ ਹੁਣ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਨੂੰ 200 ਬੈੱਡ ਦਾ ਕੀਤਾ ਜਾ ਰਿਹਾ ਹੈ ਜਿਸਦਾ ਬਟਾਲਾ ਸ਼ਹਿਰ ਸਮੇਤ ਪੂਰੇ ਇਲਾਕੇ ਨੂੰ ਲਾਭ ਮਿਲੇਗਾ। ਸ੍ਰੀ ਸੇਖੜੀ ਨੇ ਬਟਾਲਾ ਦਾ ਸਰਬਪੱਖੀ ਵਿਕਾਸ ਹੀ ਉਨ੍ਹਾਂ ਦਾ ਮੁੱਖ ਏਜੰਡਾ ਹੈ ਅਤੇ ਬਟਾਲਾ ਵਾਸੀਆਂ ਦੀ ਸੇਵਾ ਵਿਚ ਹਰ ਸਮੇਂ ਹਾਜ਼ਰ ਹਨ। ਉਨ੍ਹਾਂ ਮੇਅਰ ਸੁਖਦੀਪ ਸਿੰਘ ਤੇਜਾ ਨੂੰ ਕਿਹਾ ਕਿ ਉਹ ਬਟਾਲਾ ਸ਼ਹਿਰ ਦੇ ਵਿਕਾਸ ਲਈ ਉਨ੍ਹਾਂ ਦੇ ਨਾਲ ਹਨ ਅਤੇ ਵਿਕਾਸ ਸਬੰਧੀ ਮੁੱਖ ਮੰਤਰੀ ਜਾਂ ਕਿਸੇ ਮੰਤਰੀ ਨੂੰ ਮਿਲਣਾ ਹੈ ਤਾਂ ਉਹ ਨਾਲ ਜਾਣ ਨੂੰ ਤਿਆਰ ਹਨ।