ਬਟਾਲਾ ਸ਼ਹਿਰ ਦੇ ਵਿਰਾਸਤੀ ਦਰਵਾਜਿਆਂ ਦੀ ਸੰਭਾਲ ਦਾ ਕੰਮ ਜਾਰੀ

ਮੇਅਰ ਸੁਖਦੀਪ ਸਿੰਘ ਤੇਜਾ ਨੇ ਨਿਗਮ ਅਧਿਕਾਰੀਆਂ ਨਾਲ ਕੰਮ ਦਾ ਜਾਇਜਾ ਲਿਆ
ਬਟਾਲਾ, 22 ਜੂਨ 2021 ਨਗਰ ਨਿਗਮ ਬਟਾਲਾ ਦੇ ਮੇਅਰ ਸ. ਸੁਖਦੀਪ ਸਿੰਘ ਤੇਜਾ ਨੇ ਨਿਗਮ ਅਧਿਕਾਰੀਆਂ ਨਾਲ ਅੱਜ ਸ਼ਹਿਰ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਮੁਆਇਨਾ ਕਰਨ ਦੇ ਨਾਲ ਵਿਸ਼ੇਸ਼ ਤੌਰ ’ਤੇ ਸ਼ਹਿਰ ਦੇ ਵਿਰਾਸਤੀ ਦਰਵਾਜ਼ਿਆਂ ਦੀ ਸੰਭਾਲ ਦੇ ਹੋ ਰਹੇ ਕੰਮ ਦਾ ਨਿਰੀਖਣ ਕੀਤਾ। ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਯਤਨਾ ਸਦਕਾ ਬਟਾਲਾ ਸ਼ਹਿਰ ਦੇ ਵਿਰਾਸਤੀ ਗੇਟਾਂ ਦੀ ਮੁਰੰਮਤ ਤੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ।
ਅੱਚਲੀ ਦਰਵਾਜ਼ੇ ਦੀ ਸੰਭਾਲ ਦੇ ਚੱਲ ਰਹੇ ਕੰਮ ਦਾ ਨਿਰੀਖਣ ਕਰਦਿਆਂ ਮੇਅਰ ਸੁਖਦੀਪ ਸਿੰਘ ਤੇਜਾ ਨੇ ਕਿਹਾ ਕਿ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਨਿਗਰਾਨੀ ਹੇਠ ਜਿਥੇ ਬਟਾਲਾ ਸ਼ਹਿਰ ਦਾ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ ਓਥੇ ਸ਼ਹਿਰ ਨੂੰ ਵਿਰਾਸਤੀ ਦਿੱਖ ਦੇਣ ਦੇ ਯਤਨ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ 20 ਲੱਖ ਰੁਪਏ ਦੇ ਟੈਂਡਰ ਸ਼ਹਿਰ ਦੇ ਇਤਿਹਾਸਕ ਗੇਟਾਂ ਦੀ ਮੁਰੰਮਤ ਅਤੇ ਵਿਰਾਸਤੀ ਦਿੱਖ ਦੇਣ ਲਈ ਲਗਾਏ ਗਏ ਸਨ, ਜਿਨ੍ਹਾਂ ਤਹਿਤ ਗੇਟਾਂ ਦੀ ਸੰਭਾਲ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਨਹਿਰੂ ਦਰਵਾਜੇ, ਖਜ਼ੂਰੀ ਦਰਵਾਜੇ, ਕਪੂਰੀ ਦਰਵਾਜੇ ਅਤੇ ਅੱਚਲੀ ਦਰਵਾਜੇ ਦੀ ਸੰਭਾਲ ਅਤੇ ਇਨ੍ਹਾਂ ਦਰਵਾਜਿਆਂ ਦੀ ਵਿਰਾਸਤੀ ਦਿੱਖ ਨੂੰ ਉਭਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦਰਵਾਜ਼ਿਆਂ ਦੀ ਸੰਭਾਲ ਦਾ ਕੰਮ ਅਗਲੇ ਕੁਝ ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ।
ਮੇਅਰ ਸ. ਸੁਖਦੀਪ ਸਿੰਘ ਤੇਜਾ ਨੇ ਕਿਹਾ ਕਿ ਬਟਾਲਾ ਸ਼ਹਿਰ ਵਿੱਚ ਪਿਛਲੇ ਚਾਰ ਸਾਲਾਂ ਵਿੱਚ ਰਿਕਾਰਡ ਵਿਕਾਸ ਹੋਏ ਹਨ ਅਤੇ ਅਜੇ ਵੀ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਵਿਕਾਸ ਕਾਰਜ ਜਾਰੀ ਹਨ। ਉਨ੍ਹਾਂ ਕਿਹਾ ਕਿ ਅਮੁਰਤ ਯੋਜਨਾ ਤਹਿਤ ਸੀਵਰੇਜ ਤੇ ਜਲ ਸਪਲਾਈ ਪ੍ਰੋਜੈਕਟ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਜਿਹੜੇ ਇਲਾਕਿਆਂ ਵਿੱਚ ਸੀਵਰੇਜ ਤੇ ਜਲ ਸਪਲਾਈ ਦੀਆਂ ਲਾਈਨਾਂ ਪੈਣ ਦਾ ਕੰਮ ਮੁਕੰਮਲ ਹੋਈ ਜਾ ਰਿਹਾ ਹੈ ਨਿਗਮ ਵੱਲੋਂ ਓਥੇ ਪੱਕੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰ ਵਾਰਡ ਦਾ ਵਿਕਾਸ ਕਰਨ ਲਈ ਨਗਰ ਨਿਗਮ ਵਚਨਬੱਧ ਹੈ।
ਇਸ ਮੌਕੇ ਜੇ.ਈ. ਨਗਰ ਨਿਗਮ ਧੀਰਜ ਸਹੋਤਾ, ਠੇਕੇਦਾਰ ਕੁਲਵਿੰਦਰ ਸਿੰਘ ਲਾਡੀ ਜੱਸਲ, ਠੇਕੇਦਾਰ ਵਿੱਕੀ ਧਵਨ, ਪ੍ਰੇਮ ਕੁਮਾਰ, ਮਾਸਟਰ ਲਾਜਪਤ ਸ਼ਰਮਾ ਵੀ ਮੌਜੂਦ ਸਨ।

Spread the love