13.09 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਿਹਾ ਜਲ ਸਪਲਾਈ ਯੋਜਨਾ ਉੱਪਰ ਕੰਮ
ਬਟਾਲਾ, 27 ਜੁਲਾਈ ( ) – ਪੰਜਾਬ ਸਰਕਾਰ ਵਲੋਂ ਬਟਾਲਾ ਸ਼ਹਿਰ ਦੀ 100 ਫੀਸਦੀ ਵਸੋਂ ਨੂੰ ਪੀਣ ਲਈ ਸਾਫ਼ ਤੇ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਇਸ ਪ੍ਰੋਜੈਕਟ ਉੱਪਰ ਬੜੀ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਇਹ ਪ੍ਰਗਟਾਵਾ ਕਰਦਿਆਂ ਨਗਰ ਨਿਗਮ ਬਟਾਲਾ ਦੇ ਮੇਅਰ ਸ. ਸੁਖਦੀਪ ਸਿੰਘ ਤੇਜਾ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ ਬਟਾਲਾ ਸ਼ਹਿਰ ਵਿੱਚ ਅਮੁਰਤ ਯੋਜਨਾ ਅਧੀਨ ਜਲ-ਸਪਲਾਈ ਯੋਜਨਾ ਉੱਪਰ 13.09 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।
ਮੇਅਰ ਸੁਖਦੀਪ ਸਿੰਘ ਤੇਜਾ ਨੇ ਦੱਸਿਆ ਕਿ 13.09 ਕਰੋੜ ਰੁਪਏ ਇਸ ਜਲ ਸਪਲਾਈ ਪ੍ਰੋਜੈਕਟ ਤਹਿਤ ਸ਼ਹਿਰ ਵਿੱਚ 24 ਕਿਲੋਮੀਟਰ ਲੰਮੀਆਂ ਪਾਈਪ ਲਾਈਨਾਂ ਪਾਈਆਂ ਜਾ ਰਹੀਆਂ ਹਨ ਤਾਂ ਜੋ ਹਰ ਘਰ ਤੱਕ ਪੀਣ ਲਈ ਪਾਣੀ ਪਹੁੰਚਾਇਆ ਜਾ ਸਕੇ। ਉਨਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਅਗਲੇ ਕੁਝ ਮਹੀਨਿਆਂ ਤੱਕ ਇਹ ਮੁਕੰਮਲ ਹੋ ਜਾਵੇਗਾ। ਉਨਾਂ ਦੱਸਿਆ ਕਿ ਇਸ ਸਮੇਂ ਬਟਾਲਾ ਸ਼ਹਿਰ ਜਲ ਸਪਲਾਈ ਦੇ 10000 ਦੇ ਕਰੀਬ ਕੁਨੈਕਸ਼ਨ ਹਨ ਅਤੇ ਜਦੋਂ ਇਹ ਪ੍ਰੋਜੈਕਟ ਮੁਕੰਮਲ ਹੋ ਜਾਵੇਗਾ ਤਾਂ ਹਰ ਘਰ ਵਿੱਚ ਕੁਨੈਕਸ਼ਨ ਦਿੱਤਾ ਜਾਵੇਗਾ। ਉਨਾਂ ਦੱਸਿਆ ਸਾਰੇ ਸ਼ਹਿਰ ਵਿੱਚ ਜਲ ਸਪਲਾਈ ਦੇਣ ਲਈ ਡੂੰਘੇ ਬੋਰਾਂ ਵਾਲੇ 30 ਟਿਊਬਵੈਲ ਹਨ ਅਤੇ ਇਨਾਂ ਵਿਚੋਂ 6 ਟਿਊਬਵੈੱਲ ਦੁਬਾਰਾ ਨਵੇਂ ਸਿਰੇ ਤੋਂ ਲਗਾਏ ਜਾਣਗੇ।
ਮੇਅਰ ਨਗਰ ਨਿਗਮ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਲ ਸਪਲਾਈ ਯੋਜਨਾ ਉੱਪਰ ਬੜੀ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਅਤੇ ਜਲਦੀ ਹੀ ਬਟਾਲਾ ਸ਼ਹਿਰ ਦੇ ਹਰ ਘਰ ਵਿੱਚ ਪੀਣ ਲਈ ਸਾਫ਼ ਤੇ ਸ਼ੁੱਧ ਪਾਣੀ ਪਹੁੰਚਾ ਦਿੱਤਾ ਜਾਵੇਗਾ।