ਜ਼ਿਲ੍ਹਾ ਜਲੰਧਰ ਦੇ ਸਕੂਲਾਂ ਵਿੱਚ ਚਲਾਏ ਜਾ ਰਹੇ ਹਨ 56465 ਬਡੀ ਗਰੁੱਪ, 23230 ਗਤੀਵਿਧੀਆਂ ਕਰਵਾਈਆਂ
ਜਲੰਧਰ, 25 ਜੂਨ 2021
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਸਕੂਲਾਂ ਵਿੱਚ ਬਣਾਏ ਗਏ ਬਡੀ ਗਰੁੱਪ ਵੱਲੋਂ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਵਿੱਚ ਅਹਿਮ ਭੁਮਿਕਾ ਨਿਭਾਈ ਜਾ ਰਹੀ ਹੈ, ਜਿਸ ਸਦਕਾ ਨਸ਼ਿਆਂ ਦੀ ਸਮੱਸਿਆ ਵੱਡੇ ਪੱਧਰ ‘ਤੇ ਹੱਲ ਹੋਈ ਹੈ।
ਸਰਕਾਰੀ ਮਾਡਲ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ, ਜਲੰਧਰ ਦੀ ਪ੍ਰਿੰਸੀਪਲ ਮਨਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ 265 ਬਡੀ ਗਰੁੱਪ ਬਣਾਏ ਗਏ ਹਨ, ਜਿਨ੍ਹਾਂ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ 1388 ਵਿਦਿਆਰਥੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਨਸ਼ਿਆਂ ਖਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ਇਨ੍ਹਾਂ ਵਿਦਿਆਰਥੀਆਂ ਦੀਆਂ ਸਮੇਂ-ਸਮੇਂ ‘ਤੇ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਪੋਸਟਰ ਮੇਕਿੰਗ, ਚਾਰਟ ਮੇਕਿੰਗ, ਕਵਿਤਾ, ਭਾਸ਼ਣ ਅਤੇ ਹੋਰ ਮੁਕਾਬਲੇ ਵੀ ਸ਼ਾਮਲ ਹਨ।
ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਕਸੂਦਾਂ ਦੀ ਪ੍ਰਿੰਸੀਪਲ ਅਰਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲਾਂ ਵਿੱਚ 224 ਬਡੀ ਗਰੁੱਪ ਬਣਾਏ ਗਏ ਹਨ । ਇਸ ਤੋਂ ਇਲਾਵਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਸ਼ੇਖ ਦੀ ਪ੍ਰਿੰਸੀਪਲ ਹਰਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ ਵੀ ਬੱਡੀ ਗਰੁੱਪ ਸਫ਼ਲਤਾਪੂਰਵਕ ਚਲਾਏ ਜਾ ਰਹੇ ਹਨ, ਜਿਨ੍ਹਾਂ ਵੱਲੋਂ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਵਿੱਚ ਨਿੱਗਰ ਯੋਗਦਾਨ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਹਰਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਜਲੰਧਰ ਦੇ ਸਕੂਲਾਂ ਵਿੱਚ ਜਿਥੇ 56465 ਬਡੀ ਗਰੁੱਪ ਚਲਾਏ ਜਾ ਰਹੇ ਹਨ ਉਥੇ 225456 ਬਡੀ ਬਣਾਏ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ 8110 ਵਿਦਿਆਰਥੀਆਂ ਨੂੰ ਜ਼ਿਲ੍ਹੇ ਵਿੱਚ ਸੀਨੀਅਰ ਬਡੀ ਨਿਯੁਕਤ ਕੀਤਾ ਗਿਆ ਹੈ ਅਤੇ ਬਡੀ ਪ੍ਰੋਗਰਾਮ ਤਹਿਤ 23230 ਗਤੀਵਿਧੀਆਂ ਕਰਵਾਈਆਂ ਜਾ ਚੁੱਕੀਆਂ ਹਨ।
ਉਨ੍ਹਾਂ ਦੱਸਿਆ ਕਿ ਮਾਰਚ 2020 ਤੋਂ ਹੁਣ ਤੱਕ ਲਾਕਡਾਊਨ ਲੱਗਣ ਕਾਰਨ ਜ਼ਿਲ੍ਹੇ ਦੇ ਬਡੀ ਗਰੁੱਪਾਂ ਵੱਲੋਂ ਸਿਰਫ਼ ਆਨਲਾਈਨ ਗਤੀਵਿਧੀਆਂ ਹੀ ਕੀਤੀਆਂ ਗਈਆਂ ਹਨ ।
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਸ ”ਤੂੰ ਮੇਰਾ ਬਡੀ” ਮੁਹਿੰਮ ਤਹਿਤ ਬਡੀ ਗਰੁੱਪ ਵੱਲੋਂ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ, ਜਿਸ ਤਹਿਤ ਵਿਦਿਆਰਥੀਆਂ ਵੱਲੋਂ ਆਪਣੇ ਸਕੂਲਾਂ ਵਿੱਚ ਇੱਕ ਦੂਸਰੇ ਦੀਆਂ ਆਦਤਾਂ ਦਾ ਖਿਆਲ ਰੱਖਣ ਤੋਂ ਇਲਾਵਾ ਆਪਣੇ ਘਰਾਂ, ਗੁਆਂਢ ਅਤੇ ਗਲੀ-ਮੁਹੱਲੇ ਵਿੱਚ ਵੀ ਨਿਗਰਾਨੀ ਰੱਖੀ ਜਾਂਦੀ ਹੈ। ਇਨ੍ਹਾਂ ਵੱਲੋਂ ਨਸ਼ਿਆਂ ਦੇ ਸ਼ਿਕਾਰ ਵਿਅਕਤੀ ਦੀ ਪਛਾਣ ਕਰਕੇ ਉਨ੍ਹਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਨਸ਼ਾ ਮੁਕਤ ਹੋਣ ਲਈ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰਾਂ, ਓਟ ਕਲੀਨਿਕਾਂ ਵਿੱਚ ਸੰਪਰਕ ਕਰਨ ਲਈ ਵੀ ਜਾਗਰੂਕ ਕੀਤਾ ਜਾਂਦਾ ਹੈ ।