ਬਰੈਸਟ ਕੈਂਸਰ ਦੀ ਨਵੀਂ ਤਕਨੀਕ ਨਾਲ ਚੈੱਕਅਪ ਲਈ ਜ਼ਿਲ੍ਹੇ ‘ਚ 19 ਫਰਵਰੀ ਤੋਂ 19 ਮਾਰਚ 2024 ਤੱਕ ਵਿਸ਼ੇਸ ਕੈਂਪ ਲਗਾਏ ਜਾ ਰਹੇ

ਪ੍ਰਭਾਵਿਤ ਮਰੀਜ਼ਾਂ ਨੂੰ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼” ਸਕੀਮ ਤਹਿਤ ਕੈਸ਼ਲੈਸ ਇਲਾਜ ਦੀ ਸਹੂਲਤ ਵੀ ਦਵਾਈ ਜਾਵੇਗੀ
ਰੂਪਨਗਰ, 19 ਫਰਵਰੀ
“ਨੈਸ਼ਨਲ ਪ੍ਰੋਗਰਾਮ ਫਾਰ ਪ੍ਰੋਵੈਸਨ ਐਂਡ ਕੰਟਰੋਲ ਆਫ ਕੈਂਸਰ, ਡਾਇਬਟੀਜ, ਕਾਰਡੀਓ ਵੈਸਕੂਲਰ ਡਿਜ਼ੀਜ਼ ਐਂਡ ਸਟਰੋਕਸ, ਪੰਜਾਬ” ਪ੍ਰੋਗਰਾਮ ਤਹਿਤ ਜ਼ਿਲ੍ਹੇ ਵਿੱਚ ਬਰੈਸਟ ਕੈਂਸਰ ਦੀ ਨਵੀਂ ਤਕਨੀਕ ਨਾਲ ਸਕਰੀਨਿੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨੂੰ ਵਿੱਜ ਨੇ ਦੱਸਿਆ ਕਿ ਰੂਪਨਗਰ ਜ਼ਿਲੇ ਵਿਚ ਇਹ ਕੈਂਪ 19 ਫਰਵਰੀ ਤੋਂ 19 ਮਾਰਚ 2024 ਤੱਕ ਲਗਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਪੀ.ਐਚ.ਸੀ ਨੂਰਪੁਰ ਬੇਦੀ 19 ਫ਼ਰਵਰੀ ਤੋਂ 22 ਫਰਵਰੀ ਤੱਕ, ਸੀ.ਐੱਚ.ਸੀ ਕੀਰਤਪੁਰ ਸਾਹਿਬ 23 ਫਰਵਰੀ ਤੋਂ 28 ਫਰਵਰੀ ਤੱਕ, ਸੀ.ਐੱਚ.ਸੀ ਭਰਤਗੜ੍ਹ 29 ਫਰਵਰੀ ਤੋਂ 4 ਮਾਰਚ ਤੱਕ, ਐੱਸ.ਡੀ.ਐੱਚ ਸ਼੍ਰੀ ਅਨੰਦਪੁਰ ਸਾਹਿਬ 5 ਮਾਰਚ ਤੋਂ 9 ਮਾਰਚ ਤੱਕ, ਐੱਸ.ਡੀ.ਐੱਚ ਸ਼੍ਰੀ ਚਮਕੌਰ ਸਾਹਿਬ 11 ਮਾਰਚ ਤੋਂ 14 ਮਾਰਚ ਤੱਕ ਅਤੇ ਡੀ.ਐੱਚ ਰੂਪਨਗਰ ਵਿਖੇ 15 ਮਾਰਚ ਤੋਂ 19 ਮਾਰਚ ਤੱਕ ਲਗਾਇਆ ਜਾ ਰਿਹਾ ਹੈ।
ਡਾ. ਮਨੂੰ ਵਿੱਜ ਨੇ ਦੱਸਿਆ ਕਿ ‘ਬਰੈਸਟ ਕੈਂਸਰ ਏ.ਆਈ ਡਿਜੀਟਲ ਪ੍ਰੋਜੈਕਟ’ ਤਹਿਤ ਇਸ ਕੈਂਪ ਵਿੱਚ ਬਰੈਸਟ ਕੈਂਸਰ ਦੀ ਜਾਂਚ ਬਿਲਕੁਲ ਨਵੀਂ ਤਕਨੀਕ ਨਾਲ ਕੀਤੀ ਜਾਵੇਗੀ, ਜਾਂਚ ਵਿੱਚ ਮਰੀਜ਼ ਨੂੰ ਛੂਹਣ ਤੋਂ ਬਿਨਾਂ, ਦੇਖਣ ਤੋਂ ਬਿਨਾਂ, ਕਿਸੇ ਵੀ ਦਰਦ ਤੋਂ ਬਿਨਾਂ ਅਤੇ ਕੋਈ ਵੀ ਰੇਡੀਏਸ਼ਨ ਦਿੱਤੇ ਬਿਨਾਂ ਜਾਂਚ ਕੀਤੀ ਜਾਵੇਗੀ।
ਉਨਾਂ ਦੱਸਿਆ ਕਿ ਸਕਰੀਨਿੰਗ ਲਈ ਆਉਣ ਵਾਲੇ ਮਰੀਜ਼ਾਂ ਦੀ ਮਾਹਰ ਡਾਕਟਰਾਂ ਵੱਲੋਂ ਜਾਂਚ ਕੀਤੀ ਜਾਵੇਗੀ, ਲੋੜੀਦੇ ਲੈਬਾਰਟਰੀ ਟੈਸਟ ਮੁਫਤ ਕੀਤੇ ਜਾਣਗੇ, ਲੋੜੀਂਦੀਆਂ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ਅਤੇ ਲੋੜ ਪੈਣ ਤੇ ਵੱਡੇ ਹਸਪਤਾਲਾਂ ਵਿੱਚ ਰੈਫਰ ਵੀ ਕੀਤਾ ਜਾਵੇਗਾ।
ਸਿਵਲ ਸਰਜਨ ਨੇ ਦੱਸਿਆ ਕਿ ਲੋੜਵੰਦਾਂ ਨੂੰ ਇਲਾਜ ਲਈ ਸਰਕਾਰ ਵੱਲੋਂ ਚਲਾਈ ਗਈ “ਮੁੱਖ ਮੰਤਰੀ ਕੈਂਸਰ ਰਾਹਤ ਕੋਸ਼” ਸਕੀਮ ਤਹਿਤ ਕੈਸ਼ਲੈਸ ਇਲਾਜ ਦੀ ਸਹੂਲਤ ਵੀ ਦਵਾਈ ਜਾਵੇਗੀ ਤਾਂ ਜੋ ਸਰੀਰ ਵਿੱਚ ਕਿਸੇ ਵੀ ਪੁਰਾਣੀ ਗੱਠ ਨੂੰ ਅਣਗੌਲਿਆ ਨਾ ਕੀਤਾ ਜਾਵੇ ਸਗੋਂ ਇਸਦੀ ਸਕਰੀਨਿੰਗ ਕਰਵਾਈ ਜਾਵੇ ਅਤੇ ਸਰਕਾਰ ਵੱਲੋਂ ਚਲਾਈ ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ।