ਫਾਜਿਲਕਾ ਜਿਲ੍ਹੇ ਦਾ ਖੁਆਬ ਹਰ ਬੱਚੇ ਹੱਥ ਕਿਤਾਬ
ਫਾਜ਼ਿਲਕਾ, 16 ਜੁਲਾਈ 2021
ਸਿੱਖਿਆ ਵਿਭਾਗ ਪੰਜਾਬ ਵੱਲੋਂ ਪੂਰੇ ਪੰਜਾਬ ਵਿੱਚ ਚਲਾਈ ਜਾ ਰਹੀ ਲਾਇਬ੍ਰੇਰੀ ਲੰਗਰ ਮੁਹਿੰਮ ਨੂੰ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫਾਜਿਲਕਾ ਡਾ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਦੀ ਅਗਵਾਈ ਵਿੱਚ ਬਲਾਕ ਫਾਜਿਲਕਾ 2 ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਪੀਈਓ ਮੈਡਮ ਸੁਖਵਿੰਦਰ ਕੌਰ ਨੇ ਕਿਹਾ ਕਿ ਬਲਾਕ ਦੇ ਸਮੂਹ ਸੀਐਚਟੀਜ, ਪੜੋ ਪੰਜਾਬ ਪੜਾਓ ਪੰਜਾਬ ਟੀਮ ਮੈਂਬਰ, ਮੀਡੀਆ ਟੀਮ, ਸਕੂਲ ਮੁੱਖੀਆਂ ਅਤੇ ਸਮੂਹ ਅਧਿਆਪਕਾਂ ਨੇ ਪੂਰੇ ਉਤਸ਼ਾਹ ਨਾਲ ਲਾਇਬ੍ਰੇਰੀ ਲੰਗਰ ਮੁਹਿੰਮ ਨੂੰ ਇੱਕ ਤਿਉਹਾਰ ਵਾਗੂ ਮਨਾਇਆ ਹੈ। ਬੀਪੀਈਓ ਨੇ ਕਿਹਾ ਕਿ ਵਿਭਾਗ ਵੱਲੋਂ ਆਪ ਦੇ ਸਹਿਯੋਗ ਨਾਲ ਇੱਕ ਨਿਵੇਕਲੀ ਪਹਿਲ ਕਦਮੀ ਕੀਤੀ ਹੈ, ਅਲਮਾਰੀਆਂ ਵਿੱਚ ਕੈਦ ਕਿਤਾਬਾਂ ਨੂੰ ਬਾਹਰ ਕੱਢ ਕੇ ਵਿਦਿਆਰਥੀਆਂ ਅਤੇ ਸਾਹਿਤ ਪੜਣ ਦੇ ਸੌਕੀਨਾ ਤੱਕ ਪਹੁੰਚਾਇਆ ਜਾ ਰਿਹਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੀਐਮਟੀ ਵਰਿੰਦਰ ਕੁੱਕੜ ਨੇ ਕਿਹਾ ਕਿ ਪ੍ਰੋਗਰਾਮ ਤਹਿਤ ਸਕੂਲ ਦੇ ਸਟਾਫ ਵੱਲੋ ਸਕੂਲ ਦੇ ਨਾਲ ਪਿੰਡਾ ਦੇ ਧਾਰਮਿਕ ਸਥਾਨਾਂ ਅਤੇ ਜਨਤਕ ਸਥਾਨਾਂ ਤੇ ਸਟਾਲ ਲਗਾ ਕੇ ਕਿਤਾਬਾਂ ਵੰਡੀਆ ਗਈਆ। ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਦੇ ਨਾਲ-ਨਾਲ ਉਹਨਾਂ ਦੇ ਮਾਪਿਆਂ ਪਿੰਡ ਦੇ ਨੌਜਵਾਨ, ਸਕੂਲ ਪ੍ਰਬੰਧਕ ਕਮੇਟੀ ਮੈਂਬਰਾਂ, ਪੰਚਾ, ਸਰਪੰਚਾਂ ਅਤੇ ਪਿੰਡ ਦੇ ਮੋਹਤਬਰ ਲਾਇਬ੍ਰੇਰੀ ਲੰਗਰ ਮੁਹਿੰਮ ਦਾ ਹਿੱਸਾ ਬਣੇ ਅਤੇ ਸੱਭ ਨੇ ਚਾਈ ਚਾਈ ਮਨਪਸੰਦ ਕਿਤਾਬਾਂ ਪ੍ਰਾਪਤ ਕੀਤੀਆਂ।
ਸੀਐਚਟੀ ਮੈਡਮ ਪੁਸ਼ਪਾ ਕੁਮਾਰੀ ,ਤ੍ਰਿਪਤਾ ਠਕਰਾਲ ,ਸੀਮਾ ਰਾਣੀ, ਪ੍ਰਵੀਨ ਕੌਰ, ਅੰਜੂ ਬਾਲਾ ਅਤੇ ਅੰਜੂ ਨਾਰੰਗ ਨੇ ਆਪਣੀ ਭਾਵਨਾਵਾਂ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਪ੍ਰੋਗਰਾਮ ਨੂੰ ਲੋਕ ਲਹਿਰ ਬਣਾਉਣਾ ਚਾਹੀਦਾ ਹੈ ਤਾ ਜੋ ਫਿਰ ਤੋ ਲੋਕ ਸਾਹਿਤਕ ਕਿਤਾਬਾਂ ਦੇ ਸ਼ੌਕੀਨ ਬਣਨ।ਜਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਨੇ ਦੱਸਿਆ ਕਿ ਲਾਇਬ੍ਰੇਰੀ ਲੰਗਰ ਮੁਹਿੰਮ ਵਿਦਿਆਰਥੀਆਂ ਵਿੱਚ ਪੜਣ ਰੁਚੀਆਂ ਵਿਕਸਤ ਕਰਨ ਦੇ ਨਾਲ-ਨਾਲ ਉਹਨਾਂ ਅੰਦਰ ਸਾਹਿਤ ਚੇਟਕ ਵੀ ਲਾਵੇਗੀ, ਅੱਜ ਸਮੇ ਦੀ ਲੋੜ ਹੈ ਕਿਤਾਬਾਂ ਨਾਲੋ ਟੁੱਟਦੀ ਜਾ ਰਹੀ ਸਾਡੀ ਨਵੀ ਪੀੜ੍ਹੀ ਨੂੰ ਸਾਹਿਤਕ ਅਤੇ ਸਭਿਆਚਾਰਕ ਕਦਰਾਂ-ਕੀਮਤਾਂ ਨਾਲ ਜੋੜਣ ਦੀ। ਉਕਤ ਪ੍ਰੋਗਰਾਮ ਦੌਰਾਨ ਕੋਵਿਡ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕਰਦਿਆ ਇਸ ਪ੍ਰੋਗਰਾਮ ਨੂੰ ਸਫਲ ਕਰਨ ਲਈ ਬਲਾਕ ਦੇ ਸਮੂਹ, ਸੀਐਚਟੀਜ, ਪੜੋ ਪੰਜਾਬ ਪੜਾਓ ਪੰਜਾਬ ਟੀਮ ਮੈਂਬਰਾ, ਮੀਡੀਆ ਟੀਮ ਮੈਂਬਰਾਂ ਅਤੇ ਸਮੂਹ ਅਧਿਆਪਕਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।