ਬਾਗਬਾਨੀ ਵਿਭਾਗ ਦੇ ਸਿਟਰਸ ਅਸਟੇਟ ਵੱਲੋਂ ਪਿੰਡ ਝੋਟਿਆਂ ਵਾਲੀ ਵਿਖੇ ਲਗਾਇਆ ਕਿਸਾਨ ਸਿਖਲਾਈ ਕੈਂਪ

ਫਾਜ਼ਿਲਕਾ, 10 ਸਤੰਬਰ 2021
ਬਾਗਬਾਨੀ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ ਵੱਲੋਂ ਪਿੰਡ ਝੋਟਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਵਿਖੇ ਫਲਾਂ ਅਤੇ ਸਬਜ਼ੀਆਂ ਦੀ ਸਫਲ ਕਾਸ਼ਤ ਸੰਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਬਾਗਬਾਨੀ ਵਿਕਾਸ ਅਫਸਰ ਸ਼੍ਰੀ ਪਵਨ ਕੁਮਾਰ ਵੱਲੋਂ ਨਵੇਂ ਬਾਗਾਂ ਦੀ ਵਿਉਂਤਬੰਦੀ, ਮਿੱਟੀ-ਪਰਖ ਕਰਵਾਉਣ ਅਤੇ ਸ਼੍ਰੀ ਗੁਰਜੀਤ ਸਿੰਘ ਬਾਗਬਾਨੀ ਵਿਕਾਸ ਅਫਸਰ (ਐਂਟੋਮੋਲੋਜੀ) ਨੇ ਬਾਗਬਾਨਾਂ ਨੂੰ ਬਾਗਾਂ ਦੇ ਕੀੜੇ-ਮਕੌੜਿਆਂ ਦੀ ਪਛਾਣ ਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ।
ਸਹਾਇਕ ਡਾਇਰੈਕਟਰ ਬਾਗਬਾਨੀ ਸ਼੍ਰੀ ਮਨਦੀਪ ਸਿੰਘ ਬਰਾੜ ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ ਵੱਲੋਂ ਬਾਗਾਂ ਦੀਆਂ ਬਿਮਾਰੀਆਂ ਦੀ ਪਛਾਣ ਅਤੇ ਉਨ੍ਹਾਂ ਦੀ ਰੋਕਥਾਮ ਤੋਂ ਇਲਾਵਾ ਸਿਟਰਸ ਅਸਟੇਟ ਤੇ ਬਾਗਾਬਾਨੀ ਵਿਭਾਗ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਕੀਮਾਂ/ਸਹੂਲਤਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਉਨ੍ਹਾਂ ਫਲਾਂ ਅਤੇ ਸਬਜ਼ੀਆਂ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਆਮ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ 300 ਗਰਾਮ ਸਬਜ਼ੀਆਂ ਅਤੇ 100 ਗਰਾਮ ਫਲਾਂ ਦੀ ਵਰਤੋਂ ਰੋਜ਼ਾਨਾ ਕਰਨੀ ਚਾਹੀਦੀ ਹੈ।
ਉਹਨਾਂ ਵੱਲੋਂ ਫਲਾਂ ਤੇ ਸਬਜ਼ੀਆਂ ਦੀ ਘਰੇਲੂ ਬਗੀਚੀ ਦੀ ਮਹੱਤਤਾ ਅਤੇ ਬਗੀਚੀ ਲਗਾਉਣ ਸੰਬੰਧੀ ਨੁਕਤੇ ਸਾਂਝੇ ਕੀਤੇ ਗਏ।ਇਸ ਮੌਕੇ ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਪੋਸ਼ਣ ਮਹੀਨੇ ਤਹਿਤ ਕਿਸਾਨਾਂ ਨੂੰ ਸਬਜ਼ੀ ਬੀਜਾਂ ਦੀ ਮਿੰਨੀ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ।
ਇਸ ਮੌਕੇ ਬਾਗਬਾਨੀ ਤਕਨੀਕੀ ਸਹਾਇਕ ਸ਼੍ਰੀ ਸ਼ਰਧਾ ਸਿੰਘ ਅਤੇ ਸ਼੍ਰੀ ਰਾਮ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Spread the love