ਡਾਇਰੈਕਟਰ ਬਾਗ਼ਬਾਨੀ ਵੱਲੋਂ ਪਿੰਡ ਵਜੀਦਪੁਰ ਵਿਖੇ ਅਮਰੂਦ ਅਸਟੇਟ ਦਾ ਦੌਰਾ
ਪਟਿਆਲਾ, 2 ਸਤੰਬਰ 2021
ਪਟਿਆਲਾ ਜ਼ਿਲ੍ਹੇ ’ਚ ਅਮਰੂਦ ਫ਼ਲ ਦੇ ਬਾਗਾਂ ਦੀ ਪ੍ਰਫੁੱਲਤਾ ਲਈ ਅਮਰੂਦ ਅਸਟੇਟ (ਮਿਲਖ) ਤਿਆਰ ਕੀਤੀ ਗਈ ਹੈ, ਜਿੱਥੋਂ ਬਾਗ਼ਬਾਨਾਂ ਨੂੰ ਆਧੁਨਿਕ ਮਸ਼ੀਨਰੀ ਮਾਮੂਲੀ ਕਿਰਾਏ ਤੇ ਉਪਲਬਧ ਕਰਵਾਈ ਜਾਵੇਗੀ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਡਾਇਰੈਕਟਰ ਬਾਗ਼ਬਾਨੀ ਪੰਜਾਬ ਡਾ ਗੁਲਾਬ ਸਿੰਘ ਗਿੱਲ ਨੇ ਪਟਿਆਲਾ-ਸੰਗਰੂਰ ਰੋਡ ਉਪਰ ਸਥਿਤ ਪਿੰਡ ਵਜੀਦਪੁਰ ਵਿਖੇ ਬਣੇ ਇਸ ਕੇਂਦਰ (ਮਿਲਖ) ਦੇ ਦੌਰੇ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਬਾਗ਼ਬਾਨਾਂ ਇੱਥੋਂ ਵਾਜਬ ਮੁੱਲ ’ਤੇ ਦਵਾਈਆਂ ਅਤੇ ਹੋਰ ਸਹੂਲਤਾਂ ਵੀ ਉਪਲਬਧ ਹੋਣਗੀਆਂ ਅਤੇ ਅਮਰੂਦ ਦੇ ਬਾਗ਼ਬਾਨ 500 ਰੁਪਏ ਪ੍ਰਤੀ ਏਕੜ ਫ਼ੀਸ ਦੇ ਕੇ ਉਮਰ ਭਰ ਲਈ ਇਸ (ਅਸਟੇਟ) ਮਿਲਖ ਦੇ ਮੈਂਬਰ ਬਣ ਸਕਦੇ ਹਨ ।
ਇਸ ਮੌਕੇ ਡਿਪਟੀ ਡਾਇਰੈਕਟਰ ਬਾਗ਼ਬਾਨੀ ਡਾ. ਨਿਰਵੰਤ ਸਿੰਘ ਨੇ ਦੱਸਿਆ ਕਿ ਇਸ ਕੇਂਦਰ ਵਿਚੋਂ ਬਾਗ਼ ਲਾਉਣ ਅਤੇ ਸੰਭਾਲ ਲਈ ਸਾਰੀ ਆਧੁਨਿਕ ਮਸ਼ੀਨਰੀ ਜਿਵੇਂ ਕਿ ਟਰੈਕਟਰ, ਰੋਟਾਵੇਟਰ, ਮਿਸਟ ਸਪ੍ਰੇਅਰ ਫੌਗਰ ਆਦਿ ਸੰਦ ਵਾਜਬ ਕਿਰਾਏ ਤੇ ਉਪਲਬਧ ਕਰਵਾਏ ਜਾਣਗੇ ਅਤੇ ਬਾਗਾਂ ਸਬੰਧੀ ਮੁਕੰਮਲ ਤਕਨੀਕੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇਗੀ ।
ਡਾ. ਗੁਲਾਬ ਸਿੰਘ ਨੇ ਜ਼ਿਲ੍ਹੇ ਵਿੱਚ ਮੌਜੂਦ ਬਾਗ਼ਬਾਨੀ ਵਿਭਾਗ ਦੇ ਵੱਖ-ਵੱਖ ਯੂਨਿਟਾਂ ਦਾ ਦੌਰਾ ਕਰਨ ਉਪਰੰਤ ਸਮੂਹ ਬਾਗ਼ਬਾਨੀ ਸਟਾਫ਼ ਨਾਲ ਮੀਟਿੰਗ ਦੌਰਾਨ ਬਾਗ਼ਬਾਨੀ ਕਾਸ਼ਤਕਾਰਾਂ ਦੀਆਂ ਮੁਸ਼ਕਲਾਂ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਹਦਾਇਤ ਕੀਤੀ ਅਤੇ ਨਰਸਰੀਆਂ ਵਿੱਚ ਵਧੀਆ ਕਿਸਮ ਦੇ ਬੂਟੇ ਤਿਆਰ ਕਰਨ ਲਈ ਕਿਹਾ। ਇਸ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਬਾਗ਼ਬਾਨਾਂ, ਸਬਜ਼ੀ ਕਾਸ਼ਤਕਾਰਾਂ, ਫੁੱਲ ਅਤੇ ਫੱਲ ਉਤਪਾਦਕਾਂ ਵੱਲੋਂ ਡਾਇਰੈਕਟਰ ਬਾਗ਼ਬਾਨੀ ਨਾਲ ਮੁਲਾਕਾਤ ਵੀ ਕੀਤੀ ਗਈ ਅਤੇ ਆਪਣੀਆਂ ਮੁਸ਼ਕਲਾਂ ਅਤੇ ਸੁਝਾਵਾਂ ਸਬੰਧੀ ਯਾਦ ਪੱਤਰ ਵੀ ਸੌਂਪਿਆ ਗਿਆ ।
ਇਸ ਮੌਕੇ ਬਾਗ਼ਬਾਨ ਮਾਲਵਿੰਦਰ ਸਿੰਘ ਪਿੰਡ ਭੇਡਪੁਰਾ, ਮੇਜਰ ਸਿੰਘ ਸੰਧੂ ਦਲਾਨਪੁਰ, ਸੁਖਵੀਰ ਸਿੰਘ ਘੱਗਾ, ਸਬਜ਼ੀ ਉਤਪਾਦਕ ਪ੍ਰਦੀਪ ਸਿੰਘ ਬਿਰੜਵਾਲ, ਭਰਪੂਰ ਸਿੰਘ ਖੇੜੀ ਮੱਲਾਂ ,ਫੁੱਲ ਉਤਪਾਦਕ ਗੁਰਪ੍ਰੀਤ ਸਿੰਘ ਮੰਜਾਲ ਅਤੇ ਹੋਰ ਕਿਸਾਨ ਵੀ ਹਾਜ਼ਰ ਸਨ ।
ਕੈਪਸ਼ਨ: ਡਾਇਰੈਕਟਰ ਬਾਗ਼ਬਾਨੀ ਡਾ. ਗੁਲਾਬ ਸਿੰਘ ਪਿੰਡ ਵਜੀਦਪੁਰ ਵਿਖੇ ਬਣੀ ਅਮਰੂਦ ਅਸਟੇਟ ’ਚ ਨਵੀਂ ਮਸ਼ੀਨਰੀ ਦੇਖਦੇ ਹੋਏ।