ਸਿਖਿਆ ਅਦਾਰਿਆਂ ਵਿਚ ਬੱਚਿਆਂ ਦੀ ਰੈਂਡਮ ਸੈਂਪਲਿੰਗ ਸਹੀ ਢੰਗ ਨਾਲ ਕੀਤੀ ਜਾਵੇ
ਰੂਪਨਗਰ, 5 ਅਗਸਤ 2021
ਕੋਰੋਨਾ ਦੀ ਤੀਜੀ ਲੋਹਿਰ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਹੁਣ ਤੋਂ ਹੀ ਤਿਆਰੀ ਆਰੰਭ ਕਰ ਦਿੱਤੀ ਗਈ ਹੈ। ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ਼ੇ ਦੇ ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੇ ਇਹ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਕੋਰਨੋਾ ਮਹਾਂਮਾਰੀ ਦੀ ਤੀਜੀ ਲਹਿਰ ਨੂੰ ਰੋਕਣ ਲਈ ਹੁਣ ਤੋਂ ਹੀ ਸਾਰੇ ਸਬੰਧਤ ਵਿਭਾਗ ਲੋੜੀਂਦੇ ਕਦਮ ਉਠਾਉਣ।
ਸ੍ਰੀਮਤੀ ਸੋਨਾਲੀ ਗਿਰੀ ਨੇ ਮੀਟਿੰਗ ਦੌਰਾਨ ਨਿਗਾਰਨ ਟੀਮਾਂ ਨੂੰ ਹਦਾਇਤ ਕੀਤੀ ਕਿ ਮਾਸਕ ਦੀ ਵਰਤੋ ਯਕੀਨੀ ਬਣਾਈ ਜਾਵੇ। ਉਨ੍ਹਾਂ ਨਾਲ ਹੀ ਕਿਹਾ ਕਿ ਮਾਸਕ ਨਾ ਪਉਣ ਵਾਲੇ ਲੋਕਾਂ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਸ ਮੌਕੇ ਸਿਹਤ ਅਧਿਕਾਰੀਆ ਨੂੰ ਕਿਹਾ ਕਿ ਸਿੱਖਿਆ ਅਦਾਰਿਆਂ/ਸਕੂਲਾਂ ਵਿਚ ਰੈਂਡਮ ਸੈਪਲਿੰਗ ਨੂੰ ਸਹੀ ਢੰਗ ਨਾਲ ਕਰਵਾਇਆ ਜਾਵੇ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਬਿਨਾਂ ਮਾਸਕ ਤੋਂ ਬੱਚਿਆਂ ਨੂੰ ਸਕੂਲ ਵਿਚ ਨਾ ਆਉਣ ਦਿੱਤਾ ਜਾਵੇ ਅਤੇ ਨਾਲ ਹੀ ਸਕੂਲਾਂ ਵਿਚ ਬੱਚਿਆਂ ਦੀ ਪੂਰੀ ਨਿਗਾਰਨੀ ਰੱਖੀ ਜਾਵੇ ਕੋਈ ਵੀ ਬਿਨਾਂ ਮਾਸਕ ਤੋਂ ਸਿੱਖਿਆ ਅਦਾਰਿਆਂ/ਸਕੂਲਾਂ ਵਿਚ ਨਾ ਘੁੰਮੇ।
ਡਿਪਟੀ ਕਮਿਸ਼ਨਰ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਖੁਦ ਵੀ ਪੂਰੀ ਸਾਵਧਾਨੀ ਵਰਤਣ ਅਤੇ ਇਸ ਮਹਾਂਮਾਰੀ ਤੋਂ ਬਚਣ ਲਈ ਹਮੇਸ਼ਾ ਮਾਸਕ ਪਹਿਣ ਕੇ ਰੱਖਣ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਬੁੱਚਿਆਂ ਪ੍ਰਤੀ ਪੂਰੀ ਸਾਵਧਾਨੀ ਵਰਤਣ ਅਤੇ ਬੱਚਿਆਂ ਨੂੰ ਸਹੀ ਮਾਸਕ ਪਹਿਨਾ ਕੇ ਹੀ ਭੇਜਣ ਅਤੇ ਨਾਲ ਵਾਧੂ ਮਾਸਕ ਵੀ ਦੇ ਕੇ ਭੇਜਣ ਤਾਂ ਜੋ ਲੋੜ ਪੈਣ `ਤੇ ਬੱਚੇ ਵਰਤ ਸਕਣ।
ਡਿਪਟੀ ਕਮਿਸ਼ਨਰ ਨੇ ਸਿੱਖਿਆ ਅਦਾਰਿਆਂ ਦੇ ਅਧਿਕਾਰੀਆਂ ਅਤੇ ਪ੍ਰਬੰਧਕਾਂ ਨੂੰ ਸਖਤੀ ਨਾਲ ਕਿਹਾ ਕਿ ਉਹ ਸਕੂਲਾਂ ਵਿਚ ਪੀਣ ਵਾਲੇ ਪਾਣੀ ਆਦਿ ਦਾ ਕਰੋਨਾਂ ਨਿਯਮਾਂ ਤਹਿਤ ਪ੍ਰਬੰਧ ਯਕੀਨੀ ਬਣਾਉਣ। ਇਸ ਤੋਂ ਇਲਾਵਾ ਕੋਰੋਨਾ ਸਬੰਧੀ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਇਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।
ਮੀਟਿੰਗ ਵਿਚ ਮੁੱਖ ਤੌਰ ਤੇ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਦੀਪ ਸਿਖਾ ਸ਼ਰਮਾ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਰੂਪਨਗਰ ਦਿਬੰਕਰ ਗਰਗ, ਐਸ.ਡੀ.ਐਮ. ਰੂਪਨਗਰ ਸ੍ਰੀ ਗੁਰਵਿੰਦਰ ਸਿੰਘ ਜ਼ੋਹਲ, ਐਸ.ਡੀ.ਐਮ. ਚਮਕੌਰ ਗਿਤਿਕਾ ਸਿੰਘ, ਐਸ. ਐਮ. ਓ ਤਰਸੇਮ ਸਿੰਘ ਤੋਂ ਇਲਾਵਾ ਬਾਕੀ ਸੰਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।