ਰੈਡ ਕ੍ਰਾਸ ਦੇ ਕੰਮਕਾਜ ਦੀ ਸਮੀਖਿਆ ਲਈ ਡਿਪਟੀ ਕਮਿਸ਼ਨਰ ਵੱਲੋਂ ਬੈਠਕ
ਫਾਜ਼ਿਲਕਾ, 5 ਅਗਸਤ, 2021
ਜ਼ਿਲਾ ਰੈਡ ਕ੍ਰਾਸ ਸੁਸਾਇਟੀ ਫਾਜ਼ਿਲਕਾ ਦੇ ਬਿਹਤਰ ਪ੍ਰਬੰਧਨ ਸਦਕਾ ਇਸ ਦੀ ਆਮਦਨ ਵਿਚ ਵਾਧਾ ਹੋਇਆ ਹੈ ਜਦ ਕਿ ਖਰਚੇ ਘੱਟੇ ਹਨ। ਵਿੱਤੀ ਸਾਲ 2019-20 ਦੇ ਮੁਕਾਬਲੇ 2020-21 ਵਿਚ ਮਾਲੀਆ ਪ੍ਰਾਪਤੀਆਂ ਵਿਚ 5,93,339 ਰੁਪਏ ਦਾ ਵਾਧਾ ਹੋਇਆ ਹੈ ਜਦ ਕਿ ਇਸ ਸਮੇਂ ਦੌਰਾਨ ਪਿੱਛਲੇ ਸਾਲ ਦੇ ਮੁਕਾਬਲੇ ਰੈਡ ਕ੍ਰਾਸ ਦੇ ਖਰਚਿਆਂ ਵਿਚ 15,59,512 ਰੁਪਏ ਦੀ ਕਮੀ ਹੋਈ ਹੈ। ਇਹ ਪ੍ਰਾਪਤੀ ਰੈਡ ਕ੍ਰਾਸ ਸੰਸਥਾਂ ਦੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਦੀ ਨਿਗਰਾਨੀ ਵਿਚ ਕੀਤੇ ਗਏ ਚੰਗੇ ਪ੍ਰਬੰਧਨ ਨਾਲ ਸੰਭਵ ਹੋ ਪਾਈ ਹੈ।
ਦੂਜੇ ਪਾਸੇ ਜ਼ਿਲਾ ਰੈਡ ਕ੍ਰਾਸ ਸੁਸਾਇਟੀ ਵੱਲੋਂ ਸਮਾਜ ਭਲਾਈ ਦੇ ਕਾਰਜਾਂ ਨੂੰ ਤਰਜੀਹੀ ਅਧਾਰ ਤੇ ਕੀਤਾ ਜਾ ਰਿਹਾ ਹੈ। ਰੈਡ ਕ੍ਰਾਸ ਸੁਸਾਇਟੀ ਦੇ ਕੰਮ ਕਾਜ ਦੀ ਸਮੀਖਿਆ ਸਬੰਧੀ ਬੁਲਾਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਰੈਡ ਕ੍ਰਾਸ ਸੰਸਥਾ ਵੱਲੋਂ ਜ਼ਿਲੇ ਵਿਚ 3 ਐਂਬੂਲੈਂਸ ਚਲਾਈਆਂ ਜਾ ਰਹੀਆਂ ਹਨ। ਉਨਾਂ ਨੇ ਕਿਹਾ ਕਿ ਇਹ ਐਂਬੂਲੈਂਸ ਬਹੁਤ ਹੀ ਸਧਾਰਨ ਕਿਰਾਏ 10 ਰੁਪਏ ਪ੍ਰਤੀ ਕਿਲੋਮੀਟਰ ਦੀ ਦਰ ਤੇ ਮਰੀਜਾਂ ਨੂੰ ਮੁਹਈਆ ਕਰਵਾਈਆਂ ਜਾਂਦੀਆਂ ਹਨ ਅਤੇ ਇਹ ਰੇਟ ਬਜਾਰ ਰੇਟ ਦੇ ਮੁਕਾਬਲੇ ਘੱਟ ਹਨ।
ਬੈਠਕ ਵਿਚ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਰੈਡ ਕ੍ਰਾਸ ਦੀ ਲਾਈਬ੍ਰੇਰੀ ਵਿਚ ਪ੍ਰਤਿਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਨਵੀਂਆਂ ਕਿਤਾਬਾਂ ਖਰੀਦੀਆਂ ਜਾਣਗੀਆਂ ਤਾਂ ਜੋ ਸਾਡੇ ਨੌਜਵਾਨਾਂ ਨੂੰ ਇਸਦਾ ਲਾਭ ਹੋ ਸਕੇ। ਬੈਠਕ ਦੌਰਾਨ ਦੱਸਿਆ ਕਿ ਜ਼ਿਲਾ ਰੈਡ ਕ੍ਰਾਸ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਸਾਡੀ ਰਸੋਈ ਤੋਂ ਹੁਣ ਤੱਕ 4,78,436 ਲੋਕ ਖਾਣਾ ਖਾ ਚੁੱਕੇ ਹਨ। ਜ਼ਿਲੇ ਦੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਬੱਚਿਆਂ ਦੇ ਜਨਮ ਦਿਨ, ਵਿਆਹ ਵਰੇਗੰਢ ਆਦਿ ਮੌਕੇ ਸਾਡੀ ਰਸੋਈ ਵਿਖੇ ਆਉਣ ਅਤੇ ਇੰਨਾਂ ਯਾਦਗਾਰੀ ਦਿਨਾਂ ਤੇ ਸਾਡੀ ਰਸੋਈ ਦੀ ਮਦਦ ਕਰਨ।
ਬੈਠਕ ਵਿਚ ਐਸ.ਡੀ.ਐਮ. ਸ੍ਰੀ ਰਵਿੰਦਰ ਸਿੰਘ ਅਰੋੜਾ, ਸ੍ਰੀ ਅਮਿਤ ਗੁਪਤਾ, ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ, ਸਕੱਤਰ ਰੈਡ ਕ੍ਰਾਸ ਸ੍ਰੀ ਵਿਜੈ ਕੁਮਾਰ, ਸ੍ਰੀ ਵਿਕਰਮ ਅਹੂਜਾ ਆਦਿ ਵੀ ਹਾਜਰ ਸਨ।