ਬਿੱਲ ਲਿਆਓ, ਇਨਾਮ ਪਾਓ ਸਕੀਮ ਤਹਿਤ ਕਰ ਵਿਭਾਗ ਰੂਪਨਗਰ ਵਲੋਂ 3.97 ਲੱਖ ਰੁਪਏ ਦਾ ਵਾਧੂ ਕਰ ਵਸੂਲਿਆ

_Mrs. Narinder Kaur
ਬਿੱਲ ਲਿਆਓ, ਇਨਾਮ ਪਾਓ ਸਕੀਮ ਤਹਿਤ ਕਰ ਵਿਭਾਗ ਰੂਪਨਗਰ ਵਲੋਂ 3.97 ਲੱਖ ਰੁਪਏ ਦਾ ਵਾਧੂ ਕਰ ਵਸੂਲਿਆ

ਰੂਪਨਗਰ, 10 ਜਨਵਰੀ 2024

ਸ਼ਹਾਇਕ ਕਮਿਸ਼ਨਰ ਰਾਜ ਕਰ ਰੂਪਨਗਰ ਸ਼੍ਰੀਮਤੀ ਨਰਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰ ਵਿਭਾਗ ਪੰਜਾਬ ਵਲੋਂ ਲੋਕਾਂ ਨੂੰ ਵਸਤੂਆਂ ਦੀ ਖਰੀਦ ਤੋਂ ਬਾਅਦ ਬਿੱਲ ਲੈਣ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਦੇ ਤਹਿਤ, ਉੱਪ ਕਮਿਸ਼ਨਰ ਰਾਜ ਕਰ, ਰੂਪਨਗਰ ਮੰਡਲ ਸ਼੍ਰੀਮਤੀ ਹਰਸਿਮਰਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਮ ਪਬਲਿਕ ਵੱਲੋਂ ਮੇਰਾ ਬਿੱਲ ਐਪ ਤੇ ਅਪਲੋਡ ਕੀਤੇ ਬਿੱਲਾਂ ਦੀ ਪੜਤਾਲ ਦੇ ਦੌਰਾਨ ਤਹਿਤ 3.97 ਲੱਖ ਰੁਪਏ ਦਾ ਕਰ ਮਾਲੀਆ ਟੈਕਸ/ਜੁਰਮਾਨੇ ਦੇ ਰੂਪ ਵਿੱਚ ਵਸੂਲਿਆ ਗਿਆ।

ਸ਼੍ਰੀਮਤੀ ਨਰਿੰਦਰ ਕੌਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਪਭੋਗਤਾਵਾਂ ਨੂੰ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਬਾਰੇ ਲਗਾਤਾਰ ਪ੍ਰਚਾਰ ਕਰਕੇ ਦੱਸਿਆ ਜਾ ਰਿਹਾ ਹੈ ਕਿ ਉਹ ਵਸਤੂਆਂ ਦੀ ਖਰੀਦ ਉਤੇ ਦੁਕਾਨਦਾਰ ਪਾਸੋਂ ਬਿੱਲ ਲੈਣ ਅਤੇ ਉਸ ਨੂੰ ‘ਮੇਰਾ ਬਿੱਲ’ ਐਪ ‘ਤੇ ਅਪਲੋਡ ਕਰਨ ਅਤੇ ਇਨ੍ਹਾਂ ਅਪਲੋਡ ਕੀਤੇ ਬਿੱਲਾਂ ਵਿੱਚੋਂ ਹੀ ਹਰੇਕ ਮਹੀਨੇ ਕਰ ਵਿਭਾਗ ਵੱਲੋਂ ਜੇਤੂ ਘੋਸ਼ਿਤ ਕੀਤੇ ਜਾਣਗੇ।

ਉਨ੍ਹਾਂ ਨੇ ਦੱਸਿਆ ਕਿ ਉਪਭੋਗਤਾਵਾਂ ਨੂੰ ਅਪਲੋਡ ਕੀਤੇ ਬਿੱਲ ਦੀ ਰਕਮ ਦਾ ਪੰਜ ਗੁਣਾ ਜਾਂ ਵੱਧ ਤੋ ਵੱਧ ਦਸ ਹਜਾਰ ਰੁਪਏ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਉਪਭੋਗਤਾ ਇਸ ਸਕੀਮ ਦਾ ਫਾਇਦਾ ਉਠਾਉਣ ਅਤੇ ਕਰ ਵਿਭਾਗ ਦਾ ਸਹਿਯੋਗ ਕਰਨ ਤਾਂ ਜੋ ਸਰਕਾਰ ਦੇ ਟੈਕਸ ਮਾਲੀਏ ਵਿੱਚ ਵਾਧਾ ਕੀਤਾ ਜਾ ਸਕੇ।

Spread the love