*ਜ਼ਿਲਾ ਰੋਜ਼ਗਾਰ ਅਫ਼ਸਰ ਵੱਲੋਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
ਨਵਾਂਸ਼ਹਿਰ, 23 ਅਕਤੂਬਰ :
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਮੁਹੱਈਆ ਕਰਵਾਉਣ ਦੇ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ। ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਰੁਪਿੰਦਰ ਕੌਰ ਨੇ ਅੱਜ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਦੌਰਾਨ ਇਹ ਅਪੀਲ ਕਰਦਿਆਂ ਕਿਹਾ ਕਿ ਬੇਰੋਜ਼ਗਾਰ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਮੁਹੱਈਆ ਕਰਵਾ ਕੇ ਆਪਣੇ ਪੈਰਾਂ ’ਤੇ ਖੜੇ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨਾਂ ਸਬੰਧਤ ਵਿਭਾਗਾਂ ਨੂੰ ਸਵੈ-ਰੋਜ਼ਗਾਰ ਕਰਜ਼ਿਆਂ ਦੇ ਟੀਚੇ ਪੂਰੇ ਕਰਨ ਦੀ ਹਦਾਇਤ ਕੀਤੀ, ਤਾਂ ਜੋ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਲੋਨ ਮੁਹੱਈਆ ਕਰਵਾ ਕੇ ਸਵੈ-ਰੋਜ਼ਗਾਰ ਦਿਵਾਇਆ ਜਾ ਸਕੇ। ਉਨਾਂ ਇਹ ਵੀ ਕਿਹਾ ਕਿ ਸਵੈ-ਰੋਜ਼ਗਾਰ ਨਾਲ ਸਬੰਧਤ ਬਕਾਇਆ ਕੇਸਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਜ਼ਿਲੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਲਈ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ ਅਤੇ ਹਰੇਕ ਨੌਜਵਾਨ ਨੂੰ ਉਸ ਦੀ ਯੋਗਤਾ ਅਨੁਸਾਰ ਰੋਜ਼ਗਾਰ ਜਾਂ ਸਵੈ-ਰੋਜ਼ਗਾਰ ਦਿਵਾਉਣ ਵਿਚ ਜੁੱਟਿਆ ਹੋਇਆ ਹੈ।