ਭਦੌੜ ਵਾਸੀਆਂ ਨੂੰ ਛੇਤੀ ਮਿਲੇਗਾ ਪਾਰਕ ਦਾ ਤੋਹਫਾ

plantation in bhdaur

*ਨਗਰ ਕੌਂਸਲ ਵੱਲੋਂ ਵਾਰਡ ਨੰਬਰ 5 ਵਿਚ ਬਣਾਇਆ ਜਾ ਰਿਹੈ ਪਾਰਕ
*ਸ਼ਹਿਰ ਵਿੱਚ ਕੂੜੇ ਦੇ ਢੇਰ ਚੁੱਕਵਾ ਕੇ ਲਾਏ ਜਾ ਰਹੇ ਹਨ ਪੌਦੇ
*ਕੌਂਸਲ ਅਧਿਕਾਰੀਆਂ ਵੱਲੋਂ ਸ਼ਹਿਰ ਵਾਸੀਆਂ ਨੂੰ ਸਫਾਈ ਉਪਰਾਲਿਆਂ ’ਚ ਸਹਿਯੋਗ ਦੇਣ ਦੀ ਅਪੀਲ
ਭਦੌੜ/ਬਰਨਾਲਾ, 5 ਅਕਤੂਬਰ
ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ ਜਿੱਥੇ ਜ਼ਿਲ੍ਹੇ ਭਰ ਵਿੱਚ ਸਵੱਛਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਉਥੇ ਨਗਰ ਕੌਂਸਲਾਂ ਵੱਲੋਂ ਆਪਣੇ ਆਪਣੇ ਪੱਧਰ ’ਤੇ ਵੱਖੋ-ਵੱਖ ਗਤੀਵਿਧੀਆਂ ਵਿੱਢੀਆਂ ਗਈਆਂ ਹਨ।
ਇਸੇ ਲੜੀ ਤਹਿਤ ਨਗਰ ਕੌਂਸਲ ਭਦੌੜ ਵੱਲੋਂ ਭਦੌੜ ਸ਼ਹਿਰ ਦੀ ਨੁਹਾਰ ਬਦਲਣ ਲਈ ਵਿਆਪਕ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਮਿਆਰੀ ਸਹੂਲਤਾਂ ਮੁਹੱਈਆ ਕਰਾਈਆਂ ਜਾ ਸਕਣ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੈਸਡੀਐਮ ਵਰਜੀਤ ਵਾਲੀਆ ਨੇ ਦੱਸਿਆ ਕਿ ਭਦੌੜ ਵਿੱਚ ਪੌਦੇ ਲਾਉਣ ਦੀ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਪੌਦੇ ਤਹਿਸੀਲ ਅਤੇ ਦੇਵੀ ਮਾਤਾ ਮੰਦਿਰ ਨੇੜੇ ਲਗਾਏ ਜਾ ਚੁੱਕੇ ਹਨ, ਜਿੱਥੇ ਇਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਟ੍ਰੀ-ਗਾਰਡ ਵੀ ਲਾਏ ਗਏ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਵਾਰਡ ਨੰਬਰ 5 ਵਿਚ ਕਰੀਬ ਇਕ ਏਕੜ ਰਕਬੇ ਵਿਚ ਪਾਰਕ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕਾਰਜਸਾਧਕ ਅਫਸਰ ਭਦੌੜ ਗੁਰਚਰਨ ਸਿੰਘ ਨੇ ਦੱੱਸਿਆ ਕਿ ਸ਼ਹਿਰ ਦੇ ਵਾਰਡ ਨੰਬਰ 5 ਵਿੱਚ ਕਰੀਬ ਇਕ ਏਕੜ ਜਗ੍ਹਾ ਵਿਚ ਪਾਰਕ ਤਿਆਰ ਕੀਤਾ ਜਾ ਰਿਹਾ ਹੈ, ਜੋ ਆਉਂਦੇ ਕੁਝ ਮਹੀਨਿਆਂ ’ਚ ਤਿਆਰ ਹੋ ਜਾਵੇਗਾ। ਇਹ ਪਾਰਕ ਸ਼ਹਿਰ ਵਾਸੀਆਂ ਲਈ ਵਰਦਾਨ ਸਾਬਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਲਈ ਤਹਿਸੀਲ ਨੇੜੇ ਅਤੇ ਮਾਤਾ ਦੇਵੀ ਮੰਦਿਰ ਨੇੜੇ ਕੂੜੇ ਦੇ ਢੇਰ ਚੁਕਵਾ ਕੇ ਪੌਦੇ ਲਾਏ ਗਏ ਹਨ। ਉਨ੍ਹਾਂ ਦੱੱਸਿਆ ਕਿ ਇਨ੍ਹਾਂ ਥਾਵਾਂ ’ਤੇ ਸਵੱਛਤਾ ਸਬੰਧੀ ਜਾਗਰੂਕਤਾ ਬੋਰਡ ਲਗਾਏ ਗਏ ਹਨ ਤਾਂ ਜੋ ਕੋਈ ਵਿਅਕਤੀ ਇਸ ਜਗ੍ਹਾ ’ਤੇ ਦੁਬਾਰਾ ਕੂੜਾ ਨਾ ਸੁੱਟੇ।  ਉਨ੍ਹਾਂ ਕਿਹਾ ਕਿ ਭਲਕੇ ਸਟੇਡੀਅਮ ਰੋਡ ’ਤੇ ਪੌਦੇ ਲਗਾਏ ਜਾਣਗੇ।
ਕਾਰਜਸਾਧਕ ਅਫਸਰ ਨੇ ਦੱਸਿਆ ਕਿ ਨਗਰ ਕੌਂਸਲ ਦੇ ਸਫਾਈ ਸੇਵਕਾਂ ਵੱਲੋਂ ਗਿੱਲਾ ਅਤੇ ਸੁੱਕਾ ਕੂੜਾ ਵੱਖੋ-ਵੱਖ ਇਕੱਠਾ ਕੀਤਾ ਜਾਂਦਾ ਹੈ ਅਤੇ ਸ਼ਹਿਰ ਵਾਸੀ ਵੀ ਆਪਣੇ ਘਰਾਂ ਵਿਚ ਗਿੱਲਾ ਅਤੇ ਸੁੱਕਾ ਕੂੜਾ ਵੱਖੋ-ਵੱਖ ਰੱਖਣ ਤਾਂ ਜੋ ਇਸ ਕੂੂੜੇ ਦਾ ਵੱਖੋ-ਵੱਖ ਨਿਬੇੜਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਗਿੱਲੇ ਕੂੜੇ ਤੋਂ ਖਾਦ ਬਣਾਉਣ ਲਈ 25 ਪਿੱਟਸ ਬਣਾਈਆਂ ਗਈਆਂ ਹਨ, ਜੋ ਵਾਰਡ ਨੰਬਰ 5 ’ਚ, ਤਲਵੰਡੀ ਰੋਡ ਤੇ ਮਾਰਕੀਟ ਕਮੇਟੀ ’ਚ ਸੇਵਾ ਕੇਂਦਰ ਨੇੜੇ ਬਣੀਆਂ ਹਨ। ਇਨ੍ਹਾਂ ਪਿੱਟਸ ’ਚ ਗਿੱਲੇ ਕੂੜਾ ਪਾਇਆ ਜਾਂਦਾ ਹੈ, ਜਿਸ ਤੋਂ ਖਾਦ ਤਿਆਰ ਕੀਤੀ ਜਾਂਦੀ ਹੈ।
ਉਨ੍ਹਾਂ ਭਦੌੜ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਗਰ ਕੌਂਸਲ ਵੱਲੋਂ ਕੀਤੇ ਜਾ ਰਹੇ ਸਵੱਛਤਾ ਉਪਰਾਲਿਆਂ ਵਿਚ ਆਪਣਾ ਯੋਗਦਾਨ ਪਾਉਣ। ਆਪਣੇ ਆਲੇ-ਦੁਆਲੇ ਨੂੰ ਸਾਫ ਸੁੱਥਰਾ ਰੱਖਣ ਅਤੇ ਨਗਰ ਕੌਂਸਲ ਦੀ ‘ਮੇਰਾ ਕੂੜਾ, ਮੇਰੀ ਜਿੰਮੇਵਾਰੀ’ ਮੁਹਿੰਮ ਨੂੰ ਸਫਲ ਬਣਾਉਣ।

Spread the love