ਬੀ.ਐਲ.ਓਜ ਦੁਆਰਾ ਮੌਜੂਦਾ ਫੋਟੋ ਵੋਟਰ ਸੂਚੀ ਵਿੱਚ ਦਰਜ ਵੋਟਰਾਂ ਦੇ ਵੇਰਵਿਆਂ ਦੀ ਵੈਰੀਫਿਕੇਸ਼ਨ ਕਰਨ ਲਈ ਕੀਤਾ ਜਾਵੇਗਾ ਡੋਰ ਟੂ ਡੋਰ ਸਰਵੇ
ਰੂਪਨਗਰ, 23 ਅਗਸਤ 2024
ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 01.01.2025 ਦੇ ਆਧਾਰ ਤੇ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਦਾ ਸਡਿਊਲ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਪ੍ਰੀ-ਰਵੀਜਨ ਗਤੀਵਿਧੀਆਂ ਤਹਿਤ ਜ਼ਿਲ੍ਹਾ ਰੂਪਨਗਰ ਵਿੱਚ ਪੈਂਦੇ ਵਿਧਾਨ ਸਭਾ ਚੋਣ ਹਲਕਾ (49) ਸ੍ਰੀ ਅਨੰਦਪੁਰ ਸਾਹਿਬ, (50) ਰੂਪਨਗਰ ਅਤੇ (51) ਸ੍ਰੀ ਚਮਕੌਰ ਸਾਹਿਬ (ਅ.ਜ) ਵਿੱਚ 20 ਅਗਸਤ 2024 ਤੋਂ 18 ਅਕਤੂਬਰ 2024 ਤੱਕ ਬੀ.ਐਲ.ਓਜ ਦੁਆਰਾ ਮੌਜੂਦਾ ਫੋਟੋ ਵੋਟਰ ਸੂਚੀ ਵਿੱਚ ਦਰਜ ਵੋਟਰਾਂ ਦੇ ਵੇਰਵਿਆਂ ਦੀ ਵੈਰੀਫਿਕੇਸ਼ਨ ਕਰਨ ਲਈ ਡੋਰ ਟੂ ਡੋਰ ਸਰਵੇ ਕੀਤਾ ਜਾਵੇਗਾ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਡੋਰ ਟੂ ਡੋਰ ਸਰਵੇ ਦੌਰਾਨ ਬੀ.ਐਲ.ਓਜ ਵੱਲੋਂ ਬੀ.ਐਲ.ਓ. ਐਪ ਦੇ ਮਾਧਿਅਮ ਰਾਹੀਂ ਵੋਟਰਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ। ਇਸ ਸਰਵੇ ਦੌਰਾਨ 01 ਜਨਵਰੀ 2025 ਨੂੰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਯੋਗ ਬਿਨੈਕਾਰਾਂ ਦੀ ਵੋਟਰ ਰਜਿਸਟਰੇਸ਼ਨ ਸਬੰਧੀ ਫਾਰਮ ਵੀ ਇਕੱਠੇ ਕੀਤੇ ਜਾਣਗੇ।
ਜ਼ਿਲ੍ਹਾ ਚੋਣ ਅਫਸਰ ਨੇ ਅੱਗੇ ਦੱਸਿਆ ਕਿ ਇਸ ਦੇ ਨਾਲ ਹੀ ਵੋਟਰ ਕਾਰਡਾਂ ਵਿੱਚ ਫੋਟੋ ਅਤੇ ਡਬਲ ਵੋਟ ਆਦਿ ਵਿੱਚ ਸੁਧਾਈ ਕਰਨ ਲਈ ਘਰ-ਘਰ ਸੁਵਿਧਾ ਦਿੱਤੀ ਜਾਵੇਗੀ। ਇਸ ਮੁਹਿੰਮ ਦੌਰਾਨ ਮ੍ਰਿਤਕ ਵੋਟ ਕਟਵਾਉਣ ਅਤੇ ਵੋਟਰ ਕਾਰਡ ਉੱਤੇ ਘਰ ਦਾ ਪਤਾ ਬਦਲਾਉਣ ਵਾਲੀ ਸੁਵਿਧਾ ਵੀ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਯੋਗਤਾ ਮਿਤੀ 01 ਅਕਤੂਬਰ 2024, 01 ਅਪ੍ਰੈਲ 2024, 01 ਜੁਲਾਈ 2024 ਅਤੇ 01 ਅਕਤੂਬਰ 2024 ਦੇ ਆਧਾਰ ਤੇ 17 ਤੋਂ 18 ਸਾਲ ਦੀ ਉਮਰ ਦੇ ਯੋਗ ਬਿਨੈਕਾਰਾਂ ਦੀ ਵੋਟਰ ਰਜਿਸਟਰੇਸ਼ਨ ਲਈ ਉਨ੍ਹਾਂ ਦੇ ਵੇਰਵੇ ਐਡਵਾਂਸ ਵਿੱਚ ਹੀ ਇਕੱਠੇ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਉਲੀਕੇ ਗਏ ਸਰਸਰੀ ਸੁਧਾਈ ਦੇ ਪ੍ਰੋਗਰਾਮ ਅਨੁਸਾਰ ਵੋਟਰ ਸੂਚੀ ਦੇ ਡਰਾਫਟ ਰੋਲ ਪਬਲੀਕੇਸ਼ਨਜ ਦੀ ਮਿਤੀ 29 ਅਕਤੂਬਰ 2024 ਦਿਨ ਮੰਗਲਵਾਰ ਅਤੇ ਫਾਈਨਲ ਪਬਲੀਕੇਸ਼ਨਜ ਦੀ ਮਿਤੀ 06 ਜਨਵਰੀ 2025 ਰੱਖੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਰਸਰੀ ਸੁਧਾਈ ਦੇ ਕੰਮ ਨੂੰ ਦੇਖਦੇ ਹੋਏ ਕਈ ਸ਼ਨੀਵਾਰ ਅਤੇ ਐਤਵਾਰ ਵਿਸ਼ੇਸ਼ ਕੈਂਪ ਵੀ ਲਗਾਏ ਜਾਣੇ ਹਨ।