ਭਾਸ਼ਾ ਵਿਭਾਗ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਈ ਗੋਸ਼ਟੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਹਰ ਪੰਜਾਬੀ ਆਪਣਾ ਯੋਗਦਾਨ ਪਾਵੇ : ਮੇਅਰ

ਮਾਫ਼ ਕਰਨਾ, ਇਹ ਖਬਰ ਤੁਹਾਡੀ ਬੇਨਤੀ ਭਾਸ਼ਾ ਵਿੱਚ ਉਪਲਬਧ ਨਹੀਂ ਹੈ। ਕਿਰਪਾ ਕਰਕੇ ਇੱਥੇ ਦੇਖੋ।

ਪਟਿਆਲਾ, 12 ਨਵੰਬਰ:
ਪੰਜਾਬ ਸਰਕਾਰ ਵਲੋਂ ਮਨਾਏ ਜਾ ਰਹੇ ਪੰਜਾਬੀ ਸਪਤਾਹ ਦੀ ਲੜੀ ਵਿੱਚ ਭਾਸ਼ਾ ਵਿਭਾਗ ਪੰਜਾਬ ਵਲੋਂ ਭਾਸ਼ਾ ਭਵਨ, ਪਟਿਆਲਾ ਵਿਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੋਸ਼ਟੀ ਕਰਵਾਈ ਗਈ। ਇਸ ਗੋਸ਼ਟੀ ਵਿੱਚ ਪਟਿਆਲਾ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਭਾਸ਼ਾ ਵਿਭਾਗ ਵਿਖੇ ਮੁੱਖ ਮਹਿਮਾਨ ਵਜੋਂ ਪੁੱਜੇ।
ਗੋਸ਼ਟੀ ਦੌਰਾਨ ਬੋਲਦਿਆ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਹਰ ਪੰਜਾਬੀ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕਰਦਿਆ ਕਿਹਾ ਕਿ ਵਿਭਾਗ ਵੱਲੋਂ ਪੰਜਾਬੀ ਦੀ ਪ੍ਰਫੁਲਤਾ ਲਈ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ ਅਤੇ ਇਨ੍ਹਾਂ ਵੱਲੋਂ ਮਨਾਇਆ ਜਾ ਰਿਹਾ ਪੰਜਾਬੀ ਸਪਤਾਹ ਸਾਹਿਤਕਾਰਾਂ ਨੂੰ ਆਪਣੀ ਗੱਲ ਅਤੇ ਪੰਜਾਬੀ ਪ੍ਰਤੀ ਆਪਣੇ ਵਲਵਲੇ ਲੋਕਾਂ ਦੇ ਸਨਮੁੱਖ ਰੱਖਣ ਲਈ ਮੰਚ ਪ੍ਰਦਾਨ ਕਰਦਾ ਹੈ। ਉਹਨਾਂ ਭਾਸ਼ਾ ਵਿਭਾਗ ਵਲੋਂ ਕੀਤੇ ਜਾ ਰਹੇ ਸਮਾਗਮਾਂ ਦੀ ਲੜੀ ‘ਤੇ ਬੋਲਦਿਆਂ ਆਖਿਆ ਕਿ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਏ ਪੂਰਨਿਆਂ ਤੇ ਚਲਣਾ ਚਾਹੀਦਾ ਹੈ।
ਸਮਾਗਮ ਦੇ ਮੁੱਢ ਵਿੱਚ ਡਾਇਰੈਕਟਰ, ਭਾਸ਼ਾ ਵਿਭਾਗ ਸ੍ਰੀਮਤੀ ਕਰਮਜੀਤ ਕੌਰ ਵਲੋਂ ਆਏ ਹੋਏ ਮਹਿਮਾਨਾਂ ਸਾਹਿਤਕਾਰਾਂ, ਪਤਵੰਤਿਆਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਵਿਭਾਗ ਵਲੋਂ ਕੀਤੇ ਜਾ ਰਹੇ ਕੰਮਾਂ ਤੋਂ ਜਾਣੂ ਕਰਵਾਇਆ ਗਿਆ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਡਾ. ਪਰਮਵੀਰ ਸਿੰਘ, ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਭਰਪੂਰ ਚਾਨਣਾ ਪਾਇਆ ਗਿਆ ਅਤੇ ਡਾ. ਹਰਦੇਵ ਸਿੰਘ, ਪ੍ਰੋਫੈਸਰ, ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਲੋਂ ਗੁਰੂ ਸਾਹਿਬ ਦੀ ਗੁਰਬਾਣੀ ਦੇ ਫ਼ਲਸਫ਼ੇ ਬਾਰੇ ਚਾਨਣਾ ਪਾਉਂਦਿਆਂ ਆਖਿਆ ਕਿ ਮਨੁੱਖ ਨੂੰ ਅੱਜ ਦੇ ਯੁੱਗ ਵਿੱਚ ਆਪਾ ਪਛਾਨਣ ਦੀ ਲੋੜ ਹੈ।
ਇਸ ਮੌਕੇ ਡਾ. ਸੁਰਜੀਤ ਭੱਟੀ, ਸ਼੍ਰੌਮਣੀ  ਆਲੋਚਕ ਵਲੋਂ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਭਰਪੂਰ ਵਿਆਖਿਆ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਜੀ ਨੇ ਸਾਰੀ ਉਮਰ ਗਰੀਬ ਤੇ ਲਿਤਾੜੇ ਲੋਕਾਂ ਲਈ ਆਪਣੀ ਜ਼ਿੰਦਗੀ ਲੇਖੇ ਲਾਈ। ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸ੍ਰੀ ਬੀ.ਐਸ. ਰਤਨ ਸਾਬਕਾ, ਇਨਕਮ ਟੈਕਸ ਕਮਿਸ਼ਨਰ ਵਲੋਂ ਵਿਭਾਗ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ ਅਤੇ ਆਖਿਆ ਕਿ ਇਹ ਸਮਾਗਮ ਗੁਰੂ ਤੇਗ ਬਹਾਦਰ ਜੀ ਨੂੰ ਵੱਡੀ ਸ਼ਰਧਾਂਜਲੀ ਹੈ। ਸਮਾਗਮ ਦੇ ਅੰਤ ਵਿੱਚ ਪ੍ਰਧਾਨਗੀ ਭਾਸ਼ਣ ਦਿੰਦਿਆ ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਰਤਨ ਨੇ ਆਖਿਆ ਕਿ ਇਸ ਮੌਕੇ ਸਾਨੂੰ ਪ੍ਰਤਿਗਿਆ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ ਅਤਿ ਦਾ ਸਾਹਮਣਾ ਕਰਦਿਆਂ ਆਪਣੀ ਸਾਰੀ ਜ਼ਿੰਦਗੀ ਬਤੀਤ ਕੀਤੀ, ਉਸੇ ਤਰ੍ਹਾਂ ਹੀ ਸਾਨੂੰ ਵੀ ਜ਼ੁਲਮ ਅਤੇ ਨਾਇਨਸਾਫ਼ੀ ਦੇ ਖ਼ਿਲਾਫ਼ ਸਦਾ ਲੜਦੇ ਰਹਿਣਾ ਚਾਹੀਦਾ ਹੈ।
ਸਮਾਗਮ ਦੌਰਾਨ ਸ੍ਰੀਮਤੀ ਆਸ਼ਾ ਸ਼ਰਮਾ ਦੀ ਪੁਸਤਕ, ‘ਖੁਦ ਸੇ ਗੁਫ਼ਤਗੂ’, ਡਾ. ਮਨਮੋਹਨ ਸਿੰਘ ਦਾਊਂ ਦੀ ਪੁਸਤਕ ‘ਨੂਰੀ ਸੀਸ’ ਨੂੰ ਕਾਵਿ-ਸਿਜਦਾ ਅਤੇ ਬਾਬੂ ਰਾਮ ਦੀਵਾਨਾ ਦੀ ਪੁਸਤਕ ‘ਆਪੇ ਤਰਸੁ ਪਇਓਈ’ ਪੁਸਤਕਾਂ ਨੂੰ ਰਿਲੀਜ਼ ਕੀਤਾ ਗਿਆ। ਅਖੀਰ ਵਿੱਚ ਵਿਭਾਗ ਦੇ ਡਿਪਟੀ ਡਾਇਰੈਕਟਰ, ਡਾ. ਵੀਰਪਾਲ ਕੌਰ ਵਲੋਂ ਆਏ ਹੋਏ ਮਹਿਮਾਨਾਂ, ਸਾਹਿਤਕਾਰਾਂ ਅਤੇ ਮੀਡੀਆ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਜਨਾਬ ਅਸ਼ਰਫ਼ ਮਹਿਮੂਦ ਨੰਦਨ ਵਲੋਂ ਬਾਖ਼ੂਬੀ ਨਿਭਾਈ ਗਈ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰੀਮਤੀ ਇੰਦਰਜੀਤ ਕੌਰ, ਮੈਂਬਰ ਪੰਜਾਬ ਵੁਮੈਨ ਕਮਿਸ਼ਨ, ਸ੍ਰੀ ਹਰਵਿੰਦਰ ਸਿੰਘ ਨਿੱਪੀ, ਕਂੌਂਸਲਰ, ਪਟਿਆਲਾ, ਡਾ. ਮਨਮੋਹਨ ਸਿੰਘ ਦਾਊਂ, ਸ਼੍ਰੋਮਣੀ  ਬਾਲ ਸਾਹਿਤ ਲੇਖਕ, ਮਹੇਸ਼ ਗੌਤਮ, ਸ਼੍ਰੋਮਣੀ ਸੰਸਕ੍ਰਿਤ ਲੇਖਕ, ਸ੍ਰੀ ਪਵਨ ਹਰਚੰਦਪੁਰੀ, ਬਾਬੂ ਰਾਮ ਦਿਵਾਨਾ, ਬਲਕਾਰ ਸਿੱਧੂ, ਚੰਡੀਗੜ੍ਹ, ਅੰਮ੍ਰਿਤਪਾਲ ਸ਼ੈਦਾ, ਡਾ. ਲਕਸ਼ਮੀ ਨਰਾਇਣ ਭੀਖੀ, ਡਾ. ਰਘਬੀਰ ਸਿੰਘ, ਬੀਰ ਮਾਛੀਵਾੜਾ, ਅਨੂਪ ਸਿੰਘ ਖਾਨਪੁਰੀ, ਰਾਮ ਸਿੰਘ ਅਲਬੇਲਾ, ਸਨੇਹ ਇੰਦਰ ਨੀਲੂ ਆਦਿ ਨੇ ਸ਼ਮੂਲੀਅਤ ਕੀਤੀ।

Spread the love